ਸਿੱਖਿਆ ਵਿਭਾਗ ਵਿੱਚ ਵਿਭਾਗੀ ਤਰੱਕੀਆਂ ਤੇ ਟੈੱਟ ਦੀ ਸ਼ਰਤ ਲਗਾਉਣ ਤੇ ਪੁਨਰ ਵਿਚਾਰ ਕਰੇ ਸਰਕਾਰ ਟੂਰਾ

ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਐੱਸ ਸੀ /ਬੀ ਸੀ ਸਮਾਜ ਤੇ ਮੁਲਾਜ਼ਮ ਵਰਗ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਗਜ਼ਟਿਡ ਅਤੇ ਨਾਨ ਗਜ਼ਟਿਡ ਐੱਸ ਸੀ, ਬੀ ਸੀ ਇੰਪਲਾਈਜ ਵੈਲਫੇਅਰ ਫੈਡਰੇਸ਼ਨ ਕਪੂਰਥਲਾ ਦੇ ਪ੍ਰਧਾਨ ਸਤਵੰਤ ਟੂਰਾ, ਮਨਜੀਤ ਗਾਟ, ਸੰਤੋਖ ਮੱਲ੍ਹੀ, ਲਖਵੀਰ ਚੰਦ, ਗਿਆਨ ਚੰਦ ਵਾਹਦ ਤੇ ਬਲਵਿੰਦਰ ਨਿਧੜਕ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀ ਆਲੋਚਨਾ ਕਰਦਿਆਂ ਕਿਹਾ ਕਿ ਬੜੇ ਲੰਬੇ ਸਮੇਂ ਤੋਂ ਪ੍ਰਾਇਮਰੀ ਕਾਡਰ ਦੇ ਅਧਿਆਪਕ ਆਪਣੀਆਂ ਤਰੱਕੀਆਂ ਮਾਸਟਰ ਕਾਡਰ ਵਿੱਚ ਹੋਣ ਦੀ ਉਡੀਕ ਕਰ ਰਹੇ ਸਨ। ਜਿਸ ਸੰਬੰਧੀ ਸਿੱਖਿਆ ਵਿਭਾਗ ਪੰਜਾਬ ਵਲੋਂ ਵੱਖ-ਵੱਖ ਵਿਸ਼ਿਆਂ ਦੀਆਂ ਤਰੱਕੀ ਲਿਸਟਾਂ 5 ਜਨਵਰੀ ਨੂੰ ਜਾਰੀ ਵੀ ਕਰ ਦਿੱਤੀਆਂ ਜਿਸ ਨਾਲ ਅਧਿਆਪਕ ਵਰਗ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਗਿਆ ਕਿਉਂਕਿ ਹਰ ਇੱਕ ਅਧਿਆਪਕ ਨੂੰ ਆਪਣੀ ਯੋਗਤਾ ਅਨੁਸਾਰ ਤਰੱਕੀ ਮਿਲਣ ਦੀ ਖੁਸ਼ੀ ਹੁੰਦੀ ਹੈ ਪਰ ਇਹਨਾਂ ਤਰੱਕੀਆਂ ਵਿੱਚ ਜੋ ਸਰਕਾਰ ਵੱਲੋਂ ਮਾਨਯੋਗ ਸੁਪਰੀਮ ਕੋਰਟ ਵਿੱਚ ਚੱਲ ਰਹੇ ਕੇਸ ਦੀ ਟੈੱਟ ਪਾਸ ਕਰਨਾ ਲਾਜ਼ਮੀ ਹੋਏਗਾ ਦੀ ਸ਼ਰਤ ਲਗਾਉਣ ਨਾਲ ਅਜਿਹਾ ਲੱਗਦਾ ਹੈ ਕਿ ਸਰਕਾਰ ਵਿਭਾਗੀ ਤਰੱਕੀਆਂ ਦਾ ਗਲਾ ਘੁੱਟ ਰਹੀ ਹੈ।
ਸ਼੍ਰੀ ਟੂਰਾ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਅਧਿਆਪਕਾਂ ਲੈਕਚਰਾਰਾਂ ਕਿਸੇ ਵੀ ਕਾਡਰ ਦੇ ਸਿੱਖਿਆ ਵਿਭਾਗ ਵਿੱਚ ਕਰਮਚਾਰੀ ਕੰਮ ਕਰ ਰਹੇ ਹਨ, ਉਹਨਾਂ ਸਾਰਿਆਂ ਨੂੰ ਪੰਜਾਬ ਸਰਕਾਰ ਵੱਲੋਂ ਜੋ ਵੀ ਸ਼ਰਤਾਂ ਹੁੰਦੀਆਂ ਹਨ ਉਨ੍ਹਾਂ ਦੀ ਨਿਯੁਕਤੀ ਵੇਲੇ ਸਰਕਾਰ ਵੱਲੋਂ ਤਹਿ ਨਿਯਮਾਂ ਅਧੀਨ ਹੀ ਇਹ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ। ਹੁਣ ਜਦੋਂ ਇਹ ਅਧਿਆਪਕ 18 20 ਸਾਲਾਂ ਤੋਂ ਸਿੱਖਿਆ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਹਨ ਤੇ ਉਸ ਸਮੇਂ ਇਨ੍ਹਾਂ ਉੱਪਰ ਟੈੱਟ ਦੀ ਸ਼ਰਤ ਨਹੀਂ ਸੀ, ਹੁਣ ਹਰ ਕਾਡਰ ਦੇ ਅਧਿਆਪਕਾਂ ਦੀਆਂ ਵਿਭਾਗੀ ਤਰੱਕੀਆਂ ਉੱਪਰ ਟੈੱਟ ਦੀ ਸ਼ਰਤ ਲਗਾਈ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਅਗਰ ਟੈੱਟ ਦੀ ਸ਼ਰਤ ਹੀ ਜਰੂਰੀ ਹੈ ਤਾਂ ਫਿਰ ਵਿਭਾਗੀ ਤਰੱਕੀ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਇਹ ਤਰੱਕੀਆਂ ਆਪਣੀ ਸੀਨੀਆਰਤਾ ਸੂਚੀ ਅਨੁਸਾਰ ਹੀ ਹੁੰਦੀਆਂ ਹਨ ਤੇ ਇਹ ਸੀਨੀਆਰਤਾ ਸੂਚੀ ਵੀ ਕੋਰਟ ਦੇ ਹੁਕਮਾਂ ਤੇ ਪੰਜਾਬ ਸਰਕਾਰ ਦੇ ਸਿਵਲ ਸੇਵਾਵਾਂ ਦੇ ਨਿਯਮਾਂ ਅਧੀਨ ਹੀ ਤਿਆਰ ਕੀਤੀਆਂ ਜਾਂਦੀਆਂ ਹਨ।
ਫੈੱਡਰੇਸ਼ਨ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕਰਦਿਆਂ ਕਿਹਾ ਕਿ ਸੀਨੀਆਰਤਾ ਸੂਚੀ ਦੇ ਆਧਾਰ ’ਤੇ ਹੋ ਰਹੀਆਂ ਵੱਖ-ਵੱਖ ਕੇਡਰਾਂ ਦੀਆਂ ਵਿਭਾਗੀ ਤਰੱਕੀਆਂ ਉੱਪਰ ਲਗਾਏ ਜਾ ਰਹੇ ਟੈੱਟ ਪਾਸ ਦੀ ਸ਼ਰਤ ਨੂੰ ਵਾਪਸ ਲੈਣ ਦੀ ਕਾਰਵਾਈ ਕਰਨ ਨਹੀਂ ਤਾਂ ਅਧਿਆਪਕਾਂ ਦੀ ਤਰੱਕੀ ਵਿੱਚ ਖੜੋਤ ਆਉਣ ਨਾਲ ਉਹ ਅਧਿਆਪਕ ਜਿਨਾਂ ਦੀਆਂ ਨਿਯੁਕਤੀਆਂ ਸਮੇਂ ਟੈੱਟ ਪਾਸ ਦੀ ਸ਼ਰਤ ਤੋਂ ਪਹਿਲਾਂ ਹੋਈਆਂ ਸਨ, ਉਨ੍ਹਾਂ ਨੂੰ ਤਰੱਕੀਆਂ ਤੋਂ ਹੱਥ ਧੋਣੇ ਪੈਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਤਾਂ ਹਰ ਸਾਲ ਇਮਤਿਹਾਨ ਹੁੰਦਾ ਹੈ ਕੀ ਸਾਰੇ ਤਜਰਬੇ, ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਹੀ ਕੀਤੇ ਜਾਣੇ ਹਨ ,ਕੀ ਪੰਜਾਬ ਸਰਕਾਰ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਸਾਰੇ ਕਰਮਚਾਰੀਆਂ ਉੱਪਰ ਇਹੋ ਜਿਹੇ ਟੈਸਟ ਲਾਏਗੀ, ਪ੍ਰੈੱਸ ਨੂੰ ਜਾਣਕਾਰੀ ਦੇਣ ਸਮੇਂ ਵਿਨੋਦ ਕੁਮਾਰ ਰਾਮਪਾਲ, ਸੋਹਣ ਲਾਲ, ਮਨਜੀਤ ਦਾਸ ਅਸ਼ੋਕ ਵਾਹਦ ਹਾਜ਼ਰ ਸਨ।