ਦਿੱਲੀ ਦੇ ਉੱਪ ਮੁੱਖ ਮੰਤਰੀ ਨੇ ਲਏ ਸੱਜਣ ਸਿੰਘ ਚੀਮਾ ਦੇ ਆਟੋਗ੍ਰਾਫ
ਦਿੱਲੀ ’ਚ ਅੰਤਰਰਾਸ਼ਟਰੀ ਅਰਜੁਨਾ ਐਵਾਰਡੀ ਖਿਡਾਰੀ ਸੱਜਣ ਸਿੰਘ ਚੀਮਾ ਦੀ ਫਿਰ ਹੋਈ ਚਰਚਾ
Publish Date: Sun, 04 Jan 2026 07:41 PM (IST)
Updated Date: Sun, 04 Jan 2026 07:44 PM (IST)

ਡਡਵਿੰਡੀ : ਖੇਡ ਦੇ ਮੈਦਾਨ ਤੋਂ ਲੈ ਕੇ ਸਿਆਸਤ ਦੇ ਗਲਿਆਰਿਆਂ ਤੱਕ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਅੰਤਰਰਾਸ਼ਟਰੀ ਪੱਧਰ ਦੇ ਅਰਜੁਨਾ ਐਵਾਰਡੀ ਬਾਸਕਿਟਬਾਲ ਖਿਡਾਰੀ ਸੱਜਣ ਸਿੰਘ ਚੀਮਾ ਇਕ ਵਾਰ ਫਿਰ ਦਿੱਲੀ ਵਿਚ ਚਰਚਾ ਦਾ ਕੇਂਦਰ ਬਣ ਗਏ ਹਨ। ਦਿੱਲੀ ਦੌਰੇ ਦੌਰਾਨ ਉਸ ਸਮੇਂ ਖਾਸ ਮੌਕਾ ਵੇਖਣ ਨੂੰ ਮਿਲਿਆ, ਜਦੋਂ ਦਿੱਲੀ ਦੇ ਉਪ ਮੁੱਖ ਮੰਤਰੀ ਪ੍ਰਵੇਸ਼ ਵਰਮਾ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਆਟੋਗ੍ਰਾਫ ਦੀ ਅਪੀਲ ਕੀਤੀ ਅਤੇ ਆਟੋਗ੍ਰਾਫ ਹਾਸਲ ਕੀਤਾ। ਇਸ ਮੌਕੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਸੱਜਣ ਸਿੰਘ ਚੀਮਾ ਦੇ ਅੰਤਰਰਾਸ਼ਟਰੀ ਖਿਡਾਰੀ ਰੁਤਬੇ ਅਤੇ ਲੋਕਪ੍ਰਿਯਤਾ ਦੀ ਸਾਫ਼ ਝਲਕ ਨਜ਼ਰ ਆਉਂਦੀ ਹੈ। ਵੀਡੀਓ ਦੇ ਵਾਇਰਲ ਹੋਣ ਮਗਰੋਂ ਕਪੂਰਥਲਾ ਜ਼ਿਲ੍ਹੇ ਸਮੇਤ ਸੁਲਤਾਨਪੁਰ ਲੋਧੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਮਾਣ ਅਤੇ ਖੁਸ਼ੀ ਦੀ ਲਹਿਰ ਦੌੜ ਗਈ ਹੈ। ਗੌਰਤਲਬ ਹੈ ਕਿ ਸੱਜਣ ਸਿੰਘ ਚੀਮਾ ਭਾਰਤ ਦੇ ਪ੍ਰਸਿੱਧ ਬਾਸਕਿਟਬਾਲ ਖਿਡਾਰੀਆਂ ਵਿਚ ਸ਼ੁਮਾਰ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਖੇਡਾਂ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਲਈ ਅਰਜੁਨਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਖੇਡਾਂ ਵਿਚ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਤੋਂ ਬਾਅਦ ਉਹ ਹੁਣ ਸੁਲਤਾਨਪੁਰ ਲੋਧੀ ਹਲਕੇ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਲਗਾਤਾਰ ਸਿਰਤੋੜ ਯਤਨ ਕਰ ਰਹੇ ਹਨ। ਇਸ ਘਟਨਾ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸੱਚੀ ਕਾਬਲੀਅਤ, ਮਿਹਨਤ ਅਤੇ ਲਗਨ ਨਾਲ ਮਿਲਿਆ ਮਾਣ ਸਮੇਂ ਦੇ ਨਾਲ ਹੋਰ ਨਿਖਰਦਾ ਹੈ, ਚਾਹੇ ਮੈਦਾਨ ਖੇਡ ਦਾ ਹੋਵੇ ਜਾਂ ਸਿਆਸਤ ਦਾ।