ਕੈਂਸਰ ਤੋਂ ਬਚਾਅ ਲਈ ਸ਼ਰੀਰ ਦੀ ਨਿਯਮਿਤ ਜਾਂਚ ਕਰਵਾਓ : ਡਾ. ਮਾਟਾ
ਕੈਂਸਰ ਤੋਂ ਬਚਾਅ ਲਈ ਸ਼ਰੀਰ ਦੀ ਨਿਯਮਿਤ ਜਾਂਚ ਕਰਵਾਉਂਦੇ ਰਹੋ: ਡਾ. ਹਰੀਸ਼ ਮਾਟਾ
Publish Date: Wed, 03 Dec 2025 08:24 PM (IST)
Updated Date: Wed, 03 Dec 2025 08:26 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਹਾਲ ਹੀ ਵਿਚ ਸੰਯੁਕਤ ਚਿਕਿਤਸਾ ਪੱਧਤੀ ਦੀ ਰਾਸ਼ਟਰੀ ਸੰਸਥਾ ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸੋਸੀਏਸ਼ਨ (ਨੀਮਾ) ਦੀ ਸਥਾਨਕ ਸ਼ਾਖਾ ਵੱਲੋਂ ਪ੍ਰਧਾਨ ਡਾ. ਨੀਰਜ ਅੱਬੀ ਦੇ ਸਹਿਯੋਗ ਨਾਲ ਹੋਟਲ ਵਿਚ ਸੀਐੱਮਈ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਫੋਰਟਿਸ ਹਸਪਤਾਲ ਲੁਧਿਆਣਾ ਦੇ ਕੈਂਸਰ ਵਿਭਾਗ ਦੇ ਮੁਖੀ ਡਾ. ਹਰੀਸ਼ ਮਾਟਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜਕੱਲ੍ਹ ਕੈਂਸਰ ਰੋਗ ਨਾਲ ਪੀੜਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ, ਜੋ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਲੋਕ ਇਸ ਰੋਗ ਤੋਂ ਇੰਨਾ ਘਬਰਾਉਂਦੇ ਹਨ ਕਿ ਇਸ ਦਾ ਨਾਮ ਲੈਣਾ ਵੀ ਪਸੰਦ ਨਹੀਂ ਕਰਦੇ। ਉਨ੍ਹਾਂ ਨੇ ਕਿਹਾ ਕਿ ਸ਼ਰਾਬ ਦਾ ਜ਼ਿਆਦਾ ਸੇਵਨ, ਸਿਗਰਟਨੋਸ਼ੀ ਅਤੇ ਕੁਝ ਸੰਕਰਮਣ ਆਦਿ ਕਾਰਨਾਂ ਕਰਕੇ ਜਦੋਂ ਸਰੀਰ ਦੇ ਸੈੱਲ ਬੇਅੰਤ ਵਧਣ ਲੱਗ ਪੈਂਦੇ ਹਨ ਅਤੇ ਟਿਸ਼ੂਜ਼ ‘ਤੇ ਹਮਲਾ ਕਰਨ ਲੱਗਦੇ ਹਨ, ਤਾਂ ਕੈਂਸਰ ਹੌਲੀ-ਹੌਲੀ ਸਰੀਰ ਵਿਚ ਫੈਲਣਾ ਸ਼ੁਰੂ ਕਰ ਦਿੰਦਾ ਹੈ। ਡਾ. ਹਰੀਸ਼ ਮਾਟਾ ਨੇ ਦੱਸਿਆ ਕਿ ਜੇਕਰ ਬਿਨਾਂ ਕਿਸੇ ਕਾਰਨ ਦੇ ਵਜ਼ਨ ਘਟਣਾ ਸ਼ੁਰੂ ਹੋ ਜਾਏ, ਹਰ ਵੇਲੇ ਥਕਾਵਟ ਜਾਂ ਦਰਦ ਮਹਿਸੂਸ ਹੋਵੇ, ਚਮੜੀ ਦਾ ਰੰਗ ਬਦਲਣਾ ਸ਼ੁਰੂ ਹੋਵੇ, ਤਾਂ ਤੁਰੰਤ ਕਿਸੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਡਾ. ਜਵਾਹਰ ਧੀਰ ਨੇ ਆਪਣੇ ਖਾਸ ਅੰਦਾਜ਼ ਵਿਚ ਡਾ. ਮਾਟਾ ਨੂੰ ਫਗਵਾੜਾ ਦਾ ਗੌਰਵ ਦੱਸਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ। ਨੀਮਾ ਵੱਲੋਂ ਡਾ. ਮਾਟਾ ਨੂੰ ਫੁੱਲਾਂ ਦਾ ਗੁਲਦਸਤਾਂ ਅਤੇ ਸਮਰਪਣ ਚਿੰਨ੍ਹ ਭੇਟ ਕੀਤਾ ਗਿਆ। ਇਸ ਮੌਕੇ ਹਾਜ਼ਰ ਡਾਕਟਰਾਂ ਵਿਚ ਡਾ. ਯਸ਼ ਚੋਪੜਾ, ਡਾ. ਵਿਵੇਕ ਮਹਾਜਨ, ਡਾ. ਬੀਐੱਸ ਭਾਟੀਆ, ਦੀਦਾਰ ਸਿੰਘ, ਰਾਕੇਸ਼ ਖੋਸਲਾ, ਅਜੈ ਓਹਰੀ, ਸਚਿਨ ਬੱਗਾ, ਅਮਿਤ ਸ਼ਰਮਾ, ਪੰਕਜ ਸੂਦ, ਨਿਖਿਲ ਖੋਸਲਾ, ਜਤਿੰਦਰ ਸਾਧੂ, ਕਰਮਜੀਤ ਸਿੰਘ, ਵਿਜੇ ਮੋਹਨ, ਨਿਤਿਨ ਬੱਗਾ, ਮਨਮੋਹਨ ਸਿੰਘ, ਵਿਸ਼ਾਲ ਕੁਮਾਰ, ਰਮਿੰਦਰ ਸਿੰਘ, ਬਲਜਿੰਦਰ ਸਿੰਘ, ਪਰਮਜੀਤ ਸਿੰਘ, ਪ੍ਰੇਮ ਕੁਮਾਰ, ਗੁਰਦੀਪ ਸਿੰਘ ਦੇ ਨਾਲ ਨੀਮਾ ਵੁਮੈਨ ਫੋਰਮ ਦੀ ਪ੍ਰਧਾਨ ਡਾ. ਅਨੁਭਾ ਓਹਰੀ, ਡਾ. ਰੀਆ ਭਾਰਦਵਾਜ ਅਤੇ ਡਾ. ਆਸ਼ਾ ਆਦਿ ਸ਼ਾਮਲ ਸਨ।