ਵਧਦੀ ਠੰਢ ਕਾਰਨ ਕਿਸਾਨ ਚਿੰਤਤ, ਕਣਕ ’ਤੇ ਪੈ ਸਕਦਾ ਪ੍ਰਭਾਵ
ਵਧਦੀ ਠੰਡ ਤੇ ਮੌਸਮ ਵਿੱਚ ਤਬਦੀਲੀ ਕਾਰਨ ਕਿਸਾਨ ਚਿੰਤਤ, ਕਣਕ ਤੇ ਪੈ ਸਕਦਾ ਪ੍ਰਭਾਵ ,ਸਾਵਧਾਨੀ ਵਰਤਣ ਕਿਸਾਨ : ਖੇਤੀਬਾੜੀ ਮਾਹਰ
Publish Date: Fri, 12 Dec 2025 08:47 PM (IST)
Updated Date: Fri, 12 Dec 2025 08:48 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮੌਸਮ ਵਿਚ ਹੋ ਰਹੀ ਤਬਦੀਲੀ ਤੇ ਲਗਾਤਾਰ ਵਧ ਰਹੀ ਠੰਢ ਨਾਲ ਫਸਲਾਂ ’ਤੇ ਪੈ ਰਹੇ ਪ੍ਰਭਾਵ ਤੋਂ ਕਿਸਾਨ ਵਰਗ ਹੁਣ ਤੋਂ ਹੀ ਚਿੰਤਤ ਹੈ। ਕਿਸਾਨਾਂ ਨੂੰ ਸਲਾਹ ਦਿੰਦੇ ਹੋਏ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਨਾ ਘਬਰਾਉਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਹਾਲੇ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ। ਕਣਕ ਦੇ ਪੀਲਾ ਹੋਣ ਦੇ ਕਾਰਨਾਂ ਨੂੰ ਜੇਕਰ ਸਮੇਂ ਸਿਰ ਨਾ ਸਮਝਿਆ ਗਿਆ ਅਤੇ ਸਹੀ ਕਾਰਨਾਂ ਦੀ ਪਛਾਣ ਬਿਨਾਂ ਹੀ ਦਵਾਈਆਂ ਦਾ ਛਿੜਕਾਅ ਕਰ ਦਿੱਤਾ ਗਿਆ ਤਾਂ ਫਸਲਾਂ ਨੂੰ ਵਿਸ਼ੇਸ਼ ਤੌਰ ’ਤੇ ਕਣਕ ਨੂੰ ਬੇਹੱਦ ਨੁਕਸਾਨ ਪਹੁੰਚ ਸਕਦਾ ਹੈ। ਹਲਕਾ ਸੁਲਤਾਨਪੁਰ ਲੋਧੀ ਦੇ ਖੇਤੀਬਾੜੀ ਵਿਸਥਾਰ ਅਫਸਰ ਪਰਮਿੰਦਰ ਕੁਮਾਰ ਨੇ ਦੱਸਿਆ ਕਣਕ ਦਾ ਪੀਲਾਪਣ ਕਈ ਕਾਰਨਾਂ ਕਰਕੇ ਹੁੰਦਾ ਹੈ। ਖੇਤ ਵਿਚ ਪਾਣੀ ਦੀ ਕਮੀ ਜਾਂ ਵੱਧ ਪਾਣੀ, ਖਾਰਾ ਪਾਣੀ, ਖਾਦਾਂ ਦੀ ਘਾਟ ਅਤੇ ਬਿਮਾਰੀਆਂ ਜਾਂ ਕੀੜਿਆਂ ਦੇ ਹਮਲੇ, ਸਰਦ ਰੁੱਤ ਵਿੱਚ ਤਾਪਮਾਨ ਘਟਣ, ਕੋਹਰੇ ਦੇ ਲੰਮਾ ਸਮਾਂ ਟਿਕੇ ਰਹਿਣ ਅਤੇ ਖੇਤਾਂ ਦੀ ਨਮੀ ਬਦਲਣ ਨਾਲ ਵੀ ਪੱਤੇ ਪੀਲੇ ਹੋਣ ਦਾ ਖਤਰਾ ਵਧ ਜਾਂਦਾ ਹੈ। ਖੇਤੀਬਾੜੀ ਵਿਸਥਾਰ ਅਫਸਰ ਪਰਮਿੰਦਰ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਪਹਿਲੇ ਪਾਣੀ ਨੂੰ ਬਹੁਤ ਭਰਵਾਂ ਛੱਡ ਦਿੱਤਾ ਜਾਂਦਾ ਹੈ, ਜਿਸ ਨਾਲ ਭਾਰੀਆਂ ਜ਼ਮੀਨਾਂ ਵਿਚ ਵੱਡੇ ਕਿਆਰੇ ਬਣਾਉਣਾ ਜਾਂ ਮਾੜੇ ਪਾਣੀ ਦੀ ਵਰਤੋਂ ਜਗ੍ਹਾ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਪੱਤੇ ਪੀਲੇ ਹੋਣ ਲੱਗਦੇ ਹਨ। ਭਾਰੀਆਂ ਜ਼ਮੀਨਾਂ ਵਿਚ 8 ਜਦਕਿ ਹਲਕੀਆਂ ਜ਼ਮੀਨਾਂ ਵਿਚ 16 ਕਿਆਰੇ ਪ੍ਰਤੀ ਏਕੜ ਰੱਖ ਕੇ ਸਿੰਚਾਈ ਕੀਤੀ ਜਾਵੇ ਅਤੇ ਮਾੜੇ ਪਾਣੀ ਦੀ ਵਰਤੋਂ ਤੋਂ ਪਹਿਲਾਂ ਇਸ ਦੀ ਜਾਂਚ ਕਰਵਾਈ ਜਾਵੇ। ਫਸਲ ’ਚ ਨਾਈਟ੍ਰੋਜਨ ਜ਼ਿੰਕ, ਮੈਗਨੀਜ਼ ਅਤੇ ਗੰਧਕ ਦੀ ਘਾਟ ਪੱਤਿਆਂ ਦੇ ਰੰਗ ’ਤੇ ਸਿੱਧਾ ਪ੍ਰਭਾਵ ਪਾਉਂਦੀ ਹੈ। ਨਾਈਟ੍ਰੋਜਨ ਦੀ ਘਾਟ ਨਾਲ ਪੁਰਾਣੇ ਪੱਤੇ, ਜ਼ਿੰਕ ਦੀ ਘਾਟ ਨਾਲ ਬੂਟੇ ਛੋਟੇ, ਮੈਗਨੀਜ਼ ਦੀ ਘਾਟ ਨਾਲ ਨਾੜੀਆਂ ਦੇ ਵਿਚਕਾਰਲਾ ਹਿੱਸਾ ਅਤੇ ਗੰਧਕ ਦੀ ਘਾਟ ਨਾਲ ਨਵੇਂ ਪੱਤੇ ਪੀਲੇ ਪੈਂਦੇ ਹਨ। ਮਿੱਟੀ ਪਰਖ ਦੇ ਅਧਾਰ ’ਤੇ ਖਾਦਾਂ ਦੀ ਸਹੀ ਮਾਤਰਾ ਵਰਤਣ ਨਾਲ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ। ਜਿਉਂ ਜਿਉਂ ਹੁਣ ਮੌਸਮ ਵਿਚ ਠੰਢ ਵਧਦੀ ਜਾਵੇਗੀ ਤਾਂ ਮੌਸਮ ਵਿਚ ਤਬਦੀਲੀ ਆਉਂਦੀ ਜਾਵੇਗੀ। ਇਸ ਕਾਰਨ ਫਸਲ ’ਚ ਪੀਲੇਪਣ ਦੇ ਮਾਮਲੇ ਵਧ ਸਕਦੇ ਹਨ। ਖੇਤੀਬਾੜੀ ਅਫਸਰ ਪਰਮਿੰਦਰ ਕੁਮਾਰ ਮੁਤਾਬਕ ਫਸਲ ਨੂੰ ਪਹਿਲਾ ਪਾਣੀ ਹਲਕਾ ਹੀ ਲਗਾਓ ਤੇ ਬੇਲੋੜੀ ਦਵਾਈਆਂ ਦਾ ਛਿੜਕਾਅ ਜਾਂ ਖਾਦਾਂ ਦੀ ਵਰਤੋਂ ਨਾ ਕਰੋ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਰੋਜ਼ੋਨਾ ਫਸਲ ਦਾ ਸਰਵੇਖਣ ਕਰਨਾ ਚਾਹੀਦਾ ਹੈ ਅਤੇ ਪੀਲੇਪਣ ਦੇ ਅਸਲ ਕਾਰਨਾਂ ਦੀ ਪਹਿਚਾਣ ਕਰਕੇ ਇਸ ਦਾ ਇਲਾਜ ਕਰਨਾ ਚਾਹੀਦਾ ਹੈ। ਕਣਕ ਦੀ ਫਸਲ ’ਚ ਸਿਉਂਕ, ਗੁਲਾਬੀ ਸੁੰਡੀ, ਨੀਮਾਟੋਡ ਅਤੇ ਪੀਲੀ ਕੁੰਗੀ ਵਰਗੀਆਂ ਬਿਮਾਰੀਆਂ ਵੀ ਕਣਕ ਦੇ ਪੀਲੇਪਣ ਦਾ ਵੱਡਾ ਕਾਰਨ ਹਨ। ਖਾਸ ਤੌਰ ’ਤੇ ਪੀਲੀ ਕੁੰਗੀ ਸਰਦੀਆਂ ਵਿਚ ਤੇਜ਼ੀ ਨਾਲ ਫੈਲਦੀ ਹੈ। ਪੱਤਿਆਂ ’ਤੇ ਪੀਲੀ ਧੂੜ ਵਰਗੀਆਂ ਧਾਰੀਆਂ ਇਸਦੀ ਸ਼ੁਰੂਆਤ ਦਾ ਸੰਕੇਤ ਹੁੰਦੀਆਂ ਹਨ। ਜਿਵੇਂ ਹੀ ਲੱਛਣ ਦਿਖਾਈ ਦੇਣ ਤੁਰੰਤ ਸਿਫਾਰਸ਼ੀ ਫਫੂੰਦ ਨਾਸ਼ਕਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ ਪਰ ਇਸ ਮੰਤਵ ਲਈ ਕਿਸੇ ਡੀਲਰ ਦੇ ਕਹਿਣ ’ਤੇ ਦਵਾਈ ਦਾ ਛਿੜਕਾਅ ਕਰਨ ਦੀ ਬਜਾਏ ਨਜ਼ਦੀਕੀ ਖੇਤੀਬਾੜੀ ਦਫਤਰ ਨਾਲ ਸੰਪਰਕ ਕਰਕੇ ਮਾਹਰਾਂ ਦੀ ਸਲਾਹ ਮੁਤਾਬਕ ਹੀ ਦਵਾਈ ਦੀ ਚੋਣ ਕਰਨੀ ਚਾਹੀਦੀ ਹੈ।