ਮਿੱਠੜਾ ਕਾਲਜ ਪੰਜਾਬ ’ਚ ਧਰਮ ਪਰਿਵਰਤਨ ’ਤੇ ਕਰੇਗਾ ਅਧਿਐਨ
ਮਿੱਠੜਾ ਕਾਲਜ ਨੂੰ ICSSR ਵੱਲੋਂ ਰਿਸਰਚ ਪ੍ਰੋਜੈਕਟ ਦੀ ਮਨਜ਼ੂਰੀ
Publish Date: Sat, 14 Feb 2026 09:41 PM (IST)
Updated Date: Sat, 14 Feb 2026 09:45 PM (IST)
ਆਈਸੀਐੱਸਐੱਸਆਰ ਵੱਲੋਂ ਰਿਸਰਚ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਫੱਤੂਢੀਂਗਾ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਿੱਧੇ ਪ੍ਰਬੰਧਾਂ ਅਧੀਨ ਆਉਂਦੇ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਨੂੰ ਅੱਜ ਉਸ ਵੇਲੇ ਅਤਿਅੰਤ ਮਾਣ ਮਹਿਸੂਸ ਹੋਇਆ ਜਦੋਂ ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ ਰਿਸਰਚ (ਆਈਸੀਐੱਸਐੱਸਆਰ) ਵੱਲੋਂ ਡਾ. ਜਗਸੀਰ ਸਿੰਘ ਸਮਾਜ ਵਿਗਿਆਨ ਵਿਭਾਗ, ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਤੇ ਡਾ. ਬਲੀ ਬਹਾਦੁਰ, ਸਮਾਜ ਵਿਗਿਆਨ ਵਿਭਾਗ, ਕੇਂਦਰੀ ਯੂਨੀਵਰਸਿਟੀ ਪੰਜਾਬ (ਬਠਿੰਡਾ) ਨੂੰ “ਪੰਜਾਬ ਵਿਚ ਧਰਮ ਪਰਿਵਰਤਨ : ਪਸਾਰ, ਕਾਰਨ ਤੇ ਪ੍ਰਭਾਵ” ਸਿਰਲੇਖ ਹੇਠ ਰਿਸਰਚ ਪ੍ਰੋਜੈਕਟ ਮਨਜ਼ੂਰ ਕੀਤਾ ਗਿਆ। ਇਸ ਖੋਜ ਦਾ ਮੁੱਖ ਉਦੇਸ਼ ਪੰਜਾਬ ਵਿਚ ਧਰਮ ਪਰਿਵਰਤਨ ਦੀ ਪ੍ਰਕਿਰਿਆ ਨੂੰ ਤਾਰਕਿਕ ਤੇ ਤੱਥਾਂ ਦੇ ਅਧਾਰ ’ਤੇ ਸਮਝਣਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ. ਜਗਸੀਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਖੋਜ ਰਾਹੀਂ ਧਰਮ ਪਰਿਵਰਤਨ ਦੇ ਸਮਾਜਿਕ, ਆਰਥਿਕ, ਰਾਜਨੀਤਿਕ ਤੇ ਸਭਿਆਚਾਰਕ ਕਾਰਕਾਂ ਦੀ ਵਿਸਤ੍ਰਿਤ ਪੜਤਾਲ ਕੀਤੀ ਜਾਵੇਗੀ ਤੇ ਇਸ ਦੇ ਪੰਜਾਬੀ ਸਮਾਜ ‘ਤੇ ਪੈ ਰਹੇ ਦੂਰਗਾਮੀ ਪ੍ਰਭਾਵਾਂ ਦਾ ਅਧਿਐਨ ਵੀ ਕੀਤਾ ਜਾਵੇਗਾ, ਜੋ ਪੰਜਾਬ ਦੇ ਸਮਾਜਿਕ ਤਾਣੇ-ਬਾਣੇ ਤੇ ਧਾਰਮਿਕ ਗਤੀਵਿਧੀਆਂ ਨੂੰ ਸਮਝਣ ਵਿਚ ਇਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ। ਇਸ ਪ੍ਰਾਪਤੀ ਲਈ ਡਾ. ਬਰਾੜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਮਾਣਯੋਗ ਉਪ-ਕੁਲਪਤੀ ਪ੍ਰੋਫੈਸਰ (ਡਾ.) ਕਰਮਜੀਤ ਸਿੰਘ ਤੇ ਪ੍ਰੋਫੈਸਰ (ਡਾ.) ਸਰੋਜ ਅਰੋੜਾ, ਡੀਨ ਕਾਲਜਿਜ਼ ਡਿਵੈੱਲਪਮੈਂਟ ਕੌਂਸਲ ਜੀ ਦੇ ਮਾਰਗ-ਦਰਸ਼ਨ ਤੇ ਸਹਿਯੋਗ ਲਈ ਧੰਨਵਾਦ ਕੀਤਾ ਤੇ ਨਾਲ ਹੀ ਕਿਹਾ ਕਿ ਕਾਲਜ ਵਿੱਦਿਅਕ, ਸਭਿਆਚਾਰਕ ਤੇ ਖੇਡਾਂ ਦੇ ਨਾਲ-ਨਾਲ ਖੋਜ ਦੇ ਖੇਤਰ ਵਿਚ ਵੀ ਆਪਣਾ ਬਣਦਾ ਯੋਗਦਾਨ ਦੇਣ ਲਈ ਨਿਰੰਤਰ ਤਤਪਰ ਹੈ। ਅਕਾਦਮਿਕ ਤੇ ਬੁੱਧੀਜੀਵੀ ਵਰਗ ਵੱਲੋਂ ਇਸ ਉਪਲਬਧੀ ਦੀ ਭਰਪੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਸਹਿਕਰਮੀ ਅਧਿਆਪਕਾਂ, ਖੋਜ ਵਿਦਵਾਨਾਂ ਤੇ ਵਿਦਿਆਰਥੀਆਂ ਨੇ ਇਸ ਮਹੱਤਵਪੂਰਨ ਪ੍ਰਾਪਤੀ ਲਈ ਡਾ. ਬਰਾੜ ਨੂੰ ਵਧਾਈ ਦਿੱਤੀ ਹੈ ਤੇ ਉਮੀਦ ਜਤਾਈ ਹੈ ਕਿ ਇਹ ਰਿਸਰਚ ਭਵਿੱਖ ਵਿਚ ਨੀਤੀ-ਨਿਰਧਾਰਣ ਤੇ ਸਮਾਜਿਕ ਸਮਝ ਨੂੰ ਮਜ਼ਬੂਤ ਕਰਨ ਵਿਚ ਯੋਗਦਾਨ ਪਾਏਗੀ। ਇਹ ਮਨਜ਼ੂਰੀ ਨਾ ਸਿਰਫ਼ ਉਨ੍ਹਾਂ ਦੀ ਨਿੱਜੀ ਅਕਾਦਮਿਕ ਸਫਲਤਾ ਹੈ, ਸਗੋਂ ਪੰਜਾਬ ਦੇ ਉੱਚ ਸਿੱਖਿਆ ਖੇਤਰ ਲਈ ਵੀ ਗੌਰਵ ਦਾ ਵਿਸ਼ਾ ਹੈ, ਜੋ ਖੋਜ ਤੇ ਗਿਆਨ-ਵਿਕਾਸ ਦੇ ਨਵੇਂ ਰਾਸਤੇ ਖੋਲ੍ਹੇਗੀ।