ਚੈੱਕ ਬਾਊਂਸ ਮਾਮਲੇ ’ਚ ਹੋਟਲ ਮਾਲਕ ਨੂੰ 2 ਸਾਲ ਦੀ ਸਜ਼ਾ
ਚੈੱਕ ਬਾਊਂਸ ਮਾਮਲੇ ਵਿੱਚ ਮਾਨਯੋਗ ਅਦਾਲਤ ਨੇ ਸੁਣਾਇਆ ਇਤਿਹਾਸਿਕ ਫੈਸਲਾ
Publish Date: Thu, 27 Nov 2025 09:36 PM (IST)
Updated Date: Thu, 27 Nov 2025 09:38 PM (IST)

10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਵੀ ਜਾਰੀ ਕੀਤਾ ਹੁਕਮ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸੁਲਤਾਨਪੁਰ ਲੋਧੀ ਦੀ ਅਦਾਲਤ ਨੇ ਸੁਣਾਇਆ ਫੈਸਲਾ ਪੱਤਰ ਪ੍ਰੇਰਕ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ : ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸੁਲਤਾਨਪੁਰ ਲੋਧੀ ਦੀ ਅਦਾਲਤ ਨੇ ਚੈੱਕ ਬਾਉਂਸ ਦੇ ਇਕ ਮਾਮਲੇ ਵਿਚ ਇਤਿਹਾਸਿਕ ਫੈਸਲਾ ਸੁਣਾਉਂਦੇ ਹੋਏ ਸ਼ਹਿਰ ਦੇ ਇਕ ਰੈਸਟੋਰੈਂਟ ਦੇ ਮਾਲਕ ਨੂੰ ਦੋ ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨਾ ਦੀ ਸਜ਼ਾ ਸੁਣਾਉਣ ਦੇ ਨਾਲ-ਨਾਲ ਮਾਮਲੇ ਦੇ ਸ਼ਿਕਾਇਤਕਰਤਾ ਨੂੰ 10 ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇਣ ਦੇ ਹੁਕਮ ਜਾਰੀ ਕੀਤੇ ਹਨ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਜੈਮਲ ਸਿੰਘ ਪ੍ਰੋਪਾਰਟਰ ਜੈਮਲ ਸਿੰਘ ਜਪਜੀਤ ਸਿੰਘ ਕਮਿਸ਼ਨ ਏਜੰਟ ਸ਼ਾਪ ਨੰਬਰ 7 ਨਿਊ ਗਰੇਨ ਮਾਰਕੀਟ ਸੁਲਤਾਨਪੁਰ ਲੋਧੀ ਕਪੂਰਥਲਾ ਨੇ ਜਿਊਡਸ਼ੀਅਲ ਮੈਜਿਸਟਰੇਟ ਫਸਟ ਕਲਾਸ ਸੁਲਤਾਨਪੁਰ ਲੋਧੀ ਮਾਨਯੋਗ ਜੱਜ ਸਰਵੇਸ਼ ਸਿੰਘ ਦੀ ਅਦਾਲਤ ਵਿਚ ਮਨਦੀਪ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਮਾਛੀ ਜੋਆ ਜੋ ਕਿ ਸ਼ਹਿਰ ਵਿਚ ਪ੍ਰਮੁੱਖ ਰੈਸਟੋਰੈਂਟ ਰਿਮ ਜਿਮ ਦਾ ਮਾਲਕ ਹੈ, ਦੇ ਖਿਲਾਫ ਅਦਾਲਤ ਵਿਚ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਮਨਦੀਪ ਸਿੰਘ ਉਨ੍ਹਾਂ ਦੀ ਫਰਮ ਤੋਂ ਸਮੇਂ-ਸਮੇਂ ’ਤੇ ਉਧਾਰ ਰਕਮ ਲੈਂਦਾ ਸੀ ਅਤੇ ਉਹ ਵਿਆਜ ਸਮੇਤ ਬਾਅਦ ਵਿਚ ਉਧਾਰ ਲਈ ਰਕਮ ਵਾਪਸ ਕਰ ਦਿੰਦਾ ਸੀ। ਇਸੇ ਦੌਰਾਨ ਮਨਦੀਪ ਸਿੰਘ ਵੱਲ ਉਨ੍ਹਾਂ ਦੀ ਫਰਮ ਦਾ 6 ਲੱਖ 10 ਹਜ਼ਾਰ 976 ਰੁਪਏਦਾ ਬਕਾਇਆ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਮਨਦੀਪ ਸਿੰਘ ਨੇ 4 ਜੂਨ 2018 ਨੂੰ 6 ਲੱਖ 10 ਹਜ਼ਾਰ ਰੁਪਏ ਦਾ ਇਕ ਚੈੱਕ ਐੱਚਡੀਐੱਫਸੀ ਬੈਂਕ ਮਾਡਲ ਟਾਊਨ ਸੁਲਤਾਨਪੁਰ ਲੋਧੀ ਦੇ ਨਾਂ ’ਤੇ ਦਿੱਤਾ ਜੋ ਕਿ ਅਕਾਊਂਟ ਵਿਚ ਪੈਸੇ ਘੱਟ ਹੋਣ ਕਾਰਨ ਫੇਲ ਸਾਬਤ ਹੋਇਆ। ਇਸ ਦੇ ਬਾਵਜੂਦ ਵੀ ਮਨਦੀਪ ਸਿੰਘ ਨੇ ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਦੀ ਰਕਮ ਵਾਪਸ ਨਹੀਂ ਕੀਤੀ, ਜਿਸ ਨੂੰ ਲੈ ਕੇ ਅਦਾਲਤ ਵਿਚ ਕਰੀਬ 7 ਸਾਲ ਤੱਕ ਚੱਲੀ ਲੰਮੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਵੇਖਿਆ ਕਿ ਮਨਦੀਪ ਸਿੰਘ ਉੱਪਰ ਲੱਗੇ ਸਾਰੇ ਇਲਜ਼ਾਮ ਸਹੀ ਹਨ, ਜਿਸ ਦੇ ਅਧਾਰ ’ਤੇ ਅਦਾਲਤ ਨੇ ਅੱਜ ਇਤਿਹਾਸਿਕ ਫੈਸਲਾ ਸੁਣਾਉਂਦੇ ਹੋਏ ਮੁਲਜ਼ਮ ਮਨਦੀਪ ਸਿੰਘ ਪੁੱਤਰ ਹਰਭਜਨ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਜੁਰਮਾਨਾ ਨਾ ਅਦਾ ਕਰਨ ’ਤੇ ਮੁਲਜ਼ਮ ਨੂੰ 15 ਦਿਨ ਦੀ ਹੋਰ ਸਜ਼ਾ ਭੁਗਤਣੀ ਹੋਵੇਗੀ। ਇਸ ਦੇ ਨਾਲ ਮਾਨਯੋਗ ਅਦਾਲਤ ਨੇ ਇਕ ਵੱਡੀ ਮਿਸਾਲ ਪੇਸ਼ ਕਰਦੇ ਹੋਏ ਦੋਸ਼ੀ ਮਨਦੀਪ ਸਿੰਘ ਨੂੰ ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਨੂੰ 10 ਲੱਖ ਰੁਪਏ ਦੇਣ ਦਾ ਹੁਕਮ ਦਿੱਤਾ। ਮਾਨਯੋਗ ਅਦਾਲਤ ਨੇ ਇਸ ਫੈਸਲੇ ਦੇ ਖਿਲਾਫ ਮੁਲਜ਼ਮ ਮਨਦੀਪ ਸਿੰਘ ਨੂੰ ਜ਼ਿਲ੍ਹਾ ਸੈਸ਼ਨ ਜੱਜ ਕਪੂਰਥਲਾ ਦੀ ਅਦਾਲਤ ਵਿਚ ਅਪੀਲ ਕਰਨ ਲਈ 30 ਦਿਨ ਦਾ ਸਮਾਂ ਦਿੱਤਾ ਅਤੇ ਮੁਲਜਮ ਨੂੰ ਮੌਕੇ ’ਤੇ ਜ਼ਮਾਨਤ ਵੀ ਦੇ ਦਿੱਤੀ ।