ਕੰਵਰ ਇਕਬਾਲ ਸਿੰਘ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਜ਼ਿਲ੍ਹਾ ਚੇਅਰਮੈਨ ਨਿਯੁਕਤ

*ਐਕਸਾਈਜ਼ ਤੇ ਜੀਐੱਸਟੀ ਵਿਭਾਗ ਕਪੂਰਥਲਾ ਦੇ ਚਾਰਾਂ ਹਲਕਿਆਂ ਦੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ : ਇਕਬਾਲ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਖਜ਼ਾਨਾ ਮੰਤਰੀ ਵਜੋਂ ਸੇਵਾਵਾਂ ਦੇ ਰਹੇ ਪੰਜਾਬ ਰਾਜ ਵਪਾਰੀ ਕਮਿਸ਼ਨ ਪੰਜਾਬ ਦੇ ਨਵ-ਨਿਯੁਕਤ ਚੇਅਰਮੈਨ ਹਰਪਾਲ ਸਿੰਘ ਚੀਮਾ ਵੱਲੋਂ ਜ਼ਿਲ੍ਹਾ ਪੱਧਰ ਅਤੇ ਹਲਕਾ ਪੱਧਰ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਦੀ ਲੜੀ ਵਿਚ ਕਪੂਰਥਲਾ ਤੋਂ ਪਾਰਟੀ ਦੇ ਸੀਨੀਅਰ ਆਗੂ ਅਤੇ ਕੌਮਾਂਤਰੀ ਕਵੀ ਵਜੋਂ ਪੂਰੀ ਦੁਨੀਆ ਵਿਚ ਨਾਮਣਾ ਖੱਟਣ ਵਾਲੇ ਸ਼ਾਇਰ ਕੰਵਰ ਇਕਬਾਲ ਸਿੰਘ ਨੂੰ ਜ਼ਿਲ੍ਹਾ ਕਪੂਰਥਲਾ ਦਾ ਪੰਜਾਬ ਰਾਜ ਵਪਾਰੀ ਕਮਿਸ਼ਨ ਅਧੀਨ ਆਉਂਦੇ ਅਦਾਰਿਆਂ ਵਿਚ ਸ਼ਾਮਲ ਆਬਕਾਰੀ ਅਤੇ ਕਰ ਵਿਭਾਗ ਦੇ ਚੇਅਰਮੈਨ ਵਜੋਂ ਨਿਯੁਕਤ ਕਰਕੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪੰਜਾਬ ਰਾਜ ਵਪਾਰੀ ਕਮਿਸ਼ਨ ਪੰਜਾਬ ਦੇ ਵਾਈਸ ਚੇਅਰਮੈਨ ਅਨਿਲ ਠਾਕੁਰ ਨੇ ਦੱਸਿਆ ਕਿ ਸਾਲ 2013 ਤੋਂ ਆਮ ਆਦਮੀ ਪਾਰਟੀ ਨੂੰ ਆਪਣੀਆਂ ਯੋਗ ਸੇਵਾਵਾਂ ਦੇ ਰਹੇ ਪਾਰਟੀ ਦੇ ਨਿਧੜਕ ਲੀਡਰ ਕੰਵਰ ਇਕਬਾਲ ਸਿੰਘ ਜ਼ਿਲ੍ਹਾ ਪ੍ਰਧਾਨ ਆਪ ਟ੍ਰੇਡ ਵਿੰਗ ਨੂੰ ਪਾਰਟੀ ਹਾਈਕਮਾਨ ਨੇ ਪੰਜਾਬ ਸਰਕਾਰ ਦੇ ਅਦਾਰੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਚੰਡੀਗੜ੍ਹ ਵਿਚ ਬਤੌਰ ਮੈਂਬਰ ਸ਼ਾਮਲ ਕਰਕੇ ਪਹਿਲਾਂ ਹੀ ਬਹੁਤ ਹੀ ਵੱਡਾ ਮਾਣ ਬਖ਼ਸ਼ਿਆ ਹੋਇਆ ਹੈ। ਸੈਕਟਰ 26 ਵਿਚ ਸਥਿਤ ਪੰਜਾਬ ਸਟੇਟ ਕੌਂਸਲ ਦੇ ਦਫ਼ਤਰ ਅਧੀਨ ਪੂਰੇ ਪੰਜਾਬ ਦੇ ਸਕੂਲਾਂ, ਕਾਲਜਾਂ, ਟੈਕਨੀਕਲ ਯੂਨੀਵਰਸਿਟੀਆਂ ਅਤੇ ਸਾਇੰਸ ਸਿਟੀ ਆਦਿ ਅਦਾਰਿਆਂ ਦੀ ਅਗਵਾਈ ਕਰਨ ਵਾਲੇ ਵਿਭਾਗ ਦੀ ਗਵਰਨਿੰਗ ਬਾਡੀ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਬਤੌਰ ਪ੍ਰੈਜ਼ੀਡੈਂਟ, ਫਾਈਨਾਂਸ ਮਨਿਸਟਰ ਪੰਜਾਬ ਹਰਪਾਲ ਸਿੰਘ ਚੀਮਾ ਬਤੌਰ ਵਾਈਸ ਪ੍ਰੈਜ਼ੀਡੈਂਟ ਤੇ ਬਹੁਤ ਸਾਰੇ ਕੈਬਨਿਟ ਮੰਤਰੀਆਂ ਸਮੇਤ ਕੰਵਰ ਇਕਬਾਲ ਸਿੰਘ ਵੀ ਕੈਬਨਿਟ ਰੈਂਕ ਤੇ ਮੈਂਬਰ ਵਜੋਂ ਸੇਵਾਵਾਂ ਦੇ ਰਹੇ ਹਨ। ਵਿਸ਼ੇਸ਼ ਤੌਰ ’ਤੇ ਇਹ ਵੀ ਵਰਨਣਯੋਗ ਹੈ ਕਿ ਸੂਬਾ ਸਰਕਾਰ ਉਰਦੂ ਅਕੈਡਮੀ ਪੰਜਾਬ ਦੀ 21 ਮੈਂਬਰੀ ਕਮੇਟੀ ਵਿਚ ਵੀ ਸ਼ਾਇਰ ਕੰਵਰ ਇਕਬਾਲ ਸਿੰਘ ਦੀਆਂ ਯੋਗ ਸੇਵਾਵਾਂ ਲੈ ਰਹੀ ਹੈ।
ਜ਼ਿਕਰਯੋਗ ਹੈ ਕਿ ਪਾਰਟੀ ਨੇ ਜਦੋਂ ਵੀ ਹਲਕਾ ਕਪੂਰਥਲਾ ਤੋਂ ਇਲਾਵਾ ਪੰਜਾਬ ਸਮੇਤ ਗੁਜਰਾਤ, ਹਰਿਆਣਾ ਅਤੇ ਦਿੱਲੀ ਸਮੇਤ ਹੋਰ ਸੂਬਿਆਂ ਵਿਚ ਜਿਥੇ ਵੀ ਕੰਵਰ ਇਕਬਾਲ ਸਿੰਘ ਦੀ ਸਟਾਰ ਪ੍ਰਚਾਰਕ ਵਜੋਂ ਚੋਣ ਪ੍ਰਚਾਰ ਦੀ ਡਿਊਟੀ ਲਾਈ ਹੈ, ਇਨ੍ਹਾਂ ਨੇ ਬੜੀ ਹੀ ਇਮਾਨਦਾਰੀ ਅਤੇ ਤਨ, ਮਨ, ਧਨ ਨਾਲ ਆਪਣਾ ਫ਼ਰਜ਼ ਨਿਭਾਇਆ ਹੈ। ਪੰਜਾਬੀ ਸ਼ਾਇਰ ਵਜੋਂ ਪੂਰੀ ਦੁਨੀਆ ਵਿਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਕੰਵਰ ਇਕਬਾਲ ਸਿੰਘ ਨੂੰ ਸਾਲ 2016 ਵਿਚ ਵੀ ਪਾਰਟੀ ਹਾਈਕਮਾਨ ਨੇ ਪੰਜਾਬ ਦੀ 5 ਮੈਂਬਰੀ ਸੱਭਿਆਚਾਰਕ ਕਮੇਟੀ ਦਾ ਮੈਂਬਰ ਨਿਯੁਕਤ ਕਰਕੇ ਪੂਰੇ ਪੰਜਾਬ ਦਾ ਸੱਭਿਆਚਾਰਕ ਢਾਂਚਾ ਮਜ਼ਬੂਤ ਕਰਵਾਇਆ ਸੀ। ਕੰਵਰ ਇਕਬਾਲ ਸਿੰਘ ਨੇ ਕਿਹਾ ਕਿ ਪਾਰਟੀ ਹਾਈਕਮਾਨ ਵੱਲੋਂ ਜੀਐੱਸਟੀ ਤੇ ਐਕਸਾਈਜ਼ ਵਿਭਾਗ ਦੇ ਚੇਅਰਮੈਨ ਦੀ ਦਿੱਤੀ ਜ਼ਿੰਮੇਵਾਰੀ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਭਵਿੱਖ ਵਿਚ ਪਾਰਟੀ ਹਾਈਕਮਾਨ ਜਿਥੇ ਵੀ ਸੇਵਾ ਲਾਵੇਗੀ, ਉਹ ਖਿੜੇ ਮੱਥੇ ਪ੍ਰਵਾਨ ਕਰਨਗੇ।