ਐੱਲਈਡੀ ਬੱਲਬ ਦੀ ਰੌਸ਼ਨੀ ਸਹੂਲਤ ਜਾਂ ਨੁਕਸਾਨ
ਐਲਈਡੀ ਬੱਲਬ ਦੀ ਰੌਸ਼ਨੀ ਲੋਕਾਂ ਲਈ ਸਹੂਲਤ ਹੈ ਜਾਂ ਸਿਹਤ ਨੂੰ ਨੁਕਸਾਨ
Publish Date: Sat, 14 Feb 2026 09:55 PM (IST)
Updated Date: Sat, 14 Feb 2026 09:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਡਡਵਿੰਡੀ : ਅੱਜ ਦੇ ਸਮੇਂ ਵਿਚ ਐੱਲਈਡੀ ਬੱਲਬ ਘਰਾਂ, ਦੁਕਾਨਾਂ, ਸਕੂਲਾਂ ਤੇ ਦਫ਼ਤਰਾਂ ਦੀ ਲਾਜ਼ਮੀ ਲੋੜ ਬਣ ਚੁੱਕੇ ਹਨ। ਘੱਟ ਬਿਜਲੀ ਦੀ ਖਪਤ ਤੇ ਲੰਬੀ ਉਮਰ ਕਰਕੇ ਲੋਕ ਇਨ੍ਹਾਂ ਨੂੰ ਬਿਨਾਂ ਸੋਚੇ-ਸਮਝੇ ਵਰਤ ਰਹੇ ਹਨ, ਪਰ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਐੱਲਈਡੀ ਦੀ ਨੀਲੀ ਤੇ ਤੇਜ਼ ਰੌਸ਼ਨੀ ਵਿਚ ਜ਼ਿਆਦਾ ਸਮਾਂ ਬਿਤਾਉਣਾ ਸਰੀਰ ਤੇ ਦਿਮਾਗ ਦੋਵਾਂ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। --ਅੱਖਾਂ ਅਤੇ ਸਰੀਰ ‘ਤੇ ਅਸਰ ਡਾ. ਜੇਕੇ ਗੁਪਤਾ ਪ੍ਰਸਿੱਧ ਨੇਤਰ ਵਿਗਿਆਨੀ ਅਨੁਸਾਰ ਐੱਲਈਡੀ ਬੱਲਬਾਂ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਅੱਖਾਂ ਦੇ ਰੈਟੀਨਾ ‘ਤੇ ਦਬਾਅ ਪਾਉਂਦੀ ਹੈ। ਇਸ ਨਾਲ ਅੱਖਾਂ ‘ਚ ਜਲਣ, ਸੁੱਕਾਪਣ, ਪਾਣੀ ਆਉਣਾ, ਸਿਰ ਦਰਦ ਤੇ ਲੰਬੇ ਸਮੇਂ ਵਿਚ ਨਜ਼ਰ ਕਮਜ਼ੋਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੁਕਾਨਾਂ ਤੇ ਦਫ਼ਤਰਾਂ ’ਚ ਬੈਠਣ ਵਾਲੇ ਲੋਕ ਇਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। --ਐੱਲਈਡੀ ਤੇ ਸਕਰੀਨਾਂ ਦੀ ਨੀਲੀ ਰੌਸ਼ਨੀ ਮਨ ‘ਤੇ ਪ੍ਰਭਾਵ ਪਾਉਂਦੀ ਹੈ ਡਾ. ਕੁਲਦੀਪ ਕਲੇਰ ਦੱਸਦੇ ਹਨ ਕਿ ਨੀਲੀ ਰੌਸ਼ਨੀ ਸਰੀਰ ਵਿਚ ਮੈਲਾਟੋਨਿਨ ਹਾਰਮੋਨ ਦੀ ਬਣਤਰ ਨੂੰ ਘਟਾਉਂਦੀ ਹੈ, ਜੋ ਨੀਂਦ ਲਈ ਬਹੁਤ ਜ਼ਰੂਰੀ ਹੈ। ਇਸ ਕਾਰਨ ਨੀਂਦ ਨਾ ਆਉਣਾ, ਰਾਤ ਨੂੰ ਵਾਰ-ਵਾਰ ਜਾਗਣਾ, ਦਿਮਾਗੀ ਥਕਾਵਟ, ਧਿਆਨ ਘਟਣਾ ਤੇ ਯਾਦਦਾਸ਼ਤ ‘ਤੇ ਮਾੜਾ ਅਸਰ ਪੈ ਸਕਦਾ ਹੈ। ਲਗਾਤਾਰ ਨੀਂਦ ਦੀ ਕਮੀ ਨਾਲ ਦਿਲ ਦੀਆਂ ਬਿਮਾਰੀਆਂ ਤੇ ਤਣਾਅ ਵੀ ਵਧ ਸਕਦਾ ਹੈ। ਮਨੋਵਿਗਿਆਨੀ ਡਾਕਟਰਾਂ ਅਨੁਸਾਰ ਐੱਲਈਡੀ ਤੇ ਸਕਰੀਨਾਂ ਦੀ ਨੀਲੀ ਰੌਸ਼ਨੀ ਮਨ ‘ਤੇ ਵੀ ਪ੍ਰਭਾਵ ਪਾਉਂਦੀ ਹੈ। ਲੰਬੇ ਸਮੇਂ ਤੱਕ ਇਸ ਰੌਸ਼ਨੀ ‘ਚ ਰਹਿਣ ਨਾਲ ਚਿੜਚਿੜਾਪਣ, ਬੇਚੈਨੀ, ਡਿਪ੍ਰੈਸ਼ਨ ਦੇ ਲੱਛਣ ਤੇ ਗੁੱਸਾ ਵਧ ਸਕਦਾ ਹੈ। ਖ਼ਾਸ ਕਰਕੇ ਬੱਚਿਆਂ ਤੇ ਨੌਜਵਾਨਾਂ ਵਿਚ ਧਿਆਨ ਦੀ ਕਮੀ ਤੇ ਵਿਹਾਰਕ ਸਮੱਸਿਆਵਾਂ ਦੇ ਮਾਮਲੇ ਵਧ ਰਹੇ ਹਨ। --ਘਰਾਂ ‘ਚ ਵਾਰਮ ਵ੍ਹਾਈਟ ਜਾਂ ਪੀਲੀ ਰੌਸ਼ਨੀ ਵਾਲੇ ਐੱਲਈਡੀ ਬੱਲਬ ਹੀ ਵਰਤੇ ਜਾਣ ਨੇਤਰ ਵਿਗਿਆਨੀ ਡਾ. ਜੇਕੇ ਗੁਪਤਾ ਸਲਾਹ ਦਿੰਦੇ ਹਨ ਕਿ ਘਰਾਂ ‘ਚ ਵਾਰਮ ਵ੍ਹਾਈਟ ਜਾਂ ਪੀਲੀ ਰੌਸ਼ਨੀ ਵਾਲੇ ਐੱਲਈਡੀ ਬੱਲਬ ਹੀ ਵਰਤੇ ਜਾਣ। ਨਿਊਰੋਲਾਜਿਸਟਾਂ ਮੁਤਾਬਕ ਰਾਤ ਨੂੰ ਸੌਣ ਤੋਂ ਘੱਟੋ-ਘੱਟ ਇਕ ਘੰਟਾ ਪਹਿਲਾਂ ਤੇਜ਼ ਰੌਸ਼ਨੀ ਤੇ ਸਕਰੀਨਾਂ ਤੋਂ ਦੂਰੀ ਬਣਾਈ ਰੱਖੋ। ਮਨੋਵਿਗਿਆਨੀ ਕਹਿੰਦੇ ਹਨ ਕਿ ਹਰ 30–40 ਮਿੰਟ ਬਾਅਦ ਅੱਖਾਂ ਤੇ ਦਿਮਾਗ ਨੂੰ ਆਰਾਮ ਦੇਣਾ ਚਾਹੀਦਾ ਹੈ, ਬੱਚਿਆਂ ਦੇ ਕਮਰਿਆਂ ਵਿਚ ਬਹੁਤ ਤੇਜ਼ ਐਲਈਡੀ ਲਾਈਟ ਲਗਾਉਣ ਤੋਂ ਪਰਹੇਜ਼ ਕੀਤਾ ਜਾਵੇ, ਜੇ ਅੱਖਾਂ ‘ਚ ਜਲਨ, ਨੀਂਦ ਦੀ ਸਮੱਸਿਆ ਜਾਂ ਲਗਾਤਾਰ ਸਿਰ ਦਰਦ ਰਹਿੰਦਾ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਸਿਹਤ ਮਾਹਿਰਾਂ ਦਾ ਸਪੱਸ਼ਟ ਕਹਿਣਾ ਹੈ ਕਿ ਐੱਲਈਡੀ ਬੱਲਬ ਆਪਣੇ-ਆਪ ਵਿਚ ਮਾੜੇ ਨਹੀਂ ਹਨ, ਪਰ ਉਨ੍ਹਾਂ ਦੀ ਅਤਿ ਵਰਤੋਂ ਤੇ ਗਲਤ ਕਿਸਮ ਦੀ ਰੌਸ਼ਨੀ ਸਰੀਰ, ਅੱਖਾਂ ਤੇ ਦਿਮਾਗ ਲਈ ਨੁਕਸਾਨਦਾਇਕ ਬਣ ਸਕਦੀ ਹੈ। ਜੇਕਰ ਸਹੀ ਰੌਸ਼ਨੀ ਦੀ ਚੋਣ ਤੇ ਡਾਕਟਰਾਂ ਦੀ ਸਲਾਹ ਮੁਤਾਬਕ ਆਦਤਾਂ ਅਪਣਾਈਆਂ ਜਾਣ, ਤਾਂ ਅਸੀਂ ਇਸ ਤਕਨਾਲੋਜੀ ਦੇ ਫਾਇਦੇ ਲੈ ਕੇ ਨੁਕਸਾਨ ਤੋਂ ਬਚ ਸਕਦੇ ਹਾਂ।