ਸਕੂਲ ’ਚ ਅੰਤਰ ਸਕੂਲ ਕਵਿਤਾ ਉਚਾਰਨ ਮੁਕਾਬਲੇ ਕਰਵਾਏ
ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਵਿਖੇ ਅੰਤਰ ਸਕੂਲ ਕਵਿਤਾ ਉਚਾਰਨ ਮੁਕਾਬਲੇ ਕਰਵਾਏ
Publish Date: Fri, 21 Nov 2025 08:01 PM (IST)
Updated Date: Fri, 21 Nov 2025 08:04 PM (IST)

ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ ਨਡਾਲਾ : ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਨਡਾਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਅੰਤਰ ਸਕੂਲ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਇਲਾਕੇ ਦੇ ਵੱਖ-ਵੱਖ 10 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਾਰੇ ਹੀ ਵਿਦਿਆਰਥੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨਾਲ ਸਬੰਧਿਤ ਕਵਿਤਾਵਾਂ ਬਾਖੂਬੀ ਪੇਸ਼ ਕੀਤੀਆਂ। ਇਸ ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਡਾ. ਰਣਜੀਤ ਕੌਰ ਤੇ ਸਰਬਜੀਤ ਸਿੰਘ ਨੇ ਨਿਭਾਈ। ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਇਨ੍ਹਾਂ ਦੋਵੇਂ ਜੱਜਾਂ ਨੇ ਸ਼ਲਾਘਾ ਕੀਤੀ। ਇਸ ਦੌਰਾਨ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੁਕਾਬਲੇ ਵਿੱਚ ਸਭ ਤੋਂ ਪਹਿਲਾਂ ਸਥਾਨ ਸਾਹਿਬਜ਼ਾਦਾ ਜੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਨੇ ਹਾਸਲ ਕੀਤਾ, ਦੂਸਰਾ ਸਥਾਨ ਆਕਸਫੋਰਡ ਇੰਟਰਨੈਸ਼ਨਲ ਪਬਲਿਕ ਸਕੂਲ ਅਤੇ ਤੀਸਰਾ ਸਥਾਨ ਡਿਪਸ ਕਾਨਵੈਂਟ ਸਕੂਲ ਲੱਖਣ ਕੇ ਪੱਡਾ ਨੇ ਹਾਸਲ ਕੀਤਾ। ਡਿਪਸ ਸਕੂਲ ਬੇਗੋਵਾਲ ਅਤੇ ਐੱਸਪੀਐੱਸ ਇੰਟਰਨੈਸ਼ਨਲ ਸਕੂਲ ਬੇਗੋਵਾਲ ਦੇ ਵਿਦਿਆਰਥੀਆਂ ਨੂੰ ਵੀ ਹੌਸਲਾ ਅਫਜਾਈ ਲਈ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਦਲਵੀਰ ਕੌਰ ਨੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਤੇ ਉਨ੍ਹਾਂ ਦੇ ਪ੍ਰਿੰਸੀਪਲਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਅੱਜ ਦੇ ਯੁੱਗ ਵਿੱਚ ਵਿਦਿਆਰਥੀਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਤੇ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਵਾਈਸ ਪ੍ਰਿੰਸੀਪਲ ਰਜਵੰਤ ਕੌਰ, ਮੋਨਿਕਾ ਅਰੋੜਾ, ਗੁਰਪ੍ਰੀਤ ਸਿੰਘ, ਵਿਜੇ ਜੋਸ਼ੀ ਆਦਿ ਹਾਜ਼ਰ ਸਨ।