ਪਿੰਡ ਰਾਏਪੁਰ ਅਰਾਈਆਂ ’ਚ ਸ਼ਹੀਦੀ ਸਮਾਰਕ ਬਣਾਇਆ
ਪਿੰਡ ਰਾਏਪੁਰ ਅਰਾਈਆਂ ’ਚ ਸ਼ਹੀਦ ਲਾਂਸ ਨਾਇਕ ਸਵਰਨ ਸਿੰਘ ਦੀ ਯਾਦ ਵਿੱਚ ਸ਼ਹੀਦੀ ਸਮਾਰਕ ਸਥਾਪਿਤ
Publish Date: Thu, 05 Feb 2026 07:24 PM (IST)
Updated Date: Thu, 05 Feb 2026 07:26 PM (IST)
ਕਾਰਗਿਲ ’ਚ ਸ਼ਹੀਦ ਹੋਏ ਲਾਂਸ ਨਾਇਕ ਸਵਰਨ ਸਿੰਘ ਦੀ ਯਾਦ ’ਚ ਬਣਾਈ ਸਮਾਰਕ
ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ
ਨਡਾਲਾ : ਪਿੰਡ ਰਾਏਪੁਰ ਅਰਾਈਆਂ ਦੇ ਸ਼ਹੀਦ ਲਾਂਸ ਨਾਇਕ ਸਵਰਨ ਸਿੰਘ ਦੀ ਦੇਸ਼ ਲਈ ਦਿੱਤੀ ਅਮੋਲ ਕੁਰਬਾਨੀ ਨੂੰ ਸਦਾ ਲਈ ਅਮਰ ਬਣਾਉਣ ਦੇ ਉਦੇਸ਼ ਨਾਲ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਵਿਚ ਸ਼ਹੀਦੀ ਸਮਾਰਕ ਸਥਾਪਿਤ ਕੀਤਾ ਗਿਆ। ਇਸ ਮੌਕੇ ਪਿੰਡ ਤੇ ਇਲਾਕੇ ਵਿਚ ਦੇਸ਼ ਭਗਤੀ ਦਾ ਮਾਹੌਲ ਛਾਇਆ ਰਿਹਾ। ਸ਼ਹੀਦੀ ਸਮਾਰਕ ਉੱਤੇ 21 ਸਿੱਖ ਯੂਨਿਟ ਵੱਲੋਂ ਕਰਨਾਲ ਤੋਂ ਪਹੁੰਚੀ ਫੌਜ ਦੀ ਟੁਕੜੀ ਨੇ ਸੀਓ ਕਰਨਲ ਨੀਰਜ ਬੈਨੀਵਾਲ ਤੇ ਸੂਬੇਦਾਰ ਮੇਜਰ ਦਰਸ਼ਨ ਸਿੰਘ (ਉਨਰੀ ਲੈਫਟੀਨੈਂਟ) ਦੀ ਅਗਵਾਈ ਹੇਠ ਸ਼ਰਧਾਂਜਲੀ ਭੇਟ ਕਰਦਿਆਂ ਸਲਾਮੀ ਦਿੱਤੀ। ਇਸ ਦੌਰਾਨ ਇਲਾਕੇ ਦੀਆਂ ਪ੍ਰਮੁੱਖ ਹਸਤੀਆਂ, ਸਾਬਕਾ ਫੌਜੀ, ਨੌਜਵਾਨ ਤੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਹਾਜ਼ਰੀ ਭਰੀ। ਹਾਜ਼ਰ ਲੋਕਾਂ ਵੱਲੋਂ ਸ਼ਹੀਦੀ ਸਮਾਰਕ ਅੱਗੇ ਫੁੱਲ ਮਾਲਾਵਾਂ ਅਰਪਿਤ ਕਰਕੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਹੀਦ ਨੂੰ ਨਮਨ ਕੀਤਾ ਗਿਆ। ਇਸ ਮੌਕੇ ਸਰਪੰਚ ਵਰਿੰਦਰ ਕੁਮਾਰ ਪਰਾਸ਼ਰ ਨੇ ਕਿਹਾ ਕਿ ਸ਼ਹੀਦ ਲਾਂਸ ਨਾਇਕ ਸਵਰਨ ਸਿੰਘ, ਪੁੱਤਰ ਪ੍ਰੀਤਮ ਸਿੰਘ, ਨੇ 8 ਦਸੰਬਰ 1994 ਨੂੰ ਕਾਰਗਿਲ ਵਿਚ ਡਿਊਟੀ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ ਆਪਣੀ ਜਾਨ ਨਿਛਾਵਰ ਕਰ ਦਿੱਤੀ ਸੀ। ਉਨ੍ਹਾਂ ਦੀ ਕੁਰਬਾਨੀ ਨੇ ਪਿੰਡ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਹ ਸ਼ਹੀਦੀ ਸਮਾਰਕ ਆਉਣ ਵਾਲੀਆਂ ਪੀੜ੍ਹੀਆਂ ਲਈ ਦੇਸ਼ ਭਗਤੀ, ਬਹਾਦਰੀ ਤੇ ਕੁਰਬਾਨੀ ਦੀ ਪ੍ਰੇਰਣਾ ਬਣਿਆ ਰਹੇਗਾ। ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੇ ਸਮਾਰਕ ਦੀ ਸਥਾਪਨਾ ਲਈ ਸਹਿਯੋਗ ਦੇਣ ਵਾਲੀ ਪੰਚਾਇਤ ਤੇ ਫੌਜ ਦੀ ਟੁਕੜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਸਾਡਾ ਨੈਤਿਕ ਫਰਜ਼ ਹੈ। ਇਸ ਮੌਕੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਵਿਚੋਂ ਭਰਾ ਨਿਰਮਲ ਸਿੰਘ, ਬਲਦੇਵ ਸਿੰਘ, ਭੈਣ ਬਲਵਿੰਦਰ ਕੌਰ, ਬਲਵਿੰਦਰ ਸਿੰਘ, ਮਨਜੀਤ ਸਿੰਘ ਹਾਜ਼ਰ ਰਹੇ। ਇਸ ਤੋਂ ਇਲਾਵਾ ਫੌਜ ਦੀ ਟੁਕੜੀ ਵਿਚੋਂ ਸੂਬੇਦਾਰ ਸੁਲੱਖਣ ਸਿੰਘ, ਹੌਲਦਾਰ ਅਵਤਾਰ ਸਿੰਘ, ਸਾਬਕਾ ਸੂਬੇਦਾਰ ਸਵਰਨ ਸਿੰਘ, ਸਹਿਤ ਸਰਪੰਚ ਵਰਿੰਦਰ ਕੁਮਾਰ ਪਰਾਸ਼ਰ, ਹਰਜਿੰਦਰ ਸਿੰਘ, ਮੈਂਬਰ ਪੰਚਾਇਤ ਰਾਜ ਹੰਸ, ਹਰਵਿੰਦਰ ਰੋਮੀ ਬਾਜਵਾ, ਸਾਬੀ ਯੂਐੱਸਏ, ਨੰਬਰਦਾਰ ਕੁਲਜੀਤ ਸਿੰਘ, ਗਰੀਬ ਸਿੰਘ, ਅਮਰੀਕ ਸਿੰਘ, ਕੈਪਟਨ ਕਸ਼ਮੀਰ ਸਿੰਘ, ਕੈਪਟਨ ਨਿਸ਼ਾਨ ਸਿੰਘ, ਲਖਵਿੰਦਰ ਸਿੰਘ, ਸੂਬੇਦਾਰ ਪ੍ਰੀਤਮ ਸਿੰਘ, ਹੌਲਦਾਰ ਦਰਸ਼ਨ ਸਿੰਘ, ਹੌਲਦਾਰ ਜੋਗਾ ਸਿੰਘ, ਮੈਂਬਰ ਪੰਚਾਇਤ ਦਰਸ਼ਨ ਸਿੰਘ, ਮੁੱਖ ਅਧਿਆਪਕ ਗਿਆਨ ਸਿੰਘ, ਮਾਸਟਰ ਅਮਨਦੀਪ ਸਿੰਘ, ਰਜਿੰਦਰ ਕੌਰ, ਰਾਜਵਿੰਦਰ ਕੌਰ ਸਮੇਤ ਹੋਰ ਕਈ ਪਿੰਡ ਵਾਸੀ ਹਾਜ਼ਰ ਸਨ।