ਪ੍ਰਕਾਸ਼ ਦਿਹਾੜੇ ਦੀ ਤਰੀਕ ਸਿੰਘ ਸਭਾਵਾਂ ’ਤੇ ਥੋਪਣਾ ਗ਼ਲਤ : ਗੁੰਬਰ, ਢਿੱਲੋਂ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Wed, 03 Dec 2025 11:00 PM (IST)
Updated Date: Wed, 03 Dec 2025 11:02 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸੰਗਤਾਂ ’ਚ ਪਾਈ ਜਾ ਰਹੀ ਦੁਬਿੱਧਾ ਤੇ ਕੁੱਝ ਲੋਕਾਂ ਵੱਲੋਂ ਜਲੰਧਰ ਦੀਆਂ ਸਮੂਹ ਸਿੰਘ ਸਭਾਵਾਂ ਤੇ ਜਨਵਰੀ ਮਹੀਨੇ ਤਰੀਕ ਪੱਕੀ ਕਰਕੇ ਥੋਪਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਬੰਧੀ ਮਨਿੰਦਰਪਾਲ ਸਿੰਘ ਗੁੰਬਰ ਤੇ ਸਾਹਿਬ ਸਿੰਘ ਢਿੱਲੋਂ ਨੇ ਕਿਹਾ ਕਿ ਪੋਹ ਸੁਦੀ ਸੱਤਵੀਂ ਅਨੁਸਾਰ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸਾਲ ’ਚ ਇਕ ਵਾਰ ਹੀ ਆਉਂਦਾ ਹੈ। ਸਿੱਖ ਕੌਮ ਵੱਲੋਂ ਅੰਗ੍ਰੇਜ਼ੀ ਕੈਲੰਡਰ ਨੂੰ ਮੰਨਣ ਤੋਂ ਇਨਕਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਨਾਨਕਸ਼ਾਹੀ ਕੈਲੰਡਰ ਤੇ ਅੰਗ੍ਰੇਜ਼ੀ ਕੈਲੰਡਰ ਨੂੰ ਮਿਲਾ ਕੇ ਸੰਗਤਾਂ ਨੂੰ ਦੁਵਿਧਾ ’ਚ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਜੋ ਨਾਕਾਮਯਾਬ ਹੋਣ ਤੋਂ ਬਾਅਦ ਸਾਹਿਜ਼ਾਦਿਆਂ ਦੀ ਸ਼ਹਾਦਤਾਂ ਦਾ ਹਵਾਲਾ ਦੇ ਕੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਸੰਗਤਾਂ ਨੂੰ ਦੁਵਿਧਾ ’ਚ ਪਾਉਣ ਤੋਂ ਬਾਅਦ ਹੁਣ ਕਈਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਜਨਵਰੀ ਮਹੀਨੇ ਦੀ ਕੋਈ ਤਰੀਕ ਪੱਕੀ ਕਰਕੇ ਜਲੰਧਰ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ ਉਪਰ ਥੋਪਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਸਮੂਹ ਸੰਗਤਾਂ ਤੇ ਸਮੂਹ ਸਿੰਘ ਸਭਾਵਾਂ ਨੂੰ ਬੇਨਤੀ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹਿ ਕੇ ਪਾਈ ਜਾ ਰਹੀ ਦੁਬਿੱਧਾ ਤੋਂ ਬਚਿਆ ਜਾਵੇ ਤੇ ਵਿਰੋਧ ਕਰਨ ਵਾਲਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਹਿਲਾਂ ਸੰਗਤਾਂ ਨੂੰ ਦੁਵਿਧਾ ’ਚ ਪਾਉਣ ਤੋਂ ਬਾਅਦ ਹੁਣ ਸਿੰਘ ਸਭਾਵਾਂ ਨੂੰ ਦੁਬਿੱਧਾ ਵਿਚ ਪਾਉਣ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਿੰਤੂ ਪ੍ਰੰਤੂ ਕਰਨ ਤੋਂ ਗੁਰੇਜ਼ ਕੀਤਾ ਜਾਵੇ।