ਆਰਸੀਐੱਫ਼ ਦੇ ਜੀਐੱਮ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ
ਆਰ ਸੀ ਐਫ਼, ਕਪੂਰਥਲਾ ਦੇ ਜਨਰਲ ਮੈਨੇਜਰ ਨੇ ਕੀਤੀ ਉੱਤਰ ਪ੍ਰਦੇਸ਼ ਦੀ ਰਾਜਪਾਲ ਨਾਲ ਮੁਲਾਕਾਤ
Publish Date: Tue, 03 Feb 2026 08:46 PM (IST)
Updated Date: Tue, 03 Feb 2026 08:50 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੀਕੇ ਮਿਸ਼ਰਾ ਮਹਾਪ੍ਰਬੰਧਕ (ਜੀਐੱਮ) ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਨੇ ਅੱਜ ਉੱਤਰ ਪ੍ਰਦੇਸ਼ ਦੀ ਮਹਾਂਮਹਿਮ ਰਾਜਪਾਲ ਆਨੰਦੀਬੇਨ ਪਟੇਲ ਨਾਲ ਰਾਜ ਭਵਨ ਲਖਨਊ ਵਿਚ ਸ਼ਿਸ਼ਟਾਚਾਰ ਭੇਟ ਕੀਤੀ। ਇਸ ਮੌਕੇ ਜੀਐੱਮ ਮਿਸ਼ਰਾ ਨੇ ਮਹਾਮਹਿਮ ਨੂੰ ਰੇਲਵੇ ਦੀਆਂ ਉਤਪਾਦਨ ਇਕਾਈਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਮਿਸ਼ਰਾ ਨੇ ਭਾਰਤੀ ਰੇਲਵੇ ਦੇ ਇਤਿਹਾਸ ‘ਤੇ ਆਧਾਰਿਤ ਆਪਣੀ ਪ੍ਰਸਿੱਧ ਪੁਸਤਕ ‘ਰੇਲਜ਼ ਥਰੂ ਰਾਜ’ ਦੀ ਇਕ ਕਾਪੀ ਮਹਾਂਮਹਿਮ ਰਾਜਪਾਲ ਜੀ ਨੂੰ ਭੇਟ ਕੀਤੀ। ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਰਚਨਾ ਮੁੱਢਲੇ ਇਤਿਹਾਸਕ ਸਰੋਤਾਂ ’ਤੇ ਆਧਾਰਿਤ ਹੈ ਤੇ ਬ੍ਰਿਟਿਸ਼ ਕਾਲ ਦੌਰਾਨ ਭਾਰਤੀ ਰੇਲਵੇ ਦੇ ਵਿਕਾਸ ਨੂੰ ਤੱਥਾਤਮਕ ਵਿਸ਼ਲੇਸ਼ਣ ਤੇ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਪੇਸ਼ ਕਰਦੀ ਹੈ। ਇਹ ਪੁਸਤਕ ਆਮ ਪਾਠਕਾਂ ਦੇ ਨਾਲ-ਨਾਲ ਇਤਿਹਾਸ ਤੇ ਰੇਲਵੇ ਵਿਸ਼ੇ ਨਾਲ ਜੁੜੇ ਖੋਜਕਾਰਾਂ ਲਈ ਵੀ ਬਹੁਤ ਲਾਭਕਾਰੀ ਸਾਬਤ ਹੋਵੇਗੀ। ਉੱਤਰ ਪ੍ਰਦੇਸ਼ ਦੀ ਮਹਾਂਮਹਿਮ ਰਾਜਪਾਲ ਨੇ ਮਹਾਂਪ੍ਰਬੰਧਕ ਮਿਸ਼ਰਾ ਦੀ ਲੇਖਨ ਕਲਾ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਮਹਾਂਮਹਿਮ ਨੇ ਆਪਣੀਆਂ ਲਿਖੀਆਂ ਪੁਸਤਕਾਂ ‘ਚੁਣੌਤੀਆਂ ਮੈਨੂੰ ਪਸੰਦ ਹਨ’ ਤੇ ‘ਉਹ ਮੈਨੂੰ ਹਮੇਸ਼ਾ ਯਾਦ ਰਹਿਣਗੇ’ ਵੀ ਮਹਾਂਪ੍ਰਬੰਧਕ ਨੂੰ ਸਨੇਹ ਨਾਲ ਭੇਟ ਕੀਤੀਆਂ। ਇਹ ਮੁਲਾਕਾਤ ਬਹੁਤ ਹੀ ਭਾਈਚਾਰਕ, ਗਿਆਨਵਰਧਕ ਤੇ ਅਰਥਪੂਰਨ ਰਹੀ।