ਧੁੰਦ ’ਚ ਲਿਪਟਿਆ ਵਿਰਾਸਤੀ ਸ਼ਹਿਰ, ਜਨਜੀਵਨ ਹੋਇਆ ਪ੍ਰਭਾਵਿਤ
ਧੁੰਦ ਵਿਚ ਲਿਪਟਿਆ ਕਪੂਰਥਲਾ ਸ਼ਹਿਰ, ਠਰੇ ਲੋਕ
Publish Date: Thu, 18 Dec 2025 08:09 PM (IST)
Updated Date: Thu, 18 Dec 2025 08:09 PM (IST)

--ਜ਼ਿਲ੍ਹੇ ਦੇ ਕਸਬਿਆਂ ਤੇ ਪਿੰਡਾਂ ਵਿਚ ਕੜਾਕੇ ਦੀ ਠੰਢ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪਹਾੜਾਂ ਵਿਚ ਹੋਈ ਭਾਰੀ ਬਰਫਬਾਰੀ ਨਾਲ ਪੈ ਰਹੀ ਕੜਾਕੇ ਦੀ ਠੰਢ ਦਾ ਅਸਰ ਵਿਰਾਸਤੀ ਸ਼ਹਿਰ ਕਪੂਰਥਲਾ ਤੇ ਜ਼ਿਲ੍ਹੇ ਦੇ ਹੋਰ ਕਸਬਿਆਂ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ। ਆਲਮ ਇਹ ਹੈ ਕਿ ਦਿਨ ਵੇਲੇ ਵੀ ਵਾਹਨ ਚਾਲਕਾਂ ਨੂੰ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਚੱਲਣਾ ਪਿਆ। ਵੀਰਵਾਰ ਸਵੇਰ ਸਮੇਂ ਧੁੰਦ ਦਾ ਨਜ਼ਾਰਾ ਵੇਖਣ ਨੂੰ ਮਿਲਿਆ। ਸ਼ਹਿਰ ਵਿਚ ਵਿਜ਼ੀਬਿਲਟੀ 8-10 ਮੀਟਰ ਦਰਜ ਕੀਤੀ ਗਈ। ਮੌਸਮ ਵਿਭਾਗ ਦੇ ਮਾਹਰਾਂ ਅਨੁਸਾਰ ਵੈਸਟਰਨ ਡਿਸਟਰਬੈਂਸ ਦੇ ਚੱਲਦੇ ਮੌਸਮ ਵਿਚ ਇਹ ਤਬਦੀਲੀ ਵੇਖੀ ਜਾ ਰਹੀ ਹੈ। ਵੀਰਵਾਰ ਨੂੰ ਸ਼ਹਿਰ ਦਾ ਤਾਪਮਾਨ 16 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਘੱਟ ਤੋਂ ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਹਿਰ ਵਿਚ ਦਸੰਬਰ ਦੀ ਧੁੰਦ ਨੇ ਆਵਾਜਾਈ ਵਿਚ ਵੀ ਵਿਘਨ ਪਾਇਆ। ਸਾਰਾ ਦਿਨ ਸੂਰਜ ਨੇ ਵੀ ਦਰਸ਼ਨ ਨਹੀਂ ਦਿੱਤੇ ਤੇ ਕਰੀਬ ਸ਼ਾਮ 4 ਵਜੇ ਥੋੜਾ ਸਮਾਂ ਸੂਰਜ ਬਾਹਰ ਨਿਕਲਿਆ ਪਰ ਦੁਬਾਰਾ ਫਿਰ ਧੁੰਦ ਪੈਣੀ ਸ਼ੁਰੂ ਹੋ ਗਈ। ਦੁਕਾਨਾਂ ’ਤੇ ਵੀ ਸੰਨਾਟਾ ਛਾਇਆ ਰਿਹਾ। ਆਮ ਦਿਨਾਂ ਦੇ ਮੁਕਾਬਲੇ ਆਵਾਜਾਈ ਬਹੁਤ ਘੱਟ ਰਹੀ। --ਧੁੰਦ ਨੇ ਮੱਠੀ ਪਾਈ ਵਾਹਨਾਂ ਦੀ ਰਫ਼ਤਾਰ ਹਫ਼ਤੇ ਭਰ ਤੋਂ ਬਦਲੇ ਮੌਸਮ ਤੇ ਸੀਤ ਲਹਿਰ ਕਾਰਨ ਸਰਦੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਵੀਰਵਾਰ ਨੂੰ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪਿਆ। ਬੁੱਧਵਾਰ ਦੇਰ ਰਾਤ ਤੋਂ ਹੀ ਧੁੰਦ ਪੈਣੀ ਸ਼ੁਰੂ ਹੋ ਗਈ, ਜੋ ਰਾਤ ਭਰ ਜਾਰੀ ਰਹੀ। ਵਿਜ਼ੀਬਿਲਟੀ ਘਟਣ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ। ਵਾਹਨ ਚਾਲਕਾਂ ਨੂੰ ਧੁੰਦ ਕਾਰਨ ਹੈੱਡ ਲਾਈਟਾਂ ਜਗ੍ਹਾ ਕੇ ਚੱਲਣਾ ਪਿਆ। ਧੁੰਦ ਦੇ ਚੱਲਦੇ ਨੈਸ਼ਨਲ ਹਾਈਵੇ ’ਤੇ ਵੀ ਟ੍ਰੈਫਿਕ ਦੀ ਰਫ਼ਤਾਰ ਮੱਠੀ ਰਹੀ, ਹਲਾਂਕਿ ਦੋ ਦਿਨ ਪਹਿਲਾਂ ਸੂਰਜ ਦੇ ਦਰਸ਼ਨ ਦੇਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਸੀ, ਪਰ ਜਿਵੇਂ ਹੀ ਵੀਰਵਾਰ ਦਾ ਦਿਨ ਢਲਿਆ ਤਾ ਸੀਤ ਲਹਿਰ ਦੇ ਚੱਲਦੇ ਸ਼ਹਿਰ ਦੇ ਬਾਹਰੀ ਹਿੱਸਿਆਂ ਵਿਚ ਧੁੰਦ ਦੀ ਚਾਦਰ ਵਿਛ ਗਈ। ਵੀਰਵਾਰ ਦੁਪਹਿਰ 12 ਵਜੇ ਤੋਂ ਬਾਅਦ ਲੋਕਾਂ ਨੂੰ ਧੁੰਦ ਤੋਂ ਕੁਝ ਦੇਰ ਲਈ ਰਾਹਤ ਮਿਲੀ। --ਧੁੰਦ ’ਚ ਸਫ਼ਰ ਦੌਰਾਨ ਪੂਰੀ ਤਰ੍ਹਾਂ ਰੱਖੀ ਜਾਵੇ ਸਾਵਧਾਨੀ : ਟ੍ਰੈਫਿਕ ਇੰਚਾਰਜ ਦਰਸ਼ਨ ਸਿੰਘ ਸਰਦੀਆਂ ਦੇ ਮੌਸਮ ਵਿਚ ਧੁੰਦ ਦੇ ਕਾਰਨ ਸੜਕਾਂ ’ਤੇ ਦੁਰਘਟਨਾਵਾਂ ਵੱਧ ਜਾਂਦੀਆਂ ਹਨ, ਜਿਸ ਨਾਲ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਟ੍ਰੈਫਿਕ ਇੰਚਾਰਜ ਕਪੂਰਥਲਾ ਇੰਸਪੈਕਟਰ ਦਰਸ਼ਨ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਧੁੰਦ ਵਿਚ ਦੁਰਘਟਨਾਵਾਂ ਤੋਂ ਬਚਾਅ ਲਈ ਵਾਹਨ ਚਾਲਕ ਮੌਸਮ ਦੇ ਪੂਰਵ ਅਨੁਮਾਨ ਦੀ ਜਾਂਚ ਕਰਨ ਉਪਰੰਤ ਹੀ ਯਾਤਰਾ ’ਤੇ ਨਿਕਲਣ। ਵਾਹਨ ਚਾਲਕ ਆਪਣੇ ਵਾਹਨਾਂ ਦੀ ਚੰਗੀ ਹਾਲਤ ਦੇ ਨਾਲ-ਨਾਲ ਹੈੱਡਲਾਈਟ, ਫੋਗ ਲਾਈਟ, ਇੰਡੀਕੇਟਰ ਅਤੇ ਰਿਫਲੈਕਟਰ ਸਮੇਤ ਬ੍ਰੇਕ, ਟਾਇਰ, ਵਿੰਡ ਸਕਰੀਨ ਵਾਈਪਰ, ਬੈਟਰੀ ਅਤੇ ਕਾਰ ਹੀਟਿੰਗ ਸਿਸਟਮ ਨੂੰ ਵੀ ਚਾਲੂ ਹਾਲਤ ਵਿਚ ਰੱਖਣਾ ਸੁਨਿਸ਼ਚਿਤ ਕਰਨ। ਜ਼ਿਆਦਾ ਧੁੰਦ ਦੀ ਚਿਤਾਵਨੀ ’ਤੇ ਯਾਤਰਾ ਨੂੰ ਮੌਸਮ ਸਾਫ਼ ਹੋਣ ਤੱਕ ਟਾਲਣ ਦੀ ਕੋਸ਼ਿਸ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵਾਹਨ ਚਾਲਕ ਧੁੰਦ ਵਿਚ ਵਾਹਨਾਂ ਨੂੰ ਲੋਅ-ਬੀਮ ’ਤੇ ਚਲਾਉਂਣ ਕਿਉਂਕਿ ਧੁੰਦ ਦੌਰਾਨ ਹਾਈ ਬੀਮ ਕਾਰਗਰ ਨਹੀਂ ਹੁੰਦਾ। ਧੁੰਦ ਦੇ ਦੌਰਾਨ ਫੋਗ ਲਾਈਟਾਂ, ਗੱਡੀਆਂ ਦੀ ਨਿਰਧਾਰਤ ਸਪੀਡ ਅਤੇ ਵਾਹਨਾਂ ਦੇ ਵਿਚ ਊਚਿਤ ਦੂਰੀ ਰੱਖੀ ਜਾਵੇ ਅਤੇ ਸੜਕਾਂ ’ਤੇ ਅੰਕਿਤ ਸਫ਼ੇਦ ਪੱਟੀਆਂ ਨੂੰ ਇਕ ਮਾਰਗ ਦਰਸ਼ਕ ਦੇ ਰੂਪ ਵਿਚ ਧਿਆਨ ਵਿਚ ਰੱਖਦੇ ਹੋਏ ਵਾਹਨ ਚਲਾਇਆ ਜਾਵੇ। ਵਾਹਨਾਂ ਦੇ ਸ਼ੀਸ਼ੇ ਉਚਿਤ ਮਾਤਰਾ ਤੱਕ ਥੱਲੇ ਰੱਖੇ ਜਾਣ ਅਤੇ ਸੰਕਟ ਸਥਿਤੀ ਵਿਚ ਜੇਕਰ ਵਾਹਨ ਨੂੰ ਰਸਤੇ ਵਿਚ ਰੋਕਣਾ ਪਵੇ ਤਾਂ ਜਿਥੋਂ ਤੱਕ ਸੰਭਵ ਹੋਵੇ ਵਾਹਨ ਨੂੰ ਸੜਕ ਤੋਂ ਹੇਠਾਂ ਉਤਾਰ ਕੇ ਖੜ੍ਹਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਧੁੰਦ ਵਿਚ ਵਾਹਨ ਚਲਾਉਂਦੇ ਹੋਏ ਗੈਰ-ਜ਼ਰੂਰੀ ਓਵਰਟੇਕਿੰਗ ਨਾ ਕੀਤੀ ਜਾਵੇ, ਲੇਨ ਨਾ ਬਦਲੀ ਜਾਵੇ ਅਤੇ ਭੀੜ ਵਾਲੀਆਂ ਸੜਕਾਂ ’ਤੇ ਵਾਹਨ ਨੂੰ ਰੋਕਣ ਤੋਂ ਬਚਿਆ ਜਾਵੇ।