ਮੰਦਿਰ ਜਾਨਕੀ ਦਾਸ ’ਚ ਸਿਹਤ ਕੈਂਪ ਕੱਲ
ਮੰਦਿਰ ਜਾਨਕੀ ਦਾਸ ਵਿਖੇ ਮੁਫ਼ਤ ਹੋਮਿਓਪੈਥਿਕ ਤੇ ਆਯੂਰਵੈਦਿਕ ਸਿਹਤ ਕੈਂਪ 11 ਫਰਵਰੀ ਨੂੰ
Publish Date: Mon, 09 Feb 2026 09:46 PM (IST)
Updated Date: Mon, 09 Feb 2026 09:47 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਕਪੂਰਥਲਾ ਵੱਲੋਂ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਮੁਹੱਲਾ ਜਾਨਕੀ ਦਾਸ ਵਿਖੇ ਸਥਿਤ ਜਾਨਕੀ ਦਾਸ ਮੰਦਰ ਵਿਚ 11 ਫਰਵਰੀ ਨੂੰ ਸਵੇਰੇ 9 ਤੋਂ 3 ਵਜੇ ਤੱਕ ਇਕ ਮੁਫ਼ਤ ਹੋਮਿਓਪੈਥਿਕ ਤੇ ਆਯੂਰਵੈਦਿਕ ਸਿਹਤ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਬਾਰੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਬਿਨਾਂ ਕਿਸੇ ਖ਼ਰਚੇ ਦੇ ਬਿਹਤਰ ਸਿਹਤ ਸੇਵਾਵਾਂ ਉਪਲਬਧ ਕਰਵਾਉਣਾ ਅਤੇ ਕੁਦਰਤੀ ਇਲਾਜ ਪ੍ਰਣਾਲੀਆਂ ਪ੍ਰਤੀ ਜਾਗਰੂਕਤਾ ਵਧਾਉਣਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਹੋਮਿਓਪੈਥਿਕ ਤੇ ਆਯੂਰਵੈਦਿਕ ਖੇਤਰ ਦੇ ਤਜਰਬੇਕਾਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਪੂਰੀ ਜਾਂਚ ਕੀਤੀ ਜਾਵੇਗੀ ਤੇ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਮੁਫ਼ਤ ਸਲਾਹ ਦੇ ਨਾਲ-ਨਾਲ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਕੈਂਪ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਸਿਹਤਮੰਦ ਜੀਵਨ ਸ਼ੈਲੀ, ਖੁਰਾਕ ਤੇ ਰੋਗਾਂ ਤੋਂ ਬਚਾਅ ਬਾਰੇ ਵੀ ਮਾਰਗਦਰਸ਼ਨ ਦਿੱਤਾ ਜਾਵੇਗਾ। ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਯੋਜਨਾਵਾਂ ਅਧੀਨ ਇਹ ਕੈਂਪ ਲੋਕਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਹੋਮਿਓਪੈਥੀ ਤੇ ਆਯੂਰਵੈਦਿਕ ਇਲਾਜ ਸਾਈਡ ਇਫੈਕਟ ਤੋਂ ਰਹਿਤ ਹੋਣ ਕਰਕੇ ਲੋਕਾਂ ਵਿਚ ਤੇਜ਼ੀ ਨਾਲ ਲੋਕਪ੍ਰਿਯ ਹੋ ਰਹੇ ਹਨ। ਇਸ ਮੌਕੇ ਡਾ. ਰਾਕੇਸ਼ ਸਿੰਘ, ਡਾ. ਮਨਪ੍ਰੀਤ ਕੌਰ, ਸਵੀਤਾ ਰਾਣੀ ਤੇ ਹੋਰ ਹਾਜ਼ਰ ਸਨ।