ਵਿਧਾਇਕ ਖਹਿਰਾ ਨੇ ਪੁਲਿਸ

ਵਿਧਾਇਕ ਖਹਿਰਾ ਨੇ ਪੁਲਿਸ ’ਤੇ ਲਗਾਏ ਗੰਭੀਰ ਦੋਸ਼, ਨਡਾਲਾ ਚੌਕੀ ਇੰਚਾਰਜ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ
ਜਾਸੰ, ਭੁੱਲਥ : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੀਰਵਾਰ ਨੂੰ ਨਾਮਜ਼ਦਗੀ ਦੇ ਆਖਰੀ ਦਿਨ ਕਾਂਗਰਸੀਆਂ ਦੇ ਘਰ ’ਤੇ ਪੁਲਿਸ ਦੀ ਛਾਪੇਮਾਰੀ ਨਾਲ ਸਰਦ ਮੌਸਮ ’ਚ ਸਿਆਸੀ ਪਾਰਾ ਚੜ੍ਹ ਗਿਆ ਹੈ। ਭੁਲੱਥ ਤੋਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਇਲਾਕੇ ’ਚ ਪੁਲਿਸ ਦੀ ਇਸ ਗੈਰ-ਕਾਨੂੰਨੀ ਕਾਰਵਾਈ ਦੀ ਸਖਤ ਨਿੰਦਾ ਕੀਤੀ ਹੈ।
ਖਹਿਰਾ ਨੇ ਦੋਸ਼ ਲਗਾਇਆ ਕਿ ਸਰਕਾਰ ਦੇ ਇਸ਼ਾਰੇ ’ਤੇ ਪੁਲਿਸ ਕਾਂਗਰਸ ਉਮੀਦਵਾਰਾਂ ਤੇ ਵਰਕਰਾਂ ਨੂੰ ਝੂਠੇ ਕੇਸ ’ਚ ਫਸਾ ਕੇ ਚੋਣ ਮੈਦਾਨ ਤੋਂ ਬਾਹਰ ਕਰਨ ਦੀ ਸਾਜ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਖਾਸ ਤੌਰ ’ਤੇ ਥਾਣਾ ਸੁਭਾਨਪੁਰ ’ਚ ਦਰਜ ਐੱਫਆਈਆਰ ਨੰਬਰ 251 ਦਾ ਜ਼ਿਕਰ ਕੀਤਾ, ਜੋ ਹੜ੍ਹ ਰਾਹਤ ਸਮੱਗਰੀ ਦੀ ਕਥਿਤ ਚੋਰੀ ਦੇ ਦੋਸ਼ ਲਗਾ ਕੇ ਚਾਰ ਮਹੀਨਿਆਂ ਬਾਅਦ ਸਿਰਫ ਕਾਂਗਰਸ ਸਮਰਥਕਾਂ ਨੂੰ ਡਰਾਉਣ ਤੇ ਉਨ੍ਹਾਂ ਨੂੰ ਚੋਣ ਲੜਨ ਤੋਂ ਰੋਕਣ ਲਈ ਦਰਜ ਕੀਤੀ ਗਈ ਸੀ। ਖਹਿਰਾ ਨੇ ਕਿਹਾ ਕਿ ਚਾਰ ਦਸੰਬਰ ਦੀ ਸਵੇਰੇ ਨਡਾਲਾ ਚੌਕੀ ਇੰਚਾਰਜ ਏਐੱਸਆਈ ਬਲਜਿੰਦਰ ਸਿੰਘ ਨੇ ਲਗਪਗ 10 ਪੁਲਿਸ ਵਾਲਿਆਂ ਨਾਲ ਗੁਰਜੀਤ ਸਿੰਘ ਪਿੰਡ ਚੱਕੋਕੀ, ਕਾਂਗਰਸ ਉਮੀਦਵਾਰ ਬਲਾਕ ਸੰਮਤੀ ਜ਼ੋਨ ਚੱਕੋਕੀ ਦੇ ਘਰ ’ਤੇ ਅਚਾਨਕ ਛਾਪਾ ਮਾਰਿਆ ਤਾਂ ਕਿ ਉਨ੍ਹਾਂ ਨੂੰ ਅੱਜ ਆਪਣਾ ਨੋਮੀਨੇਸ਼ਨ ਭਰਨ ਤੋਂ ਰੋਕਿਆ ਜਾ ਸਕੇ। ਇਹ ਰੇਡ ਉਦੋਂ ਕੀਤੀ ਗਈ ਜਦ ਗੁਰਜੀਤ ਸਿੰਘ ਤੇ ਦੂਜੇ ਦੋਸ਼ੀਆਂ ਨੂੰ ਸੈਸ਼ਨ ਜੱਜ-1 ਕਪੂਰਥਲਾ ਦੀ ਕੋਰਟ ਨੇ 2 ਦਸੰਬਰ ਨੂੰ ਐਂਟੀਸੀਪੇਟਰੀ ਬੇਲ ਦੇ ਦਿੱਤੀ ਸੀ ਤੇ ਕੋਰਟ ਨੇ ਸਾਫ ਕਿਹਾ ਸੀ ਕਿ ਹੁਣ ਪੁਲਿਸ ਰਿਮਾਂਡ ਦੀ ਲੋੜ ਨਹੀਂ ਹੈ। ਖਹਿਰਾ ਨੇ ਇਸ ਕਾਰਵਾਈ ਨੂੰ ਕੋਰਟ ਦੇ ਹੁਕਮਾਂ ਦੀ ਖੁੱਲ੍ਹੀ ਉਲੰਘਣਾ ਤੇ ਪਿੰਡ ਚੱਕੋਕੀ ਦੇ ਆਪ ਉਮੀਦਵਾਰ ਦੀ ਮਦਦ ਲਈ ਸਿਆਸੀ ਰੇਡ ਦੱਸਿਆ। ਵਿਧਾਇਕ ਨੇ ਕਿਹਾ ਕਿ ਥਾਣਾ ਸੁਭਾਨਪੁਰ ਦੇ ਐੱਸਐੱਚਓ ਤੇ ਚੌਕੀ ਇੰਚਾਰਜ ਨਡਾਲਾ ਜਾਣਬੁੱਝ ਕੇ ਇਸ ਝੂਠੀ ਐੱਫਆਈਆਰ ’ਚ ਕਾਂਗਰਸ ਪਾਰਟੀ ਦੇ ਦੂਜੇ ਨੇਤਾਵਾਂ ਦਾ ਨਾਂ ਵੀ ਪਾ ਰਹੇ ਹਨ ਤਾਂ ਕਿ ਉਹ ਚੋਣ ਪ੍ਰਚਾਰ ’ਚ ਹਿੱਸਾ ਨਾ ਲੈ ਸਕਣ। ਖਹਿਰਾ ਨੇ ਦੋਸ਼ ਲਗਾਇਆ ਕਿ ਇਹ ਨਾਮਜ਼ਦਗੀ ਆਪ ਸਰਪੰਚ ਜਗਤਾਰ ਸਿੰਘ (ਚੱਕੋਕੀ ਜ਼ੋਨ ਤੋਂ ਆਪ ਉਮੀਦਵਾਰ) ਦੇ ਦਬਾਅ ’ਚ ਕੀਤੀ ਗਈ ਹੈ। ਖਹਿਰਾ ਨੇ ਕਿਹਾ ਕਿ ਇਹ ਸਭ ਪੁਲਿਸ ਦੇ ਡਰ ਤੇ ਸਿਆਸੀ ਸਾਜ਼ਿਸ਼ ਦਾ ਹਿੱਸਾ ਹੈ। ਜੇ ਸੂਬਾ ਚੋਣ ਕਮਿਸ਼ਨ ਨੇ ਅੱਜ ਸਖਤ ਕਾਰਵਾਈ ਨਾ ਕੀਤੀ ਤਾਂ ਥਾਣਾ ਐੱਸਐੱਚਓ ਸੁਭਾਨ ਪੁਰ ਤੇ ਚੌਕੀ ਇੰਚਾਰਜ ਨਡਾਲਾ ਦੂਜੇ ਕਾਂਗਰਸੀ ਉਮੀਦਵਾਰਾਂ ਤੇ ਵਰਕਰਾਂ ਨੂੰ ਵੀ ਝੂਠੇ ਕੇਸ ’ਚ ਫਸਾ ਦੇਣਗੇ ਜੋ ਲੋਕਤੰਤਰ ਦੀ ਹੱਤਿਆ ਹੈ। ਖਹਿਰਾ ਨੇ ਮੰਗ ਕੀਤੀ ਹੈ ਕਿ ਬਲਜਿੰਦਰ ਸਿੰਘ ਤੇ ਰੇਡ ’ਚ ਸ਼ਾਮਲ ਸਾਰੇ ਪੁਲਿਸ ਵਾਲਿਆਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਤੇ ਉਨ੍ਹਾਂ ਦਾ ਤਬਾਦਲਾ ਵੀ ਕੀਤਾ ਜਾਵੇ। ਇਸ ਦੇ ਨਾਲ ਹੀ ਥਾਣਾ ਸੁਭਾਨਪੁਰ ਵਿਰੁੱਧ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇ। ਖਹਿਰਾ ਨੇ ਕਿਹਾ ਕਿ ਜਦ ਉਹ ਪੁਲਿਸ ਖੁਦ ਹੀ ਸਿਆਸੀ ਤਾਕਤਾਂ ਦਾ ਹਥਿਆਰ ਬਣ ਜਾਵੇ ਤਾਂ ਨਿਰਪੱਖ ਚੋਣਾਂ ਮੁਮਕਿਨ ਨਹੀਂ ਹੈ। ਇਸ ਲਈ ਮੈਂ ਚੋਣ ਕਮਿਸ਼ਨ ਨੂੰ ਦਰਖਾਸਤ ਕਰਦਾ ਹਾਂ ਕਿ ਅੱਜ ਹੀ ਐਕਸ਼ਨ ਲੈਣ ਤੇ ਲੋਕਤੰਤਰ ਦੀ ਰੱਖਿਆ ਕਰਨ।
ਇਸ ਬਾਰੇ ਥਾਣਾ ਸੁਭਾਨਪੁਰ ਦੇ ਐੱਸਐੱਚਓ ਬਿਕ੍ਰਮਜੀਤ ਸਿੰਘ ਤੇ ਚੌਕੀ ਇੰਚਾਰਜ ਨਡਾਲਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਕੇਸ ਨੰਬਰ 251 ਦੇ ਤਹਿਤ ਰੇਡ ਕੀਤੀ ਗਈ ਸੀ ਤੇ ਨਾਮਜ਼ਦ ਲੋਕਾਂ ਨੇ ਕਿਹਾ ਕਿ ਸਾਡੇ ਕੋਲ ਬੇਲ ਆਰਡਰ ਹਨ ਜੋ ਕਿ ਜਾਂਚੇ ਗਏ ਸਨ। ਉੱਧਰ ਜਦ ਪਿੰਡ ਚੱਕੋਕੀ ਦੇ ਸਰਪੰਚ ਜਗਤਾਰ ਸਿੰਘ ਹੈਪੀ ਖਾਦਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਫੋਨ ਬੰਦ ਸੀ।