ਦਰਵੇਸ਼ ਪਿੰਡ ਦੇ ਘਰ ਅੰਨ੍ਹੇਵਾਹ ਫਾਇਰਿੰਗ
ਦਲਜੀਤ ਰਾਜੂ ਦਰਵੇਸ਼ ਪਿੰਡ ਦੇ ਘਰ ਅੰਨਾ ਧੁਨ ਹੋਈ ਫਾਇਰਿੰਗ
Publish Date: Thu, 27 Nov 2025 05:06 PM (IST)
Updated Date: Thu, 27 Nov 2025 05:08 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਸ਼ਹਿਰ ਅੰਦਰ ਨਸ਼ਾ ਮੁਕਤੀ ਮੁਹਿੰਮ ਨੂੰ ਹੁੰਗਾਰਾ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਨਸ਼ਾ ਮੁਕਤੀ ਮੁਹਿੰਮ ਦੇ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਪਿੰਡ ਦੇ ਘਰ ’ਚ ਦੇਰ ਰਾਤ ਦੋ ਅਣਪਛਾਤਿਆਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਮੌਕੇ ’ਤੇ ਮਿਲੀ ਜਾਣਕਾਰੀ ਮੁਤਾਬਿਕ ਬੁੱਧਵਾਰ ਰਾਤ ਤਕਰੀਬਨ 1 ਵੱਜਕੇ 10 ਮਿੰਟ ’ਤੇ ਦੋ ਨਕਾਬਪੋਸ਼ ਨੌਜਵਾਨ ਮੋਟਰਸਾਈਕਲ ’ਤੇ ਆਏ ਤੇ ਦਲਜੀਤ ਰਾਜੂ ਦੇ ਘਰ ਇਕ ਸਲਿਪ ਸੁੱਟਣ ਤੋਂ ਬਾਅਦ ਲਗਾਤਾਰ ਦੋ ਦਰਜਨ ਤੋਂ ਵੱਧ ਰਾਊਂਡ ਫਾਇਰਿੰਗ ਕਰਕੇ ਫਰਾਰ ਹੋ ਗਏ। ਇਸ ਘਟਨਾ ਵਿਚ ਕਿਸੇ ਜਾਨੀ ਮਾਲੀ ਨੁਕਸਾਨ ਦਾ ਬਚਾਅ ਰਿਹਾ ਪਰ ਘਰੇਲੂ ਲੱਗੇ ਸ਼ੀਸ਼ਿਆਂ ਦਾ ਕਾਫੀ ਨੁਕਸਾਨ ਹੋ ਗਿਆ। ਸੁੱਟੀ ਗਈ ਸਲਿਪ ਉੱਪਰ ਦਿਲਜੀਤ ਰਾਜੂ ਤੋਂ ਪੰਜ ਕਰੋੜ ਦੀ ਫਿਰੌਤੀ ਮੰਗੀ ਗਈ ਸੀ, ਜਿਸ ਸਬੰਧੀ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੀ ਜਾਂਚ ਜਾਣਕਾਰੀ ਮਿਲਦੇ ਸਾਰ ਡੀਐੱਸਪੀ ਭਾਰਤ ਭੂਸ਼ਣ ਮੌਕੇ ’ਤੇ ਪੁੱਜੇ ਅਤੇ ਵੱਖ-ਵੱਖ ਟੀਮਾਂ ਬਣਾ ਕੇ ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਮੁਹਿੰਮ ਤੇਜ਼ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਸਬ ਡਿਵੀਜ਼ਨ ਫਗਵਾੜਾ ਅੰਦਰ ਨਸ਼ਾ ਵੇਚਣ ਵਾਲਿਆਂ ਦਾ ਲੱਕ ਤੋੜ ਦਿੱਤਾ ਹੈ, ਜਿਸ ਕਾਰਨ ਨਸ਼ਾ ਤਸਕਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ। ਘਟਨਾ ਦੀ ਸੂਚਨਾ ਮਿਲਦੇ ਸਾਰ ਆਮ ਆਦਮੀ ਪਾਰਟੀ ਦੇ ਆਗੂ, ਵਰਕਰ ਤੇ ਸ਼ਹਿਰ ਵਾਸੀ ਵੱਡੀ ਗਿਣਤੀ ’ਚ ਦਲਜੀਤ ਰਾਜੂ ਦੇ ਘਰ ਪੁੱਜੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਦਲਜੀਤ ਦੇ ਘਰ ਪਹੁੰਚੇ ਤੇ ਹਾਲਚਾਲ ਜਾਣਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਤੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ, ਐੱਮਪੀ ਡਾ. ਰਾਜ ਕੁਮਾਰ ਚੱਬੇਵਾਲ, ਐੱਸਐੱਸਪੀ ਗੌਰਵ ਤੂਰਾ, ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ, ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ ਸਮੇਤ ਕਈ ਆਗੂਆਂ ਵੱਲੋਂ ਦਲਜੀਤ ਦੇ ਘਰ ਪਹੁੰਚ ਕੇ ਸਾਰੀ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਜਿਵੇਂ ਦਲਜੀਤ ਰਾਜੂ ਵੱਲੋਂ ਨਸ਼ਾ ਮੁਕਤੀ ਮੁਹਿੰਮ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ, ਉਸ ਨਾਲ ਨਸ਼ਾ ਤਸਕਰਾਂ ਵਿਚ ਬੁਖਲਾਹਟ ਪੈਦਾ ਹੋ ਚੁੱਕੀ ਹੈ। ਜੋ ਉਨ੍ਹਾਂ ਨੂੰ ਡਰਾਉਣ ਲਈ ਅਜਿਹੇ ਕਾਰਜਾਂ ਨੂੰ ਅੰਜਾਮ ਦੇ ਰਹੇ ਹਨ ਪਰ ਆਮ ਆਦਮੀ ਪਾਰਟੀ ਦਾ ਕੋਈ ਵੀ ਵਰਕਰ ਜਾਂ ਆਗੂ ਨਸ਼ਾ ਤਸਕਰਾਂ ਦੀਆਂ ਅਜਿਹੀਆਂ ਕੋਝੀਆਂ ਚਾਲਾਂ ਤੋਂ ਡਰਨ ਵਾਲਾ ਨਹੀਂ ਹੈ। ਮੌਕੇ ’ਤੇ ਪੁੱਜੇ ਐੱਮਪੀ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਜਿਨ੍ਹਾਂ ਨੇ ਵੀ ਆਮ ਆਦਮੀ ਪਾਰਟੀ ਦੇ ਸਿਰਕੱਢ ਆਗੂ ਦਲਜੀਤ ਰਾਜੂ ਦਰਵੇਸ਼ ਪਿੰਡ ਦੇ ਘਰ ਗੋਲੀਆਂ ਚਲਾਈਆਂ ਹਨ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਸਗੋਂ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇਗੀ।