ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਨਡਾਲਾ ਵੱਲੋਂ ਵੱਖ-ਵੱਖ ਅਧਿਕਾਰੀਆਂ ਨੂੰ ਸੌਂਪੇ ਮੰਗ ਪੱਤਰ

ਕੈਪਸਨ : 22ਕੇਪੀਟੀ23
ਐੱਸਡੀਐੱਮ ਭੁਲੱਥ ਡੈਵੀ ਗੋਇਲ ਤੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਮੰਗ ਪੱਤਰ ਸੌਂਪਦੇ ਹੋਏ ਕਿਸਾਨ ਆਗੂ।
ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ
ਨਡਾਲਾ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਨਡਾਲਾ ਵੱਲੋਂ, ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ, ਜ਼ੋਨ ਪ੍ਰਧਾਨ ਨਿਸ਼ਾਨ ਸਿੰਘ, ਖਜ਼ਾਨਚੀ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਸੌਂਪੇ ਗਏ। ਮੰਗ ਪੱਤਰ ਸੌਂਪਦਿਆਂ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਸੋਧ ਐਕਟ ਰਾਹੀਂ ਬਿਜਲੀ ਨੂੰ ਪ੍ਰਾਈਵੇਟ ਹੱਥਾਂ ਵਿਚ ਦੇ ਰਹੀ ਹੈ, ਜਿਸ ਨਾਲ ਬਿਜਲੀ ਆਮ ਲੋਕਾਂ ਦੀ ਪਹੁੰਚ ਤੋ ਬਾਹਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਬਿਜਲੀ ਐਕਟ 1948 ਵਿਚ ਲਗਾਤਾਰ ਸੋਧਾਂ ਕਰਕੇ ਇਸਨੂੰ ਘਾਟੇ ਵਿਚ ਦਿਖਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਇਸੇ ਨੀਤੀ ਦੇ ਤਹਿਤ ਹੀ ਸਰਕਾਰ ਵੱਲੋਂ ਸਮਾਰਟ ਮੀਟਰ ਲਗਾਏ ਜਾ ਰਹੇ ਹਨ, ਜਿਸ ਨਾਲ ਖਪਤਕਾਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਬਿਨਾਂ ਆਮ ਲੋਕਾਂ ਦੀ ਸਹਿਮਤੀ ਤੋ ਘਰਾਂ ਵਿਚ ਸਮਾਰਟ ਮੀਟਰ ਨਾ ਲਗਾਏ ਜਾਣ। ਉਨ੍ਹਾਂ ਨੇ ਕਿਹਾ ਕਿ ਖਪਤਕਾਰਾਂ ਨੂੰ ਭਾਰੀ ਜੁਰਮਾਨੇ ਤੇ ਪਰਚੇ ਦੇ ਨਾਮ ’ਤੇ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਦੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਿਸ਼ਾਨ ਸਿੰਘ ਨੇ ਕਿਹਾ ਕਿ ਅੱਜ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ, ਜਿਨ੍ਹਾਂ ਵਿਚ ਬਿਜਲੀ ਬੋਰਡ, ਪੁਲਿਸ ਵਿਭਾਗ, ਤਹਿਸੀਲਦਾਰ ਤੇ ਐੱਸਡੀਐੱਮ ਭੁਲੱਥ ਨੂੰ ਮੰਗ ਪੱਤਰ ਸੌਂਪੇ ਗਏ। ਉਨ੍ਹਾਂ ਕਿਹਾ ਅਸੀਂ ਮੰਗ ਕਰਦੇ ਹਾਂ ਕਿ ਪ੍ਰਸ਼ਾਸਨ ਵੱਲੋ ਬੇਗੋਵਾਲ, ਭੁਲੱਥ, ਨਡਾਲਾ ਵਿਚ ਟਰੈਫਿਕ ਵਿਚ ਸੁਧਾਰ ਕੀਤਾ ਜਾਵੇ ਤੇ ਨਡਾਲਾ ਚੌਕ ਵਿਚ ਪੱਕੇ ਟਰੈਫਿਕ ਅਧਿਕਾਰੀ ਤੈਨਾਤ ਕੀਤੇ ਜਾਣ। ਉਨ੍ਹਾਂ ਡੀਐੱਸਪੀ ਭੁਲੱਥ ਸਮੇਤ ਸਾਰੇ ਐੱਸਐੱਚਓ ਨੂੰ ਮੰਗ ਪੱਤਰ ਸੌਂਪੇ ਤੇ ਕਿਹਾ ਕਿ ਸਵੇਰ ਵੇਲੇ ਟਿੱਪਰਾਂ ਉਪਰ ਰੋਕ ਲਗਾਈ ਜਾਵੇ, ਨਸ਼ਾ, ਚੋਰੀ, ਲੁੱਟਾਖੋਹਾਂ ਉੁੱਤੇ ਕਾਬੂ ਪਾਇਆ ਜਾਵੇ, ਥਾਣਿਆਂ ਵਿਚ ਪੁਲਿਸ ਦੀ ਨਫਰੀ ਵਿਚ ਵਾਧਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਰੀਆਂ ਮੰਗਾ ਉੱਤੇ ਪ੍ਰਸ਼ਾਸਨ ਵੱਲੋਂ ਸਹਿਮਤੀ ਦਿੱਤੀ ਗਈ ਹੈ। ਐੱਸਡੀਐੱਮ ਤੇ ਤਹਿਸੀਲਦਾਰ ਭੁਲੱਥ ਨੂੰ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਗਈ ਕਿ ਪਟਵਾਰੀਆਂ ਨੂੰ ਆਮ ਲੋਕਾਂ ਨਾਲ ਨਰਮੀ ਨਾਲ ਪੇਸ਼ ਆਉਣਾ ਚਾਹੀਦਾ ਹੈ ਤੇ ਲੋਕਾਂ ਦੇ ਕੰਮ ਪਹਿਲ ਦੇ ਅਧਾਰ ’ਤੇ ਕਰਨੇ ਚਾਹੀਦੇ ਹਨ। ਹੜ੍ਹਾਂ ਨਾਲ ਹੋਏ ਨੁਕਸਾਨ, ਪਸ਼ੂਆਂ ਤੇ ਘਰਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਜਾਰੀ ਕੀਤਾ ਜਾਵੇ। ਸੁਭਾਨਪੁਰ-ਨਡਾਲਾ-ਭੁਲੱਥ ਸੜਕ ਦਾ ਨਿਰਮਾਣ ਜਲਦ ਤੋਂ ਜਲਦ ਕੀਤਾ ਜਾਵੇ। ਪ੍ਰਸ਼ਾਸਨ ਵੱਲੋਂ ਇਨ੍ਹਾਂ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਵਾਅਦਾ ਕੀਤਾ ਗਿਆ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਸਾਰੀਆਂ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਣ ਦਾ ਭਰੋਸਾ ਦਿੱਤਾ ਗਿਆ ਹੈ। ਇਸ ਮੌਕੇ ’ਤੇ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਹਾਜ਼ਰ ਸਨ।