ਪੁੱਤ ਦੀ ਨਾ ਧੀ ਦੀ, ਲੋਹੜੀ ਨਵੇਂ ਜੀਅ ਦੀ : ਡਾ. ਸੇਠੀ
ਮਨਾ ਕੇ ਦਈਏ ਧੀਆਂ ਨੂੰ ਪੁੱਤਾਂ ਦੇ ਬਰਾਬਰ ਸਤਿਕਾਰ : ਐਸਐਮਓ ਡਾ ਸੇਠੀ
Publish Date: Tue, 13 Jan 2026 10:09 PM (IST)
Updated Date: Tue, 13 Jan 2026 10:12 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵੱਲੋਂ ਨਵ-ਨਿਯੁਕਤ ਐੱਸਐੱਮਓ ਡਾ. ਸਰਬਿੰਦਰ ਸਿੰਘ ਸੇਠੀ ਦੀ ਅਗਵਾਈ ਹੇਠ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਲੋਹੜੀ ਦਾ ਤਿਉਹਾਰ ਬਹੁਤ ਹੀ ਚਾਵਾਂ ਤੇ ਖੁਸ਼ੀਆਂ ਨਾਲ ਮਨਾਇਆ ਗਿਆ। ਇਸ ਮੌਕੇ ਨਵਜੰਮੀਆਂ ਧੀਆਂ ਦੇ ਪਰਿਵਾਰ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਵਰਨਣਯੋਗ ਹੈ ਕਿ ਪਹਿਲਾਂ ਅਜਿਹੇ ਘਰਾਂ ਵਿਚ ਜਿਥੇ ਪੁੱਤ ਨਹੀਂ ਧੀ ਜੰਮੀ ਹੁੰਦੀ ਸੀ, ਸੋਗਮਈ ਚੁੱਪ ਦੀ ਕਾਲੀ ਸਿਆਹ ਚਾਦਰ ਛਾਈ ਹੁੰਦੀ ਸੀ ਪਰ ਹੁਣ ਬਹੁਤ ਥਾਈਂ ਲੋਹੜੀ ’ਤੇ ਧੀਆਂ ਦੀ ਵੀ ਖੁਸ਼ੀ ਮਨਾਉਣ ਨਾਲ ਸਮਾਜ ਨੂੰ ਇਕ ਵਧੀਆ ਸੁਨੇਹਾ ਦਿੱਤਾ ਜਾਂਦਾ ਹੈ ਕਿ ਲੋਕੋ ਧੀਆਂ ਨੂੰ ਕੁੱਖਾਂ ਵਿਚ ਨਾ ਮਾਰੋ। ਅੱਜ ਦੇ ਲੋਹੜੀ ਸਮਾਗਮ ਵਿਚ ਡਾ. ਸੇਠੀ ਨੇ ਕਿਹਾ ਕਿ ‘ਪੁੱਤ ਦੀ ਨਾ ਧੀ ਦੀ, ਲੋਹੜੀ ਨਵੇਂ ਜੀਅ ਦੀ।’ ਧੀਆਂ ਦੇ ਜਨਮ ਨੂੰ ਸ਼ੁਭ ਮੰਨ ਕੇ ਸ਼ਾਨਮੱਤੇ ਸਭਿਅਕ ਵਿਕਾਸ ਦਾ ਇਹ ਇਤਿਹਾਸ ਹੈ। ਉਨ੍ਹਾਂ ਕਿਹਾ ਕਿ ਲੋਹੜੀ ਦਾ ਤਿਉਹਾਰ ਸਾਨੂੰ ਜੀਵਨ ਵਿਚ ਸਕਾਰਾਤਮਕਤਾ ਤੇ ਖੁਸ਼ਹਾਲੀ ਲਿਆਉਣ ਲਈ ਪ੍ਰੇਰਿਤ ਕਰਦਾ ਹੈ। ਇਹ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਅੱਗੇ ਵਧਣ ਦੀ ਤਾਕਤ ਦਿੰਦਾ ਹੈ। ਸਿਵਲ ਹਸਪਤਾਲ ਵਿਚ ਇਸ ਦਿਨ ਨੂੰ ਮਨਾ ਕੇ ਅਸੀਂ ਸਮਾਜ ਵਿਚ ਏਕਤਾ ਤੇ ਖੁਸ਼ੀ ਦਾ ਸੰਦੇਸ਼ ਦੇਣਾ ਚਾਹੁੰਦੇ ਹਾਂ। ਇਸ ਮੌਕੇ ਆਰਥੋ ਸਪੈਸ਼ਲਿਸਟ ਡਾ. ਜਸਪ੍ਰੀਤ ਨੇ ਕਿਹਾ ਕਿ ਲੋਹੜੀ ਵਰਗੇ ਤਿਉਹਾਰ ਰਵਾਇਤੀ ਭਾਰਤੀ ਸੱਭਿਆਚਾਰ ਦਾ ਇੱਕ ਅਨਿਖੜਵਾਂ ਅੰਗ ਹਨ। ਇਸ ਮੌਕੇ ਫਾਰਮਾਸਿਸਟ ਅਮਰਿੰਦਰ ਸਿੰਘ, ਸੀਨੀਅਰ ਅਸਿਸਟੈਂਟ ਸੰਨੀ ਸਹੋਤਾ ਨੇ ਰਿਓੜੀਆਂ, ਮੂੰਗਫਲੀ ਵੰਡ ਕੇ ਲੋਹੜੀ ਦੀ ਖੁਸ਼ੀ ਮਨਾਈ।