ਇਮਾਨਦਾਰੀ ਅੱਜ ਵੀ ਜ਼ਿੰਦਾ ਹੈ, ਕਪੂਰਥਲਾ ’ਚ ਮਿਲੀ ਮਿਸਾਲ
ਈਮਾਨਦਾਰੀ ਅੱਜ ਵੀ ਜਿੰਦਾ ਹੈ, ਕਪੂਰਥਲਾ ਵਿੱਚ ਦੇਖਣ ਨੂੰ ਮਿਲੀ ਮਿਸਾਲ
Publish Date: Mon, 19 Jan 2026 09:23 PM (IST)
Updated Date: Mon, 19 Jan 2026 09:24 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਇਮਾਨਦਾਰੀ ਅੱਜ ਵੀ ਸਮਾਜ ਵਿਚ ਜ਼ਿੰਦਾ ਹੈ, ਇਸਦੀ ਇਕ ਸ਼ਲਾਘਾਯੋਗ ਮਿਸਾਲ ਕਪੂਰਥਲਾ ਵਿਚ ਦੇਖਣ ਨੂੰ ਮਿਲੀ। ਸ੍ਰੀ ਰਾਣੀ ਸਾਹਿਬਾ ਮੰਦਿਰ ਦੇ ਸੇਵਾਦਾਰ ਕੁੰਦਨ ਕੁਮਾਰ ਨੇ ਸੜਕ ਉੱਤੇ ਮਿਲਿਆ ਕੀਮਤੀ ਸਾਮਾਨ ਨਾਲ ਭਰਿਆ ਬੈਗ ਉਸਦੇ ਅਸਲੀ ਮਾਲਕ ਤੱਕ ਸੁਰੱਖਿਅਤ ਪਹੁੰਚਾ ਕੇ ਮਨੁੱਖਤਾ ਅਤੇ ਇਮਾਨਦਾਰੀ ਦਾ ਸਬੂਤ ਦਿੱਤਾ। ਕੁੰਦਨ ਕੁਮਾਰ ਨੇ ਦੱਸਿਆ ਕਿ ਉਹ ਕਿਸੇ ਕੰਮ ਨਾਲ ਡੀਸੀ ਚੌਕ ਵੱਲ ਜਾ ਰਿਹਾ ਸੀ, ਉਦੋਂ ਸੜਕ ਉੱਤੇ ਇਕ ਬੈਗ ਡਿਗਿਆ ਹੋਇਆ ਮਿਲਿਆ। ਉਨ੍ਹਾਂ ਨੇ ਬੈਗ ਚੁੱਕ ਕੇ ਸ੍ਰੀ ਰਾਣੀ ਸਾਹਿਬਾ ਮੰਦਿਰ ਵਿਚ ਸੁਰੱਖਿਅਤ ਰੱਖ ਦਿੱਤਾ। ਬਾਅਦ ਵਿਚ ਬੈਗ ਵਿਚ ਮੌਜੂਦ ਕਾਗਜ਼ਾਤ ਦੇਖਣ ਉੱਤੇ ਇਕ ਮੋਬਾਇਲ ਨੰਬਰ ਮਿਲਿਆ, ਜਿਸ ਉੱਤੇ ਉਨ੍ਹਾਂ ਨੇ ਤੁਰੰਤ ਸੰਪਰਕ ਕਰਕੇ ਬੈਗ ਮਿਲਣ ਦੀ ਸੂਚਨਾ ਦਿੱਤੀ ਤੇ ਮੰਦਿਰ ਆ ਕੇ ਬੈਗ ਲੈ ਜਾਣ ਨੂੰ ਕਿਹਾ। ਜਦੋਂ ਬੈਗ ਖੋਲ੍ਹਿਆ ਗਿਆ ਤਾਂ ਉਸ ਵਿਚ ਸੋਨੇ ਦੇ ਗਹਿਣੇ ਤੇ ਨਗਦੀ ਮੌਜੂਦ ਸੀ। ਬੈਗ ਦੇ ਅਸਲੀ ਮਾਲਿਕ ਨੇ ਸਾਰਾ ਸਾਮਾਨ ਸਹੀ-ਸਲਾਮਤ ਮਿਲਣ ਉੱਤੇ ਕੁੰਦਨ ਕੁਮਾਰ ਦਾ ਦਿਲੋਂ ਧੰਨਵਾਦ ਕੀਤਾ ਤੇ ਉਨ੍ਹਾਂ ਦੇ ਇਸ ਇਮਾਨਦਾਰ ਕਦਮ ਦੀ ਪ੍ਰਸ਼ੰਸਾ ਕੀਤੀ। ਇਸ ਘਟਨਾ ਨੇ ਇਹ ਸਾਬਤ ਕਰ ਦਿੱਤਾ ਕਿ ਅੱਜ ਵੀ ਸਮਾਜ ਵਿਚ ਅਜਿਹੇ ਲੋਕ ਮੌਜੂਦ ਹਨ, ਜਿਨ੍ਹਾਂ ਦੇ ਲਈ ਇਮਾਨਦਾਰੀ ਤੇ ਮਨੁੱਖਤਾ ਸਭ ਤੋਂ ਉੱਤੇ ਹੈ।