ਸਹੁਰਾ ਪਰਿਵਾਰ ਨੇ ਨੂੰਹ ’ਤੇ ਲਾਇਆ ਚੋਰੀ ਦਾ ਦੋਸ਼, ਜਾਂਚ ਜਾਰੀ
ਸਹੁਰਾ ਪਰਿਵਾਰ ਵੱਲੋਂ ਨੂੰਹ ’ਤੇ ਨਗਦੀ ਤੇ ਗਹਿਣੇ ਚੋਰੀ ਕਰਨ ਦੇ ਦੋਸ਼, ਪੁਲਿਸ ਵੱਲੋਂ ਜਾਂਚ ਜਾਰੀ
Publish Date: Sun, 04 Jan 2026 08:59 PM (IST)
Updated Date: Sun, 04 Jan 2026 09:02 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਥਾਣਾ ਢਿੱਲਵਾਂ ਅਧੀਨ ਪੈਂਦੇ ਪਿੰਡ ਰਾਏਪੁਰ ਅਰਾਈਆਂ ਵਿਚ ਇਕ ਸਹੁਰਾ ਪਰਿਵਾਰ ਵੱਲੋਂ ਆਪਣੀ ਹੀ ਨੂੰਹ ’ਤੇ ਲੱਖਾਂ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁੱਚਾ ਸਿੰਘ ਅਤੇ ਉਸ ਦੀ ਪਤਨੀ ਜਸਵਿੰਦਰ ਕੌਰ, ਸਾਬਕਾ ਮੈਂਬਰ ਪੰਚਾਇਤ ਰਾਏਪੁਰ ਅਰਾਈਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮਨਜਿੰਦਰ ਸਿੰਘ ਇਟਲੀ ਵਿਚ ਰਹਿੰਦਾ ਹੈ। ਉਨ੍ਹਾਂ ਅਨੁਸਾਰ ਮਨਜਿੰਦਰ ਸਿੰਘ ਦੀ ਪਤਨੀ ਪ੍ਰਭਜੋਤ ਕੌਰ ਨੇ ਘਰ ਵਿਚ ਰੱਖਿਆ ਲਗਭਗ 25-30 ਤੋਲੇ ਸੋਨਾ ਚੋਰੀ ਕਰ ਲਿਆ, ਜਿਸ ਦਾ ਪਤਾ ਉਨ੍ਹਾਂ ਨੂੰ ਬੀਤੇ ਸਤੰਬਰ 2025 ਦੌਰਾਨ ਲੱਗਾ। ਸੁੱਚਾ ਸਿੰਘ ਨੇ ਦੋਸ਼ ਲਗਾਇਆ ਕਿ ਇਸ ਤੋਂ ਇਲਾਵਾ ਪ੍ਰਭਜੋਤ ਕੌਰ ਨੇ ਘਰ ਦੀ ਅਟੈਚੀ ਵਿਚ ਰੱਖੇ ਢਾਈ ਲੱਖ ਰੁਪਏ ਨਕਦ ਅਤੇ ਵੱਖ-ਵੱਖ ਬੈਂਕ ਖਾਤਿਆਂ ਵਿਚੋਂ ਹੌਲੀ-ਹੌਲੀ ਕਰਕੇ ਲਗਭਗ 7.14 ਲੱਖ ਰੁਪਏ ਯੂਪੀਆਈ ਅਤੇ ਹੋਰ ਤਰੀਕਿਆਂ ਰਾਹੀਂ ਕਢਵਾ ਲਏ। ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਡੀਐੱਸਪੀ ਭੁਲੱਥ ਕਰਨੈਲ ਸਿੰਘ ਵੱਲੋਂ ਇਨਸਾਫ ਦਾ ਭਰੋਸਾ ਦਿੱਤਾ ਗਿਆ ਸੀ, ਪਰ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਦੋ ਵਾਰ ਪੰਚਾਇਤ ਹੋਈ, ਜਿਸ ਦੌਰਾਨ ਨੂੰਹ ਨੇ ਪੈਸੇ ਵਾਪਸ ਕਰਨ ਦੀ ਗੱਲ ਮੰਨੀ ਸੀ, ਪਰ ਅਜੇ ਤੱਕ ਕੋਈ ਰਕਮ ਵਾਪਸ ਨਹੀਂ ਕੀਤੀ ਗਈ। ਪੀੜਤ ਪਰਿਵਾਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਉਹ ਐੱਸਐੱਸਪੀ ਕਪੂਰਥਲਾ ਕੋਲ ਫਰਿਆਦ ਲੈ ਕੇ ਜਾਣਗੇ। ਦੂਜੇ ਪਾਸੇ, ਜਦੋਂ ਪਿੰਡ ਹਬੀਬਵਾਲ ਸਥਿਤ ਨਾਨਕੇ ਘਰ ਰਹਿ ਰਹੀ ਪ੍ਰਭਜੋਤ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਸਨੇ ਅਤੇ ਉਸਦੇ ਨਾਨੇ ਕਰਤਾਰ ਸਿੰਘ ਨੇ ਸਹੁਰੇ ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਮਨਘੜੰਤ ਅਤੇ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਹੁਰਾ ਪਰਿਵਾਰ ਪ੍ਰਭਜੋਤ ਕੌਰ ਤੋਂ ਛੁਟਕਾਰਾ ਚਾਹੁੰਦਾ ਹੈ ਤੇ ਇਸੇ ਕਾਰਨ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ। ਉਨ੍ਹਾਂ ਅਨੁਸਾਰ ਮਾਮਲਾ ਇਸ ਸਮੇਂ ਪੁਲਿਸ ਕੋਲ ਵਿਚਾਰਧੀਨ ਹੈ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਨਸਾਫ ਮਿਲੇਗਾ। ਇਸ ਸਬੰਧੀ ਡੀਐਸਪੀ ਭੁਲੱਥ ਕਰਨੈਲ ਸਿੰਘ ਨੇ ਦੱਸਿਆ ਕਿ ਦੋਹਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਤੇ ਬੈਂਕ ਸਟੇਟਮੈਂਟਾਂ ਸਮੇਤ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਤਫਤੀਸ਼ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਦੀ ਸੱਚਾਈ ਸਾਹਮਣੇ ਆਵੇਗੀ ਅਤੇ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।