ਤਾਪਮਾਨ ਦੇ ਲਗਾਤਾਰ ਵਾਧੇ ਕਾਰਨ ਕਣਕ ਦਾ ਝਾੜ ਘੱਟ ਹੋਣ ਦਾ ਖਦਸ਼ਾ
ਤਾਪਮਾਨ ਦੇ ਲਗਾਤਾਰ ਵਾਧੇ ਕਾਰਨ ਕਿਸਾਨਾਂ ਨੂੰ ਕਣਕ ਦੀ ਫਸਲ ਦਾ ਝਾੜ ਘੱਟ ਹੋਣ ਦੀ ਚਿੰਤਾ
Publish Date: Sun, 15 Feb 2026 10:04 PM (IST)
Updated Date: Sun, 15 Feb 2026 10:06 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਭਾਰੀ ਠੰਢ ਤੋਂ ਬਾਅਦ ਕੁਝ ਦਿਨਾਂ ਵਿਚ ਬਦਲੇ ਮੌਸਮ ਕਾਰਨ ਵਧੇ ਤਾਪਮਾਨ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਦਿਨ ਦੇ ਤਾਪਮਾਨ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਨ ਕਣਕ ਦੀ ਫਸਲ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਖੇਤੀ ਮਾਹਰਾਂ ਮੁਤਾਬਕ ਜੇਕਰ ਫਰਵਰੀ ਤੇ ਮਾਰਚ ਮਹੀਨੇ ਦੌਰਾਨ ਗਰਮੀ ਵਧਦੀ ਹੈ ਤਾਂ ਇਸ ਨਾਲ ਕਣਕ ਨੂੰ ਬਿਮਾਰੀ ਜਾਂ ਕਣਕ ਦੇ ਝਾੜ ਘਟਣ ਦੀ ਸੰਭਾਵਨਾ ਪੈਦਾ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਸਾਲ 2021 ਤੇ 2022 ਵਿਚ ਵੀ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਗਈ ਸੀ, ਕਿਉਂਕਿ ਫਰਵਰੀ ਮਹੀਨੇ ਵਿਚ ਹੀ ਤਾਪਮਾਨ 20-22 ਡਿਗਰੀ ਤੋਂ ਉੱਪਰ ਚਲਾ ਗਿਆ ਸੀ, ਜਿਸ ਨਾਲ ਕਣਕ ਦੇ ਝਾੜ ’ਤੇ ਵੀ ਬਹੁਤ ਅਸਰ ਪਿਆ ਸੀ। ਅੱਜ ਵੀ ਇਸ ਖੇਤਰ ਵਿਚ ਦਿਨ ਵੇਲੇ ਤਾਪਮਾਨ 24 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਕਣਕ ਦੀ ਫਸਲ ਦਾਣਾ ਬਣਾਉਣ ਦੇ ਪੜਾਅ ਵਿਚ ਹੈ ਤੇ ਵੱਧ ਤਾਪਮਾਨ ਨਾਲ ਫਸਲ ਜਲਦੀ ਪੱਕਣ ਲੱਗਦੀ ਹੈ, ਜਿਸ ਕਾਰਨ ਦਾਣਾ ਸੁੰਗੜ ਜਾਂਦਾ ਹੈ। ਕਈ ਖੇਤਰਾਂ ਵਿਚ ਪਾਣੀ ਦੀ ਕਮੀ ਵੀ ਕਣਕ ਦੀ ਫਸਲ ਲਈ ਸਮੱਸਿਆ ਬਣ ਸਕਦੀ ਹੈ, ਜੋ ਗਰਮੀ ਦੇ ਪ੍ਰਭਾਵ ਨੂੰ ਹੋਰ ਵਧਾ ਦਿੰਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਝੋਨੇ ਦਾ ਝਾੜ ਘੱਟ ਰਿਹਾ ਹੈ, ਦੂਸਰੀਆਂ ਫਸਲਾਂ ਆਲੂ ਤੇ ਮੱਕੀ ਦਾ ਰੇਟ ਵੀ ਘੱਟ ਸੀ, ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਰੂਪ ਵਿਚ ਬਹੁਤ ਨੁਕਸਾਨ ਉਠਾਉਣਾ ਪੈ ਰਿਹਾ ਹੈ। ਤਾਪਮਾਨ ਵਧਣ ਦਾ ਅਸਰ ਸਿੱਧਾ ਫਸਲ ’ਤੇ ਪਵੇਗਾ : ਡਾ. ਪਰਮਿੰਦਰ ਇਸ ਸਬੰਧੀ ਖੇਤੀਬਾੜੀ ਵਿਸਥਾਰ ਅਫਸਰ ਡਾ. ਪਰਮਿੰਦਰ ਕੁਮਾਰ ਦਾ ਕਹਿਣਾ ਹੈ ਕਿ ਦਿਨ-ਬ-ਦਿਨ ਵਧ ਰਿਹਾ ਤਾਪਮਾਨ ਕਣਕ ਦੀ ਫਸਲ ਲਈ ਲਾਹੇਵੰਦ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਵਿਚ ਕਣਕ ਨੂੰ ਪੀਲੀ ਕੁੰਗੀ ਬਿਮਾਰੀ ਲੱਗਣ ਦਾ ਵੀ ਡਰ ਹੁੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੰਦੇ ਕਿਹਾ ਕਿ ਉਹ ਰੋਜ਼ਾਨਾ ਆਪਣੇ ਖੇਤਾਂ ਦਾ ਦੌਰਾ ਕਰਨ ਤੇ ਕਿਤੇ ਵੀ ਅਜਿਹੀ ਨਿਸ਼ਾਨੀ ਵਿਖਾਈ ਦੇਵੇ ਤਾਂ ਤੁਰੰਤ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨਾਲ ਸੰਪਰਕ ਵੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਨੂੰ ਇਸ ਸਮੇਂ ਪ੍ਰੋਪਰਟੀਕੋਨਾ ਦਵਾਈ 200 ਐੱਮਐੱਲ 200 ਲਿਟਰ ਪਾਣੀ ਵਿਚ ਮਿਲਾ ਕੇ ਫਸਲ ’ਤੇ ਛਿੜਕਾਅ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਤਾਪਮਾਨ ਇੰਜ ਹੀ ਵੱਧਦਾ ਰਿਹਾ ਤਾਂ ਇਸ ਦਾ ਅਸਰ ਸਿੱਧਾ ਫਸਲ ਤੇ ਹੋਵੇਗਾ ਕਿਉਂਕਿ ਇਸ ਸਮੇਂ ਕਣਕ ਦੇ ਦਾਣੇ ਭਰਨ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ, ਜਿਸ ਨਾਲ ਪੈਦਾਵਾਰ ਘੱਟ ਸਕਦੀ ਹੈ।