ਢਪੱਈ ਵਿਖੇ ਮਾਘੀ ਮੇਲਾ ਅਤੇ ਹਲਟ (ਖੂਹ) ਦੌੜਾਂ 14 ਨੂੰ
ਢਪੱਈ ਵਿਖੇ ਮਾਘੀ ਮੇਲਾ ਅਤੇ ਹਲਟ (ਖੂਹ) ਦੋੜਾਂ 14 ਨੂੰ
Publish Date: Sat, 10 Jan 2026 06:45 PM (IST)
Updated Date: Sat, 10 Jan 2026 06:48 PM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : 40 ਮੁਕਤਿਆ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸੰਤ ਬਾਬਾ ਸਰਜਾ ਸਿੰਘ ਜੀ ਪਿੰਡ ਢੱਪਈ ਵਿਖੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਨੌਜਵਾਨ ਸਭਾ, ਐੱਨਆਰਆਈਜ਼ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਾਘੀ ਮੇਲਾ ਅਤੇ ਹਲਟ (ਖੂਹ) ਦੌੜਾਂ 14 ਜਨਵਰੀ ਦਿਨ ਬੁੱਧਵਾਰ ਨੂੰ ਕਰਵਾਈਆਂ ਜਾ ਰਹੀਆਂ ਹਨ। ਇਸ ਬਾਬਤ ਗੁਰਦੁਆਰਾ ਸੰਤ ਬਾਬਾ ਸਰਜਾ ਸਿੰਘ ਜੀ ਪਿੰਡ ਢਪੱਈ ਦੇ ਪ੍ਰਧਾਨ ਪਰਦੀਪ ਸਿੰਘ ਨੇ ਦੱਸਿਆ ਕਿ ਮਾਘ ਮੇਲੇ ਨੂੰ ਲੈ ਕੇ 12 ਜਨਵਰੀ ਦਿਨ ਸੋਮਵਾਰ ਦੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕੀਤੇ ਜਾਣਗੇ, ਜਿਨ੍ਹਾਂ ਦਾ ਭੋਗ 14 ਜਨਵਰੀ ਦਿਨ ਬੁੱਧਵਾਰ ਦੀ ਸਵੇਰ 9 ਵਜੇ ਪਾਇਆ ਜਾਵੇਗਾ। ਇਸ ਤੋਂ ਬਾਅਦ ਕੀਰਤਨ ਵੀ ਕਰਵਾਇਆ ਜਾਵੇਗਾ। ਪ੍ਰਧਾਨ ਪਰਦੀਪ ਸਿੰਘ ਨੇ ਦੱਸਿਆ ਕਿ ਹਲਟ ਦੌੜਾਂ ਲਈ ਐਂਟਰੀਆਂ 12 ਜਨਵਰੀ ਦੀ ਸਵੇਰ 10 ਵਜੇ ਤੋਂ 3 ਵਜੇ ਤੱਕ ਕੀਤੀਆਂ ਜਾਣਗੀਆਂ ਅਤੇ ਇਹ ਦੌੜਾਂ 14 ਜਨਵਰੀ ਨੂੰ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆਂ ਕਿ ਖੂਹ ਦੌੜਾਂ 80 ਗੇੜੇ ਦੀਆਂ ਹੋਣਗੀਆ, ਜੋ ਘੱਟ ਸਮੇਂ ਵਿਚ ਤੈਅ ਕਰੇਗਾ ਉਹ ਜੇਤੂ ਹੋਵੇਗਾ। ਪ੍ਰਧਾਨ ਪਰਦੀਪ ਸਿੰਘ ਨੇ ਕਿਹਾ ਕਿ 3 ਮਿੰਟ ਵਿਚ 35 ਗੇੜੇ ਕਰਨ ਵਾਲੀ ਜੋਗ ਕੁਆਲੀਫਾਈ ਕਰੇਗੀ। ਪੈੜ ਵਿਚ ਇਕੱਲਾ ਹਕਾਵਾ ਹੀ ਹੋਵੇਗਾ। ਕਿਸੇ ਪਸ਼ੂ ’ਤੇ ਜੁਲਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਖੂਨ ਨਿਕਲਣ ਦੀ ਹਾਲਤ ਵਿਚ ਜੋਗ ਕੈਂਸਲ ਕੀਤੀ ਜਾਵੇਗੀ। ਹਲਟ ਦੌੜਾਂ ਨਸ਼ਾ ਰਹਿਤ ਕਰਵਾਈਆਂ ਜਾਣਗੀਆਂ। ਹਲਟ ਦੌੜ ਦਾ ਟਾਈਮ ਕਮੇਟੀ ਦਾ ਰੱਖਿਆ ਹੀ ਮੰਨਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੌੜ ਵਿਚ ਪਹਿਲਾ, ਦੂਜਾ ਅਤੇ ਤੀਜ਼ਾ ਸਥਾਨ ਹਾਸਲ ਕਰਨ ਵਾਲੇ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹੋਰ ਵੀ ਕਈ ਇਨਾਮਾਂ ਦੀ ਵੰਡ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਮਾਗਮ ਦੌਰਾਨ ਗੁਰੂ ਦੇ ਲੰਗਰ ਅਤੁੱਟ ਲਗਾਏ ਜਾਣਗੇ।