ਰੋਡ ਸੰਘਰਸ਼ ਕਮੇਟੀ ਨੇ ਦੂਜੇ ਦਿਨ ਵੀ ਅਣਮਿੱਥੇ ਸਮੇਂ ਦਾ ਰੱਖਿਆ ਧਰਨਾ ਜਾਰੀ
ਕੜਾਕੇ ਦੀ ਠੰਢ ਵਿੱਚ ਰੋਡ ਸੰਘਰਸ਼ ਕਮੇਟੀ ਨੇ ਐਕਸਪ੍ਰੈਸ ਵੇਅ ਤੇ ਦੂਜੇ ਦਿਨ ਵੀ ਅਣਮਿੱਥੇ ਸਮੇਂ ਦਾ ਧਰਨਾ ਜਾਰੀ ਰੱਖਿਆ
Publish Date: Wed, 07 Jan 2026 07:55 PM (IST)
Updated Date: Thu, 08 Jan 2026 04:09 AM (IST)

ਅੱਜ ਦੀ ਮੀਟਿੰਗ ’ਚ ਪ੍ਰਸ਼ਾਸਨ ਤੇ ਨੈਸ਼ਨਲ ਹਾਈਵੇ ਅਥਾਰਟੀ ਨੇ ਸਮਾਂਬੱਧ ਫੈਸਲਾ ਨਾ ਲਿਆ ਤਾਂ ਧਰਨਾ ਵੱਢੇ ਪੱਧਰ ’ਤੇ ਜਾਰੀ ਰਹੇਗਾ : ਸੰਘਰਸ ਕਮੇਟੀ ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਰੋਡ ਸੰਘਰਸ਼ ਕਮੇਟੀ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਐਕਸਪ੍ਰੈਸ ਵੇਅ ਲਈ ਅਕਵਾਇਰ ਕੀਤੀਆਂ ਜਮੀਨਾਂ ਦੇ ਮੁਆਵਜੇ ਅਤੇ ਹੋਰ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਧਰਨਾ ਅੱਜ ਕੜਾਕੇ ਦੀ ਠੰਡ ਵਿੱਚ ਦੂਜੇ ਦਿਨ ਵੀ ਜਾਰੀ ਰਿਹਾ। ਇਸ ਮੌਕੇ ਕਿਸਾਨਾਂ ਨੇ ਨੈਸ਼ਨਲ ਹਾਈਵੇ ਅਥਾਰਟੀ, ਪ੍ਰਸ਼ਾਸਨ ਅਤੇ ਡੀ ਆਰ ਓ ਕਪੂਰਥਲਾ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਜੇ 8 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਕੋਈ ਫੈਸਲਾ ਨਾ ਲਿਆ ਗਿਆ ਤਾਂ ਇਹ ਧਰਨਾ ਇਸੇ ਤਰ੍ਹਾਂ ਵੱਡੇ ਪੱਧਰ ਤੇ ਜਾਰੀ ਰੱਖਿਆ ਜਾਵੇਗਾ ਤੇ ਨਿਰਮਾਣ ਕਾਰਜ ਨਹੀਂ ਹੋਣ ਦਿੱਤੇ ਜਾਣਗੇ। ਅੱਜ ਦੇ ਧਰਨੇ ’ਚ ਮੌਜੂਦ ਰੋਡ ਸੰਘਰਸ਼ ਕਮੇਟੀ ਦੇ ਆਗੂਆਂ ਪਰਮਜੀਤ ਸਿੰਘ ਤਲਵੰਡੀ ਚੌਧਰੀਆਂ,ਇੰਦਰਜੀਤ ਸਿੰਘ ਲਿਫਟਰ, ਜਸਵਿੰਦਰ ਸਿੰਘ ਬਈ, ਅਮਰਜੀਤ ਸਿੰਘ ਟਿੱਬਾ, ਸਾਬਕਾ ਸਰਪੰਚ ਜਸਵਿੰਦਰ ਕੌਰ, ਰਣਜੀਤ ਸਿੰਘ ਰਾਣਾ, ਸੁਖਦੇਵ ਸਿੰਘ ਟਿੱਬਾ, ਕਲਵਿੰਦਰ ਸਿੰਘ ਟਿੱਬਾ ਨੇ ਦੱਸਿਆ ਕਿ ਕਿ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਅੱਜ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ ਜੇਕਰ ਉਸ ਸਮੇਂ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਥਾਰਟੀ ਨੇ ਜਮੀਨਾਂ ਦੇ ਮੁੱਲ ਸਹੀ ਨਿਸ਼ਚਿਤ ਕੀਤੇ ਹੁੰਦੇ ਤਾਂ ਅੱਜ ਪ੍ਰਭਾਵਿਤ ਕਿਸਾਨਾਂ ਨੂੰ ਅਦਾਲਤਾਂ ਦੇ ਧੱਕੇ ਨਾਲ ਖਾਣੇ ਪੈਂਦੇ। ਉਨ੍ਹਾਂ ਨੇ ਕਿਹਾ ਕਿ ਹਰਿਆਣੇ ਅਤੇ ਰਾਜਸਥਾਨ ਵਿੱਚ ਕਿਸਾਨਾਂ ਨੂੰ ਇੱਕ ਕਿੱਲੇ ਦੀ ਕੀਮਤ ਇਕ ਕਰੋੜ ਤੋਂ ਉੱਪਰ ਦਿੱਤੀ ਗਈ ਹੈ ਜਦਕਿ ਹਲਕਾ ਸੁਲਤਾਨਪੁਰ ਲੋਧੀ ਅੰਦਰ 20 ਤੋਂ 40 ਲੱਖ ਪ੍ਰਤੀ ਏਕੜ ਹੀ ਮੁਆਵਜ਼ਾ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਆਰਬੀਟਰੇਸ਼ਨ ਟ੍ਰਿਬਿਊਨਲ ਦੇ ਫੈਸਲੇ ਨੂੰ ਨੈਸ਼ਨਲ ਹਾਈਵੇ ਨੇ ਸੈਕਸ਼ਨ 34 ਤਹਿਤ ਅਦਾਲਤ ਵਿੱਚ ਚੈਲੇੰਜ ਕੀਤਾ ਹੈ ਜਦ ਕਿ ਨੈਸ਼ਨਲ ਹਾਈਵੇ ਨੇ ਇਹ ਕਿਸਾਨਾਂ ਨਾਲ ਪਹਿਲਾਂ ਵਾਅਦਾ ਕੀਤਾ ਸੀ ਕਿ ਤੁਸੀਂ ਆਰਬੀਟਰੇਸ਼ਨ ਦੇ ਕੇਸ ਕਰੋ ਅਤੇ ਜੋ ਵੀ ਇਸ ਦਾ ਫੈਸਲਾ ਹੋਵੇਗਾ ਉਸ ਨੂੰ ਮੰਨਿਆ ਜਾਵੇਗਾ ਪਰ ਨੈਸ਼ਨਲ ਹਾਈਵੇ ਨੇ ਕਿਸਾਨਾਂ ਨਾਲ ਧੋਖਾ ਕਰਦਿਆਂ ਆਰਬੀਟਰੇਸ਼ਨ ਟ੍ਰਿਬਿਊਨਲ ਦੇ ਫੈਸਲੇ ਨੂੰ ਸੈਸ਼ਨ ਕੋਰਟ ਵਿੱਚ ਚੈਲੇੰਜ ਕਰ ਦਿੱਤਾ। ਜਿਸ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਹੁਣ ਹੁਣ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਅਦਾਲਤ ਵਿੱਚ ਕੈਲਕੂਲੇਸ਼ਨ ਸੀਟਾਂ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ ਜਿਸ ਕਾਰਨ ਮਾਣਯੋਗ ਸੈਸ਼ਨ ਕੋਰਟ ਕੋਈ ਫੈਸਲਾ ਨਹੀਂ ਲੈ ਰਹੀ। ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ 8 ਜਨਵਰੀ ਨੂੰ ਕਪੂਰਥਲਾ ਵਿਖੇ ਡੀ ਆਰ ਓ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨਾਲ਼ ਹੋਣ ਵਾਲੀ ਮੀਟਿੰਗ ’ਚ ਸਮਾਂਬੱਧ ਫੈਸਲਾ ਨਾ ਲਿਆ ਗਿਆ ਤਾਂ ਇਹ ਧਰਨਾ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਜਗਦੀਪ ਸਿੰਘ ਗਾਂਧਾ ਸਿੰਘ ਵਾਲਾ, ਰਵਿੰਦਰ ਸਿੰਘ, ਜਗਮੋਹਣ ਸਿੰਘ,ਕਿਹਰ ਸਿੰਘ, ਤਰਸੇਮ ਸਿੰਘ, ਜਸਵਿੰਦਰ ਸਿੰਘ, ਸੁਖਜਿੰਦਰ ਸਿੰਘ, ਬਲਬੀਰ ਸਿੰਘ ਆਦਿ ਹਾਜ਼ਰ ਸਨ ।