ਰੰਗਲੇ ਪੰਜਾਬ ਲਈ ਸਰਕਾਰ ਤੇ ਸਮਾਜ ਦੇ ਸਾਂਝੇ ਯਤਨ ਦੀ ਲੋੜ : ਸਰਬਜੀਤ
ਰੰਗਲੇ ਪੰਜਾਬ ਦਾ ਸੁਪਨਾ ਸਾਕਾਰ ਕਰਨ ਲਈ ਸਰਕਾਰ ਅਤੇ ਸਮਾਜ ਨੂੰ ਸਾਂਝੇ ਯਤਨ ਕਰਨ ਦੀ ਲੋੜ : ਸਰਬਜੀਤ ਰਾਜ
Publish Date: Sun, 07 Dec 2025 09:14 PM (IST)
Updated Date: Sun, 07 Dec 2025 09:18 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਕ੍ਰਿਸ਼ਚਨ ਯੂਥ ਫੈਲੋਸ਼ਿਪ ਦੇ ਸੰਸਥਾਪਕ ਤੇ ਐੱਨਆਰਆਈ ਸਰਬਜੀਤ ਰਾਜ ਨੇ ਵਿਕਸਿਤ ਪੰਜਾਬ ਦੀ ਕਾਮਨਾ ਕੀਤੀ। ਉਨ੍ਹਾਂ ਨੇ ਪੰਜਾਬ ਵਿਚ ਵੱਧ ਰਹੇ ਭ੍ਰਿਸ਼ਟਾਚਾਰ, ਨਸ਼ੇ, ਪ੍ਰਦੂਸ਼ਣ ਵਾਤਾਵਰਨ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਰੰਗਲੇ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਮਾਜ ਅਤੇ ਸਰਕਾਰ ਵੱਲੋਂ ਸਾਂਝੇ ਯਤਨ ਕਰਨ ਦੀ ਲੋੜ ਹੈ। ਸਰਬਜੀਤ ਰਾਜ ਨੇ ਕਿਹਾ ਕਿ ਪੰਜਾਬੀਆਂ ਨੂੰ ਆਪਣੀ ਵਡਮੁੱਲੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਪੰਜਾਬ ਦੇ ਆਰਥਿਕ ਵਿਕਾਸ ਲਈ ਖੇਤੀ ਦੇ ਨਾਲ-ਨਾਲ ਉਦਯੋਗ ਅਤੇ ਵਪਾਰ ਖੇਤਰ ਦੇ ਵਿਕਾਸ ਲਈ ਸਾਰਥਕ ਯਤਨ ਕਰਨੇ ਜ਼ਰੂਰੀ ਹਨ, ਤਾਂ ਜੋ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਣ। ਉਨ੍ਹਾਂ ਕਿਹਾ ਕਿ ਰਾਜਨੀਤੀ ਦੇ ਖੇਤਰ ਵਿਚ ਇਮਾਨਦਾਰ ਤੇ ਸੇਵਾ ਭਾਵਨਾ ਵਾਲੇ ਨੇਤਾਵਾਂ ਦੀ ਵਧੇਰੇ ਲੋੜ ਹੈ ਤਾਂ ਜੋ ਸੱਤਾ ਧਿਰ ਅਤੇ ਵਿਰੋਧੀ ਧਿਰ, ਇਕ-ਦੂਜੇ ਦੇ ਸਹਾਇਕ ਬਣ ਕੇ ਪੰਜਾਬ ਦੇ ਵਿਕਾਸ ਲਈ ਯਤਨ ਕਰਨ। ਸਰਬਜੀਤ ਰਾਜ ਨੇ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਜਾਗ੍ਰਿਤ ਕਰਨ ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਅੱਗੇ ਆਉਣ। ਅਮਨ-ਸ਼ਾਂਤੀ ਅਤੇ ਸਾਫ਼-ਸੁਥਰੇ ਵਾਤਾਵਰਣ ਨਾਲ ਹੀ ਪੰਜਾਬ ਵਿਕਾਸ ਦੇ ਮਾਰਗ ’ਤੇ ਚੱਲੇਗਾ।