ਗੁਰੂ ਜੀ ਕੁਰਬਾਨੀ ਨਾ ਦਿੰਦੇ ਤਾਂ ਇਤਿਹਾਸ ਹੋਰ ਹੁੰਦਾ : ਸੰਤ ਸੀਚੇਵਾਲ
ਗੁਰੂ ਤੇਗ ਬਾਹਦਰ ਜੀ ਦੀ ਲਸਾਨੀ ਕੁਰਬਾਨੀ ਨੇ ਹਿੰਦੋਸਤਾਨ ਦੇ ਇਤਿਹਾਸ ਨੂੰ ਰੱਖਿਆ ਜੀਵੰਤ : ਸੰਤ ਸੀਚੇਵਾਲ
Publish Date: Wed, 26 Nov 2025 07:51 PM (IST)
Updated Date: Wed, 26 Nov 2025 07:53 PM (IST)

ਲਖਵੀਰ ਸਿੰਘ ਲੱਖੀ, ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਦੇ ਸਮਾਗਮਾਂ ਵਿਚ ਹਿੱਸਾ ਲੈਣ ਉਪਰੰਤ ਬਾਬੇ ਨਾਨਕ ਦੀ ਨਗਰੀ ਵਿਚ ਪਰਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਪਵਿੱਤਰ ਹੈ, ਜਿਥੇ ਬੀਤੇ ਸਮੇਂ ਵਿਚ ਵੀ ਸ਼ਤਾਬਦੀਆਂ ਮਨਾਈਆਂ ਗਈਆਂ ਸਨ ਤੇ ਭਵਿੱਖ ਵਿਚ ਵੀ ਸ਼ਤਾਬਦੀਆਂ ਮਨਾਈਆਂ ਜਾਂਦੀਆਂ ਰਹਿਣਗੀਆਂ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ 29 ਨਵੰਬਰ ਤੱਕ ਚੱਲਣਗੇ। ਸੰਤ ਸੀਚੇਵਾਲ ਨੇ ਗੁਰੂ ਸਾਹਿਬ ਦੇ ਸਮਿਆਂ ਵੇਲੇ ਸਿਰਜੇ ਗਏ ਬਿਰਤਾਂਤ ਦਾ ਜ਼ਿਕਰ ਕਰਦਿਆ ਕਿਹਾ ਕਿ ਗੁਰੂ ਤੇਗ ਬਾਹਦਰ ਜੀ ਨੇ ਹਿੰਦੂ ਧਰਮ ਦੀ ਖਾਤਰ ਆਪਾ ਕੁਰਬਾਨ ਕੀਤਾ ਸੀ। ਇਸ ਲਈ ਇਤਿਹਾਸ ਉਨ੍ਹਾਂ ਨੂੰ ‘ਧਰਮ ਦੀ ਚਾਦਰ’ ਦੇ ਤੌਰ ‘ਤੇ ਹੀ ਯਾਦ ਰੱਖੇਗਾ। ਉਨ੍ਹਾਂ ਕਿਹਾ ਕਿ ਹਿੰਦੋਸਤਾਨ ਦੇ ਇਤਿਹਾਸ ਗੁਰੁ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਨਾਲ ਹੀ ਜੀਵੰਤ ਰਹਿ ਸਕਿਆ ਹੈ। ਗੁਰੁ ਸਾਹਿਬ ਕੁਰਬਾਨੀ ਨਾ ਕਰਦੇ ਤਾਂ ਹਿੰਦੋਸਤਾਨ ਦਾ ਇਤਿਹਾਸ ਹੋਰ ਤਰ੍ਹਾਂ ਲਿਖਿਆ ਜਾਣਾ ਸੀ। ਸੰਤ ਸੀਚੇਵਾਲ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਗੁਰੂ ਸਾਹਿਬ ਜੀ ਦੀ ਕੁਰਬਾਨੀ ਇੰਨੀ ਉੱਚੀ ਤੇ ਸੁੱਚੀ ਹੈ ਕਿ ਇਸ ਨੂੰ ਰਲਮਿਲ ਕੇ ਮਨਾਉਣ ਦੀ ਲੋੜ ਸੀ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਵਿਸ਼ਵ ਪੱਧਰੀ ਯੂਨੀਵਰਸਿਟੀ ਬਣਾਉਣ ਅਤੇ ਤਿੰਨ ਤਖਤਾਂ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਐਲਾਨੇ ਜਾਣ ਦਾ ਭਰਵਾਂ ਸਵਾਗਤ ਕੀਤਾ ਹੈ। ਸੰਗਤਾਂ ਦੇ ਆਨੰਦਪੁਰ ਸਾਹਿਬ ਵਿਚ ਠਹਿਰਣ ਲਈ ਬਣਾਈ ਗਈ ਟੈਂਟ ਸਿਟੀ ਕਾਬਲੇ ਤਾਰੀਫ਼ ਸੀ। ਇਹੋ-ਜਿਹੇ ਪ੍ਰਬੰਧ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ 5 ਜਨਵਰੀ 2017 ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਬੇਮਿਸਾਲ ਪ੍ਰਬੰਧ ਕੀਤੇ ਗਏ ਸਨ। ਸੰਤ ਸੀਚੇਵਾਲ ਨੇ ਕਿਹਾ ਕਿ ਸ਼ਤਾਬਦੀਆਂ ਵਰਗੇ ਇਤਿਹਾਸਕ ਸਮਾਗਮਾਂ ਨੂੰ ਰਾਜਨੀਤੀ ਤੋਂ ਦੂਰ ਰੱਖਣਾ ਚਾਹੀਦਾ ਹੈ। ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ ਤੇ ਇਥੇ ਭਵਿੱਖ ਵਿਚ ਵੀ ਸ਼ਤਾਬਦੀਆਂ ਦੇ ਸਮਾਗਮ ਹੁੰਦੇ ਰਹਿਣੇ ਹਨ ਜਿਹੜੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਮਨਾਉਣਗੀਆਂ। ਕੈਪਸ਼ਨ : 26ਕੇਪੀਟੀ21