ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਦਾ ਆਯੋਜਨ

ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ਵਿਰੁੱਧ ਭੜਾਸ ਕੱਢੀ
ਸੁਲਤਾਨਪੁਰ ਲੋਧੀ : ਅੱਜ ਗਣਤੰਤਰ ਦਿਵਸ ਦੇ ਮੌਕੇ ’ਤੇ ਦਿੱਲੀ ਕਿਸਾਨ ਅੰਦੋਲਨ ਦੀ ਪਰੇਡ ਦੀ ਵਰ੍ਹੇਗੰਢ ਮੌਕੇ ਸੰਯੁਕਤ ਕਿਸਾਨ ਮੋਰਚਾ ਕਪੂਰਥਲਾ ਵਿਚ ਸ਼ਾਮਲ ਕਿਸਾਨ ਪੇਂਡੂ ਮਜ਼ਦੂਰ ਯੂਨੀਅਨ, ਖੇਤ ਮਜ਼ਦੂਰ ਯੂਨੀਅਨ ਤੇ ਮੁਲਾਜ਼ਮ ਯੂਨੀਅਨ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਸਾਂਝੇ ਤੌਰ ’ਤੇ ਟਰੈਕਟਰ ਪਰੇਡ ਰੋਸ ਮਾਰਚ ਕੀਤਾ ਗਿਆ। ਸੁਲਤਾਨਪੁਰ ਲੋਧੀ ਦਾਣਾ ਮੰਡੀ ਵਿਚ ਪਹਿਲਾਂ ਭਾਰੀ ਇਕੱਠ ਹੋਇਆ, ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਕਿਸਾਨੀ ਮੰਗਾਂ ਬਿਜਲੀ ਬਿੱਲ 2025 ਵਾਪਸ ਲੈਣ ਤੇ ਬੀਜ ਬਿੱਲ ਰੱਦ ਕਰਨ, ਐੱਮਐੱਸਪੀ ਤੇ ਖਰੀਦ ਦਾ ਗਰੰਟੀ ਕਾਨੂੰਨ ਬਣਾਉਣ, ਵੱਖ-ਵੱਖ ਮੁਲਕਾਂ ਨਾਲ ਕੀਤੇ ਜਾ ਰਹੇ ਟੈਕਸ ਮੁਕਤ ਵਪਾਰ ਸਮਝੌਤਿਆ ਵਿਚ ਖੇਤੀ ਤੇ ਖੇਤੀ ਨਾਲ ਸਬੰਧਤ ਹੋਰ ਖੇਤਰਾਂ ਨੂੰ ਬਾਹਰ ਰੱਖਿਆ ਜਾਵੇ, ਮਜ਼ਦੂਰ ਵਿਰੋਧੀ 4 ਲੇਬਰ ਕੋਡ ਰੱਦ ਕੀਤੇ ਜਾਣ, ਪਹਿਲਾਂ ਵਾਲਾ ਮਨਰੇਗਾ ਬਹਾਲ ਕਰੋ, ਘਰਾਂ ਤੇ ਪਸ਼ੂਆਂ ਦਾ ਪੂਰਾ ਮੁਆਵਜ਼ਾ ਤੇ ਹੜ੍ਹਾਂ ਦੀ ਰੋਕਥਾਮ ਲਈ ਪੱਕੇ ਪ੍ਰਬੰਧਾਂ ਦੀ ਮੰਗ ਕੀਤੀ। ਇਸ ਤੋਂ ਇਲਾਵਾ ਬੁਲਾਰਿਆਂ ਨੇ ਸਮਾਰਟ ਮੀਟਰਾਂ ਦੇ ਤੰਨਜ਼ ਕਸਦਿਆਂ ਕਿਹਾ ਕਿ ਲੋਕਾਂ ਨੂੰ ਸਮਾਰਟ ਸਿੱਖਿਆ, ਸਮਾਰਟ ਸਿਹਤ ਸਹੂਲਤਾਂ ਤੇ ਰੁਜ਼ਗਾਰ ਚਾਹੀਦਾ ਹੈ। 77ਵੇਂ ਗਣਤੰਤਰ ਦਿਵਸ ਮੌਕੇ ਸੰਯੁਕਤ ਕਿਸਾਨ ਮੋਰਚਾ ਨੇ ਅੱਜ 26 ਜਨਵਰੀ ਨੂੰ ਲੋਕ ਅਧਿਕਾਰਾਂ ਦੀ ਰਾਖੀ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਸੰਵਿਧਾਨ ਸਾਨੂੰ ਲਿਖਣ, ਬੋਲਣ ਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਿੰਦਾ ਹੈ। ਕੇਂਦਰ ਸਰਕਾਰ ਸੰਵਿਧਾਨਕ ਹੱਕਾਂ ਨੂੰ ਤਾਨਾਸ਼ਾਹੀ ਤਰੀਕੇ ਨਾਲ ਕੁਚਲ ਰਹੀ ਹੈ। ਕੇਂਦਰ ਸਰਕਾਰ ਸਾਰੇ ਰਾਜਨੀਤਿਕ ਕੈਦੀਆਂ ਨੂੰ ਰਿਹਾਅ ਕਰੇ, ਜਿਨਾਂ ਵਿਚ ਬਿਨਾਂ ਮੁਕਦਮਾ ਚਲਾਏ ਸਾਰੇ ਕੈਦੀ ਸ਼ਾਮਲ ਹਨ ਤੇ ਸਜ਼ਾਵਾਂ ਭੁਗਤ ਚੁੱਕੇ ਕੈਦੀ ਵੀ ਰਿਹਾਅ ਕੀਤੇ ਜਾਣ। ਪੰਜਾਬ ਸਰਕਾਰ ਵੱਲੋਂ ਪ੍ਰੈਸ ਦੀ ਆਜ਼ਾਦੀ ਅਤੇ ਪੱਤਰਕਾਰਾਂ ਤੇ ਦਬਾਅ ਪਾਉਣ ਲਈ ਕੀਤੇ ਜਾ ਰਹੇ ਪਰਚੇ ਦਰਜ ਕਰਨ ਦੀ ਸਖਤ ਨਿੰਦਾ ਕੀਤੀ ਗਈ। ਇਸ ਮੌਕੇ ਆਲ ਇੰਡੀਆ ਕਿਸਾਨ ਸਭਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਬੀਕੇਯੂ ਏਕਤਾ ਡਕੌਂਦਾ, ਕਿਰਤੀ ਕਿਸਾਨ ਯੂਨੀਅਨ ਪੰਜਾਬ, ਦੁਆਬਾ ਕਿਸਾਨ ਕਮੇਟੀ ਕਪੂਰਥਲਾ, ਪੇਂਡੂ ਮਜ਼ਦੂਰ ਯੂਨੀਅਨ, ਖੇਤ ਮਜ਼ਦੂਰ ਸਭਾ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਦੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਇਸ ਮੌਕੇ ਗੁਰੂ ਨਾਨਕ ਸੇਵਕ ਜਥਾ ਬਾਹਰਾ ਵੱਲੋਂ ਚਾਹ ਦਾ ਲੰਗਰ ਲਗਾਇਆ ਜਾ ਅਤੇ ਸਮੂਹ ਹਾਜ਼ਰ ਕਿਸਾਨਾਂ ਨੂੰ ਚਾਹ-ਬਿਸਕੁਟ ਛਕਾਏ ਗਏ। ਇਸ ਮੌਕੇ ਰਜਿੰਦਰ ਸਿੰਘ ਰਾਣਾ ਐਡਵੋਕੇਟ ਸੰਯੁਕਤ ਕਿਸਾਨ ਮੋਰਚਾ, ਅਮਰਜੀਤ ਸਿੰਘ ਟਿੱਬਾ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ ਕਪੂਰਥਲਾ, ਜਸਵਿੰਦਰ ਸਿੰਘ ਵਿੱਤ ਸਕੱਤਰ, ਆਲ ਇੰਡੀਆ ਕਿਸਾਨ ਸਭਾ ਮੁਕੰਦ ਸਿੰਘ ਭੁਲਾਨਾ, ਪਰਮਜੀਤ ਸਿੰਘ ਬਾਊਪੁਰ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਕਪੂਰਥਲਾ, ਨਿਰਮਲ ਸਿੰਘ ਸ਼ੇਰਪੁਰ ਸੱਦਾ ਸੁਬਾਈ ਆਗੂ ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਬਲਦੇਵ ਸਿੰਘ ਭਾਰਤ ਨਿਰਮਾਣ ਯੂਨੀਅਨ ਪੰਜਾਬ ਬਲਦੇਵ ਸਿੰਘ ਚੰਨਣ ਵਿੰਡੀ ਪ੍ਰਧਾਨ ਦੁਆਬਾ ਕਿਸਾਨ ਕਮੇਟੀ ਕਪੂਰਥਲਾ, ਸੁਖਦੇਵ ਸਿੰਘ ਪੈਨਸ਼ਨ ਯੂਨੀਅਨ ਪਾਵਰਕਾਮ, ਅਜੀਤ ਸਿੰਘ ਔਜਲਾ ਸਾਬਕਾ ਪ੍ਰਧਾਨ ਕਿਸਾਨ ਕਲੱਬ ਪੀਏਯੂ ਲੁਧਿਆਣਾ, ਸੁਰਜੀਤ ਸਿੰਘ ਟਿੱਬਾ ਵਾਤਾਵਰਨ ਕਮੇਟੀ, ਪ੍ਰਿੰਸੀਪਲ ਲਖਬੀਰ ਸਿੰਘ, ਕਰਨੈਲ ਸਿੰਘ ਸੱਦੂਵਾਲ ਕਿਰਤੀ ਕਿਸਾਨ ਯੂਨੀਅਨ ਆਦਿ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।