ਸਰਕਾਰੀ ਹਾਈ ਸਕੂਲ ਪੰਡੋਰੀ ਦੀ ਨੈਸ਼ਨਲ ਗਰੀਨ ਸਕੂਲ ਲਈ ਮੁੜ ਚੋਣ
ਸਰਕਾਰੀ ਹਾਈ ਸਕੂਲ ਪੰਡੋਰੀ ਨੂੰ ਲਗਾਤਾਰ ਦੂਸਰੀ ਵਾਰ ਚੁਣਿਆ ਗਿਆ ਨੈਸ਼ਨਲ ਗਰੀਨ ਸਕੂਲ
Publish Date: Fri, 16 Jan 2026 07:28 PM (IST)
Updated Date: Fri, 16 Jan 2026 07:30 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਰਾਜ ਸਾਇੰਸ ਟੈਕਨਾਲੋਜੀ ਕੌਂਸਲ ਚੰਡੀਗੜ੍ਹ ਵੱਲੋਂ ਵਾਤਾਵਰਣ, ਜੰਗਲਾਤ ਤੇ ਜਲਵਾਯੂ ਤਬਦੀਲੀ ਮੰਤਰਾਲਾ ਦੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਦੇਸ਼ ਭਰ ਵਿਚ ਕਰਵਾਏ ਗਏ ਗਰੀਨ ਸਕੂਲ ਪ੍ਰੋਗਰਾਮ ਆਡਿਟ ਵਿਚ ਸਰਕਾਰੀ ਹਾਈ ਸਕੂਲ ਪੰਡੋਰੀ ਨੂੰ ਲਗਾਤਾਰ ਦੂਜੀ ਵਾਰ ਗਰੀਨ ਸਕੂਲ ਐਵਾਰਡ ਲਈ ਚੁਣਿਆ ਗਿਆ ਹੈ। ਸਕੂਲ ਇੰਚਾਰਜ ਅਨੀਤਾ ਰਾਣੀ ਨੇ ਸਕੂਲ ਦੇ ਗਰੀਨ ਸਕੂਲ ਪ੍ਰੋਗਰਾਮ ਕੋਆਰਡੀਨੇਟਰ ਕਮਲ ਗੁਪਤਾ ਦੀ ਅਣਥੱਕ ਮਿਹਨਤ ਤੇ ਇਸ ਪ੍ਰੋਗਰਾਮ ਲਈ ਉਨ੍ਹਾਂ ਦੇ ਨਿਰੰਤਰ ਸ਼ਲਾਘਾਯੋਗ ਕੰਮਾਂ ਲਈ ਵਧਾਈ ਦਿੱਤੀ। ਇਸ ਦੇ ਨਾਲ ਹੀ ਸਮੂਹ ਸਕੂਲ ਸਟਾਫ ਨੇ ਈਕੋ ਕਲਬ ਟੀਮ ਇੰਚਾਰਜ ਵਿਦਿਆਰਥੀ ਸੁਰਿੰਦਰ ਕੁਮਾਰ ਜਮਾਤ ਨੌਵੀਂ ਨੂੰ ਵੀ ਸ਼ਾਬਾਸ਼ੀ ਦਿੱਤੀ। ਸਕੂਲ ਦੀ ਇਸ ਪ੍ਰਾਪਤੀ ਨੂੰ ਲੈ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਹਰਜਿੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ ਭੱਲਾ, ਜ਼ਿਲ੍ਹਾ ਈਈਪੀ ਕੋਆਰਡੀਨੇਟਰ ਗੁਰਦੀਪ ਸਿੰਘ, ਜ਼ਿਲ੍ਹਾ ਐਕਟੀਵਿਟੀ ਕੋਆਰਡੀਨੇਟਰ ਸੁਨੀਲ ਬਜਾਜ, ਪੰਡੋਰੀ ਪਿੰਡ ਦੇ ਸਰਪੰਚ ਅੰਮ੍ਰਿਤਪਾਲ ਸਿੰਘ ਤੇ ਪਿੰਡ ਢੱਕ ਪੰਡੋਰੀ ਦੇ ਸਰਪੰਚ ਵਿਜੇ ਕੁਮਾਰ ਨੇ ਵੀ ਸਕੂਲ ਇੰਚਾਰਜ ਅਤੇ ਸਟਾਫ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੌਕੇ ਐੱਸਐੱਮਸੀ ਕਮੇਟੀ ਮੈਂਬਰਾਂ ਤੋਂ ਇਲਾਵਾ ਅਧਿਆਪਕ ਅਰਸ਼ਦੀਪ ਸਿੰਘ, ਨਵਰੀਤ ਕੌਰ ਸੋਨਿਕਾ ਰਾਣੀ, ਗੁਰਮੀਤ ਚੰਦ ਅਤੇ ਦੀਪਾਵਲੀ ਆਦਿ ਮੌਜੂਦ ਸਨ। ਸਕੂਲ ਇੰਚਾਰਜ ਅਨੀਤਾ ਰਾਣੀ ਨੇ ਦੱਸਿਆ ਕਿ ਗਰੀਨ ਸਕੂਲ ਐਵਾਰਡ ਲਈ ਕੇਂਦਰ ਸਰਕਾਰ ਵੱਲੋਂ ਰਾਜ ਪੱਧਰੀ ਪ੍ਰੋਗਰਾਮ ‘ਚ 30 ਜਨਵਰੀ ਨੂੰ ਸਕੂਲ ਨੂੰ ਨਵੀਂ ਦਿੱਲੀ ਵਿਖੇ ਸਨਮਾਨਤ ਕੀਤਾ ਜਾਵੇਗਾ।