ਮਹਿਣਾ ਪਿੰਡ ਦੀ ਪੰਚਾਇਤ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਤਿੰਨ ਲੱਖ ਦਾਨ
ਮਹਿਣਾ ਪਿੰਡ ਦੀ ਪੰਚਾਇਤ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਤਿੰਨ ਲੱਖ ਰੁਪਏ ਦਾ ਦਾਨ
Publish Date: Fri, 30 Jan 2026 08:59 PM (IST)
Updated Date: Fri, 30 Jan 2026 09:01 PM (IST)

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹੜ੍ਹ ਪੀੜਤਾਂ ਦਾ ਦਰਦ ਕੀਤਾ ਸਾਂਝਾ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਜ਼ਿਲ੍ਹਾ ਮੋਗਾ ਦੇ ਪਿੰਡ ਮਹਿਣਾ ਦੀ ਗ੍ਰਾਮ ਪੰਚਾਇਤ ਵੱਲੋਂ ਬਾਊਪੁਰ ਮੰਡ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਤਿੰਨ ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ। ਇਹ ਰਕਮ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸੌਂਪੀ ਗਈ। ਇਸ ਮੌਕੇ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਸੰਤ ਸੀਚੇਵਾਲ ਨੇ ਹੜ੍ਹਾਂ ਦੌਰਾਨ ਬੇਮਿਸਾਲ ਸੇਵਾ ਨਿਭਾਈ ਹੈ ਤੇ ਅੱਜ ਵੀ ਪ੍ਰਭਾਵਿਤ ਕਿਸਾਨਾਂ ਦੀ ਜ਼ਮੀਨ ਪੱਧਰੀ ਕਰਨ ਲਈ ਲਗਾਤਾਰ ਯਤਨਸ਼ੀਲ ਹਨ। ਇਸ ਤੋਂ ਇਲਾਵਾ ਮਹਿਣਾ ਗ੍ਰਾਮ ਪੰਚਾਇਤ ਵੱਲੋਂ ਬਾਊਪੁਰ ਦੇ ਤਿੰਨ ਕਿਸਾਨ ਪਰਿਵਾਰਾਂ ਨੂੰ 20-20 ਹਜ਼ਾਰ ਰੁਪਏ, ਕੁੱਲ 60 ਹਜ਼ਾਰ ਰੁਪਏ ਦੀ ਨਕਦ ਸਹਾਇਤਾ ਵੀ ਦਿੱਤੀ ਗਈ, ਤਾਂ ਜੋ ਉਹ ਆਪਣੀ ਖੇਤੀਬਾੜੀ ਮੁੜ ਸ਼ੁਰੂ ਕਰ ਸਕਣ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਹਿਣਾ ਗ੍ਰਾਮ ਪੰਚਾਇਤ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਬਾਊਪੁਰ ਮੰਡ ਵਿਚ ਅਜੇ ਵੀ ਕਈ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀ ਕਰਨ ਦਾ ਕੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਖੇਤਾਂ ਵਿਚ ਲੱਗੀਆਂ ਮਸ਼ੀਨਾਂ ਤੇ ਟ੍ਰੈਕਟਰਾਂ ਲਈ ਰੋਜ਼ਾਨਾ ਲਗਭਗ ਇਕ ਲੱਖ ਰੁਪਏ ਦਾ ਡੀਜ਼ਲ ਵਰਤਿਆ ਜਾ ਰਿਹਾ ਹੈ। ਸੰਤ ਸੀਚੇਵਾਲ ਨੇ ਹੜ੍ਹਾਂ ਦੌਰਾਨ ਸੇਵਾ ਕਰਨ ਵਾਲੇ ਪਰਵਾਸੀ ਪੰਜਾਬੀਆਂ ਦਾ ਵੀ ਦਿਲੋਂ ਧੰਨਵਾਦ ਕੀਤਾ ਤੇ ਅਪੀਲ ਕੀਤੀ ਕਿ ਅਜੇ ਵੀ ਡੀਜ਼ਲ ਦੀ ਭਾਰੀ ਲੋੜ ਹੈ। ਉਨ੍ਹਾਂ ਦੱਸਿਆ ਕਿ ਬਿਆਸ ਦਰਿਆ ਦਾ ਰੁਖ ਬਦਲਣ ਕਾਰਨ ਨਾਲ ਲੱਗਦੀਆਂ ਜ਼ਮੀਨਾਂ ਵਿਚ 5 ਤੋਂ 7 ਫੁੱਟ ਤੱਕ ਰੇਤਾ ਜੰਮ ਗਿਆ ਸੀ, ਜਿਸ ਕਾਰਨ ਖੇਤਾਂ ਨੂੰ ਮੁੜ ਕਾਬਲ-ਕਾਸ਼ਤ ਬਣਾਉਣਾ ਇਕ ਵੱਡੀ ਚੁਣੌਤੀ ਬਣੀ ਹੋਈ ਹੈ। ਉਨ੍ਹਾਂ ਆਸ ਜਤਾਈ ਕਿ ਫਰਵਰੀ ਮਹੀਨੇ ਤੱਕ ਪੱਧਰੇ ਹੋਣ ਵਾਲੇ ਖੇਤਾਂ ਵਿਚ ਮੱਕੀ ਦੀ ਬਿਜਾਈ ਸੰਭਵ ਹੋ ਸਕੇਗੀ।