ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਵੱਲੋਂ ਗੁਰਪ੍ਰੀਤ ਸਿੰਘ ਦਾ ਨਿੱਘਾ ਸਵਾਗਤ
ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਵੱਲੋਂ ਗੁਰਪ੍ਰੀਤ ਸਿੰਘ ਦਾ ਨਿੱਘਾ ਸਵਾਗਤ
Publish Date: Fri, 06 Feb 2026 07:55 PM (IST)
Updated Date: Fri, 06 Feb 2026 07:56 PM (IST)

ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਸਿੱਧਵਾਂ ਦੋਨਾਂ : ਪੰਜਾਬੀ ਜਿਥੇ ਵੀ ਜਾਣ ਉਥੇ ਹੀ ਆਪਣੀ ਮਿਹਨਤ ਨਾਲ ਤਰੱਕੀਆਂ ਕਰਦੇ ਹੋਏ ਬੁਲੰਦੀਆਂ ਦੇ ਝੰਡੇ ਗੱਢਦੇ ਹਨ। ਅਜਿਹਾ ਕਰ ਦਿਖਾਇਆ ਪਿੰਡ ਵਰਿਆਂਹ ਦੋਨਾਂ ਜ਼ਿਲ੍ਹਾ ਕਪੂਰਥਲਾ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੇ, ਜਿਸ ਨੇ ਅਮਰੀਕਾ ਵਿਖੇ (ਐੱਨਵਾਈਪੀਡੀ) ਪੁਲਿਸ ਵਿਚ ਭਰਤੀ ਹੋ ਕੇ ਪਿੰਡ ਦਾ ਹੀ ਨਹੀਂ ਬਲਕਿ ਆਪਣੇ ਮਾਤਾ ਪਿਤਾ, ਜ਼ਿਲ੍ਹਾ ਕਪੂਰਥਲਾ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਗੁਰਪ੍ਰੀਤ ਸਿੰਘ ਦਾ ਜਨਮ 1995 ਵਿਚ ਪਿੰਡ ਵਰਿਆਂਹ ਦੋਨਾਂ ਵਿਖੇ ਮਾਤਾ ਸ਼ਵਿੰਦਰ ਕੌਰ ਦੀ ਕੁੱਖੋਂ ਤੇ ਪਿਤਾ ਧਰਮਪਾਲ ਦੇ ਘਰ ਹੋਇਆ। ਗੁਰਪ੍ਰੀਤ ਸਿੰਘ ਨੇ ਮੁੱਢਲੀ ਸਿੱਖਿਆ ਜਲੰਧਰ ਵਿਖੇ ਨਿੱਜੀ ਸਕੂਲ ਤੋਂ ਪ੍ਰਾਪਤ ਕੀਤੀ। 12 ਸਾਲ ਦੀ ਉਮਰ ਵਿਚ ਉਹ ਅਮਰੀਕਾ ਚਲਾ ਗਿਆ। ਅਮਰੀਕਾ ਵਿਚ ਉਸਨੇ ਬੀਏ ਜ਼ੋਨ ਦੇ ਕ੍ਰਿਮੀਨਲ ਜਸਟਿਸ ਕਾਲਜ ਨਿਊਯਾਰਕ ਤੋਂ ਕੀਤੀ ਤੇ ਫਿਰ ਐੱਨਵਾਈਪੀਡੀ ਪੁਲਿਸ ਵਿਚ ਭਰਤੀ ਹੋ ਗਿਆ। ਉਹ ਪਿਛਲੇ ਕਰੀਬ ਚਾਰ ਸਾਲ ਤੋਂ ਪੁਲਿਸ ਵਿਚ ਸੇਵਾਵਾਂ ਨਿਭਾ ਰਿਹਾ ਹੈ। ਹੁਣ ਜਦੋਂ ਲਗਪਗ 15 ਸਾਲਾਂ ਬਾਅਦ ਉਹ ਆਪਣੇ ਜੱਦੀ ਪਿੰਡ ਵਰਿਆਂਹ ਦੋਨਾਂ ਵਿਖੇ ਆਇਆ ਤਾਂ ਪਿੰਡ ਵਾਸੀਆਂ ਵੱਲੋਂ ਉਸ ਦਾ ਬਹੁਤ ਹੀ ਗਰਮਜੋਸ਼ੀ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਗੁਰਬਚਨ ਲਾਲ ਸਾਬਕਾ ਸਰਪੰਚ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਨੇ ਹਾਰ ਪਾ ਕੇ ਉਸ ਦਾ ਸਵਾਗਤ ਕੀਤਾ ਤੇ ਕਿਹਾ ਕਿ ਸਾਨੂੰ ਗੁਰਪ੍ਰੀਤ ਸਿੰਘ ਉੱਪਰ ਮਾਣ ਹੈ, ਜਿਸ ਨੇ ਸਾਡੇ ਪਿੰਡ ਦਾ ਨਾਮ ਦੇਸ਼ਾਂ-ਵਿਦੇਸ਼ਾਂ ਵਿਚ ਰੌਸ਼ਨ ਕੀਤਾ ਹੈ।