ਪੰਚਾਇਤੀ ਰਾਜ ਦੇ ਨਿਯਮਾਂ ਦਾ ਸਰਕਾਰਾਂ ਨੇ ਘਾਨ ਕੀਤਾ : ਬੀਬੀ ਜਗੀਰ ਕੌਰ
ਪੰਚਾਇਤੀ ਰਾਜ ਦੇ ਨਿਯਮਾਂ ਦਾ ਸਰਕਾਰਾਂ ਨੇ ਘਾਨ ਕਰਕੇ ਲੋਕਤੰਤਰ ਦਾ ਕਤਲ ਕੀਤਾ : ਬੀਬੀ ਜਗੀਰ ਕੌਰ
Publish Date: Sat, 06 Dec 2025 10:08 PM (IST)
Updated Date: Sat, 06 Dec 2025 10:09 PM (IST)

ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ ਬੇਗੋਵਾਲ : ਪੰਚਾਇਤੀ ਰਾਜ ਪੰਚ ਪ੍ਰਧਾਨੀ ਪ੍ਰਣਾਲੀ ਅਨੁਸਾਰ ਬਣਿਆ ਸੀ ਤਾਂ ਜੋ ਲੋਕ ਆਪਣਾ ਫੈਸਲਾ ਲੋਕਤੰਤਰ ਢੰਗ ਨਾਲ ਲੈ ਕੇ ਆਪਣੇ ਵੋਟ ਦਾ ਇਸਤੇਮਾਲ ਕਰਕੇ ਆਪਣੇ ਹੱਕਾਂ ਦੀ ਰਾਖੀ ਕਰ ਸਕਣ ਪਰ ਪੰਜਾਬ ਸਰਕਾਰ ਵੱਲੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜੋ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਇਨ੍ਹਾਂ ਚੋਣਾਂ ਵਿਚ ਆਪਣੇ ਚਹੇਤਿਆਂ ਨੂੰ ਜਿਤਾਉਣ ਲਈ ਜੋ ਨਜਾਇਜ਼ ਢੰਗ ਨਾਲ ਨਾਮਜ਼ਦਗੀਆਂ ਰੱਦ ਕੀਤੀਆਂ ਹਨ, ਉਸ ਨਾਲ ਪੰਚਾਇਤੀ ਰਾਜ ਦੇ ਨਿਯਮਾਂ ਦਾ ਇਨ੍ਹਾਂ ਸਰਕਾਰਾਂ ਨੇ ਘਾਨ ਕਰਕੇ ਲੋਕਤੰਤਰ ਦਾ ਕਤਲ ਕੀਤਾ ਹੈ। ਇਹ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਨੰਗਲ ਲੁਬਾਣਾ ਜ਼ੋਨ ਤੋਂ ਆਜ਼ਾਦ ਤੌਰ ’ਤੇ ਚੋਣ ਮੈਦਾਨ ਵਿਚ ਉਤਾਰੇ ਉਮੀਦਵਾਰ ਰਾਜਵਿੰਦਰ ਕੌਰ ਦੇ ਨਾਮਜ਼ਦਗੀ ਪੇਪਰ ਰੱਦ ਕਰਨ ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਨ ਸਮੇਂ ਕਹੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਡੇ ਇਲਾਕੇ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਅਜਿਹੇ ਤਰੀਕੇ ਨਾਲ ਪੇਪਰ ਰੱਦ ਕੀਤੇ ਗਏ ਹੋਣ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਮੁਤਾਬਕ ਜਦੋਂ ਵੀ ਕੋਈ ਇਤਰਾਜ਼ ਲੱਗਦਾ ਹੈ ਤਾਂ ਉਸ ਨੂੰ ਦੂਰ ਕਰਨ ਦਾ ਸਮਾਂ ਦਿੱਤਾ ਜਾਂਦਾ ਹੈ ਪਰ ਇਸ ਵਾਰ ਸਾਰੇ ਨਿਯਮਾਂ ਦੀਆਂ ਉਲੰਘਣਾ ਕਰਦਿਆਂ ਦੇਰ ਸ਼ਾਮ ਤੱਕ ਨਾਮਜ਼ਦਗੀ ਰੱਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਜਦੋਂ ਨਾਮਜ਼ਦਗੀ ਰੱਦ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਇਨ੍ਹਾਂ ਦਾ ਘਰ ਪੰਚਾਇਤੀ ਜ਼ਮੀਨ ਵਿਚ ਬਣਿਆ ਹੈ ਜਦਕਿ ਇਨ੍ਹਾਂ ਦਾ ਘਰ ਆਪਣੀ ਜੱਦੀ ਜਾਇਦਾਦ ਵਿਚ ਬਣਿਆ ਹੈ ਤੇ ਇਸੇ ਹੀ ਘਰ ਵਿਚ ਰਹਿੰਦਿਆਂ ਇਨ੍ਹਾਂ ਦੇ ਪਤੀ ਬਲਾਕ ਸੰਮਤੀ ਮੈਂਬਰ ਤੇ ਸਰਪੰਚੀ ਦੀ ਚੋਣ ਲੜ ਚੁੱਕੇ ਹਨ। ਬੀਬੀ ਜਗੀਰ ਕੌਰ ਨੇ ਇਹ ਵੀ ਕਿਹਾ ਕਿ ਇਥੇ ਹੀ ਬੱਸ ਨਹੀਂ ਕਿ ਇਸ ਸਾਡੀ ਉਮੀਦਵਾਰ ਦੇ ਪਤੀ ਨਰਿੰਦਰਜੀਤ ਸਿੰਘ ਗੁੱਲੂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਤੰਗ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਝੂਠੇ ਮੁਕਦਮਿਆਂ ਵਿਚ ਫਸਾਉਣ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਧਿਰ ਨੂੰ ਪਤਾ ਸੀ ਕਿ ਸਾਡਾ ਆਜ਼ਾਦ ਉਮੀਦਵਾਰ ਜਿੱਤ ਜਾਣਾ ਹੈ, ਇਸ ਕਰਕੇ ਉਨ੍ਹਾਂ ਨੇ ਇਹ ਕੋਝੀਆਂ ਹਰਕਤਾਂ ਕਰਕੇ ਇਸ ਉਮੀਦਵਾਰ ਦੀ ਨਾਮਜ਼ਦਗੀ ਰੱਦ ਕਰਵਾਈ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਵਾਸਤੇ ਹੁੰਦੀ ਹੈ ਪਰ ਸਾਡੇ ਇਲਾਕੇ ਵਿਚ ਜ਼ਮਾਨਤਾਂ ਜ਼ਬਤ ਕਰਵਾ ਚੁੱਕੇ ਲੋਕ ਇਸ ਤਰ੍ਹਾਂ ਦਾ ਧੱਕਾ ਕਰ ਰਹੇ ਹਨ ਜਿਸ ਨਾਲ ਉਹ ਆਉਣ ਵਾਲੇ ਸਮੇਂ ’ਚ ਵੀ ਆਪਣੀਆਂ ਜ਼ਮਾਨਤਾਂ ਜ਼ਬਤ ਕਰਾਉਣਗੇ। ਬੀਬੀ ਜਗੀਰ ਕੌਰ ਨੇ ਕਿਹਾ ਹਲਕਾ ਵਾਸੀਆਂ ਨੂੰ ਕਿਹਾ ਕਿ ਉਹ ਜਿਸ ਜ਼ੋਨ ਵਿਚ ਵੀ ਜੋ ਵੀ ਧਿਰ ਦਾ ਯੋਗ ਉਮੀਦਵਾਰ ਹੋਵੇ, ਉਸ ਨੂੰ ਵੋਟ ਪਾਉਣ ਤੇ ਨਾਲ ਹੀ ਕਿਹਾ ਕਿ ਸਾਡੇ ਵੱਲੋਂ ਤਿੰਨ ਆਜ਼ਾਦ ਉਮੀਦਵਾਰਾ! ਵਜੋਂ ਮਿਆਣੀ ਭੱਗੂਪੁਰੀਆਂ, ਨਡਾਲੀ ਤੇ ਨੰਗਲ ਲੁਬਾਣਾ ਜ਼ੋਨਾਂ ਤੋਂ ਉਮੀਦਵਾਰ ਉਤਾਰੇ ਹਨ, ਇਨ੍ਹਾਂ ਨੂੰ ਕਾਮਯਾਬ ਕਰੋ l ਉਨ੍ਹਾਂ ਕਿਹਾ ਕਿ ਸਾਡੇ ਇਲਾਕੇ ਵਿਚ ਇਨ੍ਹਾਂ ਲੀਡਰਾਂ ਨੇ ਪੂਰੀ ਤਰ੍ਹਾਂ ਮਾਹੌਲ ਵਿਗਾੜਿਆ ਹੋਇਆ ਹੈ, ਹਰ ਪਾਸੇ ਲੁੱਟਾਂ-ਖੋਹਾਂ ਦਾ ਮਾਹੌਲ ਹੈ ਤੇ ਵਿਕਾਸ ਦੇ ਕਾਰਜ ਸਾਰੇ ਰੁਕੇ ਹੋਏ ਹਨ। ਕੈਪਸ਼ਨ: 6ਕੇਪੀਟੀ31