ਏਆਈ ਦੇ ਗਲਤ ਇਸਤੇਮਾਲ ’ਤੇ ਰੋਕ ਲੱਗੇ : ਸਰਪੰਚ ਭੌਰ
ਏਆਈ ਦੇ ਗਲਤ ਇਸਤੇਮਾਲ ’ਤੇ ਰੋਕ ਲਗਾਉਣ ਲਈ ਸਰਕਾਰ ਸਖ਼ਤ ਕਦਮ ਚੁੱਕੇ: ਸਰਪੰਚ ਅਵਤਾਰ ਸਿੰਘ ਭੌਰ
Publish Date: Sat, 17 Jan 2026 07:06 PM (IST)
Updated Date: Sat, 17 Jan 2026 07:10 PM (IST)
ਪਰਮਜੀਤ ਸਿੰਘ, ਪੰਜਾਬੀ ਜਾਗਰਣ
ਡਡਵਿੰਡੀ : ਆਰਟੀਫ਼ੀਸ਼ਲ ਇੰਟੈਲੀਜੈਂਸ (ਏਆਈ) ਟੈਕਨੋਲੋਜੀ, ਜਿਥੇ ਆਧੁਨਿਕ ਯੁੱਗ ਵਿਚ ਕਈ ਖੇਤਰਾਂ ਲਈ ਵਰਦਾਨ ਸਾਬਤ ਹੋ ਰਹੀ ਹੈ, ਉਥੇ ਹੀ ਇਸਦਾ ਗਲਤ ਇਸਤੇਮਾਲ ਸਮਾਜ ਲਈ ਗੰਭੀਰ ਚੁਣੌਤੀ ਬਣਦਾ ਜਾ ਰਿਹਾ ਹੈ। ਇਹ ਸ਼ਬਦ ਸਰਪੰਚ ਅਵਤਾਰ ਸਿੰਘ ਭੌਰ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਕੁਝ ਗੈਰ-ਜ਼ਿੰਮੇਵਾਰ ਤੱਤ ਏਆਈ ਟੈਕਨੀਕ ਦੀ ਆੜ ਵਿਚ ਝੂਠੇ ਵੀਡੀਓ, ਆਡੀਓ ਅਤੇ ਤਸਵੀਰਾਂ ਤਿਆਰ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਨਾਲ-ਨਾਲ ਬਲੈਕਮੇਲਿੰਗ ਵਰਗੀਆਂ ਗ਼ੈਰ-ਕਾਨੂੰਨੀ ਗਤਿਵਿਧੀਆਂ ਵਿਚ ਸ਼ਾਮਲ ਹਨ, ਜੋ ਕਿ ਸਰਾਸਰ ਗਲਤ ਅਤੇ ਨਿੰਦਣਯੋਗ ਹੈ। ਅਜਿਹੇ ਮਾਮਲੇ ਆਮ ਨਾਗਰਿਕਾਂ ਦੀ ਇੱਜਤ, ਸੁਰੱਖਿਆ ਅਤੇ ਮਨੋਵਿਗਿਆਨਕ ਸਿਹਤ ’ਤੇ ਵੀ ਮਾੜਾ ਪ੍ਰਭਾਵ ਪਾ ਰਹੇ ਹਨ।
ਸਰਪੰਚ ਅਵਤਾਰ ਸਿੰਘ ਭੌਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਏਆਈ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਸਖ਼ਤ ਕਾਨੂੰਨੀ ਪ੍ਰਬੰਧ ਲਾਗੂ ਕਰਨੇ ਚਾਹੀਦੇ ਹਨ, ਤਾਂ ਜੋ ਨਿਰਦੋਸ਼ ਲੋਕ ਇਸ ਤਰ੍ਹਾਂ ਦੇ ਜਾਲ ਵਿਚ ਫਸਣ ਤੋਂ ਬਚ ਸਕਣ। ਉਨ੍ਹਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਡਿਜ਼ਿਟਲ ਸਮੱਗਰੀ ’ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਉਸਦੀ ਪੜਤਾਲ ਜ਼ਰੂਰ ਕਰਨ ਤੇ ਜ਼ਰੂਰਤ ਪੈਣ ’ਤੇ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰਨ । ਅੰਤ ਵਿਚ ਉਨ੍ਹਾਂ ਕਿਹਾ ਕਿ ਏਆਈ ਟੈਕਨੋਲੋਜੀ ਦੀ ਸਹੀ ਅਤੇ ਜ਼ਿੰਮੇਵਾਰ ਵਰਤੋਂ ਹੀ ਸਮਾਜ ਦੀ ਭਲਾਈ ਤੇ ਤਰੱਕੀ ਦਾ ਰਾਹ ਹੈ, ਜਦਕਿ ਇਸਦਾ ਗਲਤ ਇਸਤੇਮਾਲ ਕਾਨੂੰਨੀ ਕਾਰਵਾਈ ਦੇ ਘੇਰੇ ਵਿਚ ਲਿਆਉਣਾ ਸਮੇਂ ਦੀ ਲੋੜ ਹੈ।