ਕਿਰਾਏਦਾਰਾਂ ਦੀ ਸੂਚਨਾ ਪੁਲਿਸ ਨੂੰ ਨਾ ਦੇਣਾ ਲੋਕਾਂ ਨੂੰ ਪੈ ਸਕਦੀ ਹੈ ਭਾਰੀ
ਕਿਰਾਏਦਾਰਾਂ ਦੀ ਸੂਚਨਾ ਪੁਲਿਸ ਸਟੇਸ਼ਨ ਵਿਖੇ ਨਾ ਦੇਣਾ ਲੋਕਾਂ ਨੂੰ ਪੈ ਸਕਦਾ ਹੈ ਭਾਰੀ
Publish Date: Wed, 19 Nov 2025 07:08 PM (IST)
Updated Date: Wed, 19 Nov 2025 07:10 PM (IST)

--ਬਾਹਰੀ ਸੂਬਿਆਂ ਤੋਂ ਆਉਣ ਵਾਲੇ ਲੋਕ ਘਟਨਾ ਨੂੰ ਅੰਜਾਮ ਦੇ ਕੇ ਹੋ ਜਾਂਦੇ ਨੇ ਫਰਾਰ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਸਮੇਂ-ਸਮੇਂ ਤੇ ਅਜਿਹੀਆਂ ਸੂਚਨਾਵਾਂ ਮਿਲਦੀਆਂ ਹਨ ਕਿ ਦੂਜੇ ਸੂਬਿਆਂ ਤੋਂ ਆਇਆ ਪਰਿਵਾਰ ਕਿਸੇ ਕਲੋਨੀ ਵਿਚ ਆਂਢ-ਗੁਆਢ ਤੋਂ ਕੀਮਤੀ ਸਾਮਾਨ ਲੈ ਕੇ ਰਾਤੋਂ-ਰਾਤ ਮਕਾਨ ਛੱਡ ਕੇ ਭੱਜ ਗਿਆ ਜਾਂ ਫਿਰ ਕੋਈ ਪ੍ਰਵਾਸੀ ਵਿਅਕਤੀ ਕਿਸੇ ਚੋਰੀ ਦੀ ਘਟਨਾ ਜਾਂ ਡਕੈਤੀ ਦੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ ਹੈ ਪਰ ਇਹ ਵੀ ਸੱਚ ਹੈ ਕਿ ਹਰ ਕੇਸ ਚ ਪ੍ਰਵਾਸੀ ਵਿਅਕਤੀ ਨਹੀਂ ਪਾਇਆ ਜਾਂਦਾ ਜਦਕਿ ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਇਨ੍ਹਾਂ ਘਟਨਾਵਾਂ ਕਾਰਨ ਜਿਥੇ ਪੀੜਤ ਪਰਿਵਾਰ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਪੁਲਿਸ ਨੂੰ ਵੀ ਕੇਸ ਹੱਲ ਕਰਨ ’ਚ ਭਾਰੀ ਪ੍ਰੇਸ਼ਾਨੀ ਹੁੰਦੀ ਹੈ। ਇਸ ਦਾ ਵੱਡਾ ਕਾਰਨ ਹੈ ਕਿ ਦੂਜੇ ਰਾਜਾਂ ਤੋਂ ਸ਼ਹਿਰ ਵਿਚ ਕਿਰਾਏ ਦੇ ਮਕਾਨਾਂ, ਹੋਟਲਾਂ ਜਾਂ ਦੁਕਾਨਾਂ ਤੇ ਕੰਮ ਕਰਨ ਵਾਲੇ ਲੋਕਾਂ ਦੀ ਜ਼ਿਆਦਾਤਰ ਲੋਕ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਉਂਦੇ ਅਤੇ ਨਾ ਕੋਈ ਪਹਿਚਾਣ-ਪੱਤਰ ਆਪਣੇ ਕੋਲ ਰੱਖਦੇ ਹਨ, ਜਿਸ ਕਾਰਨ ਲੋਕਾਂ ਨੂੰ ਬਾਅਦ ਚ ਪਛਤਾਉਣਾ ਪੈਂਦਾ ਹੈ। --ਸਮੇਂ-ਸਮੇਂ ’ਤੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਜਾਂਦੇ ਹਨ ਹੁਕਮ ਜ਼ਿਲ੍ਹੇ ਦੀ ਸੁਰੱਖਿਆਂ ਨੂੰ ਲੈ ਕੇ ਸਮੇਂ-ਸਮੇਂ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਪਾਬੰਦੀ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ ਤਾਂ ਕਿ ਜ਼ਿਲ੍ਹੇ ਦੇ ਲੋਕ ਸੁਰੱਖਿਅਤ ਰਹਿ ਸਕਣ ਅਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕੀਤੀ ਜਾ ਸਕੇ। ਇਨ੍ਹਾਂ ਆਦੇਸ਼ਾਂ ’ਚ ਇਕ ਇਹ ਵੀ ਜਾਰੀ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਨੇ ਆਪਣੇ ਘਰ ਵਿਚ ਬਾਹਰੀ ਸੂਬਿਆਂ ਤੋਂ ਰਹਿਣ ਵਾਲੇ ਲੋਕਾਂ ਨੂੰ ਕਿਰਾਏ ’ਤੇ ਘਰ, ਦੁਕਾਨ ਜਾਂ ਹੋਟਲਾ ਵਿਚ ਰੱਖਣਾ ਹੋਵੇ ਤਾਂ ਉਸ ਦੀ ਸੂਚਨਾ ਪੁਲਿਸ ਸਟੇਸ਼ਨ ਵਿਚ ਜ਼ਰੂਰ ਦਿਓ ਜਾਂ ਉਨ੍ਹਾਂ ਦਾ ਆਧਾਰ ਕਾਰਡ ਜਾਂ ਹੋਰ ਪਹਿਚਾਣ-ਪੱਤਰ ਆਪਣੇ ਕੋਲ ਜ਼ਰੂਰ ਰੱਖੋ ਪਰ ਜ਼ਿਆਦਾਤਰ ਲੋਕ ਇਨ੍ਹਾਂ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦਾ ਪਛਾਣ-ਪੱਤਰ ਨਹੀਂ ਰੱਖਦੇ ਹਨ ਪਰ ਜਦ ਕਦੀ ਕੋਈ ਵਾਰਦਾਤ ਹੁੰਦੀ ਹੈ ਤਾਂ ਉਸ ਸਮੇਂ ਜਿਥੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ, ਉੱਥੇ ਪੁਲਿਸ ਪ੍ਰਸ਼ਾਸਨ ਨੂੰ ਵੀ ਪ੍ਰੇਸ਼ਾਨੀ ਹੁੰਦੀ ਹੈ। --ਕੁਝ ਹੀ ਸਾਲਾਂ ਵਿਚ ਬਾਹਰ ਤੋਂ ਆਏ ਲੋਕਾਂ ਦਾ ਜ਼ਿਲ੍ਹੇ ਚ ਹੋਇਆ ਵਾਧਾ ਜੇਕਰ ਵੇਖਿਆ ਜਾਵੇ ਤਾਂ ਕਪੂਰਥਲਾ ਜ਼ਿਲ੍ਹੇ ਵਿਚ ਬਾਹਰੀ ਸੂਬਿਆਂ ਤੋਂ ਆਏ ਲੋਕਾਂ ਦਾ ਕਾਫੀ ਵਾਧਾ ਹੋਇਆ ਹੈ। ਸ਼ਹਿਰ ਵਿਚ ਬਾਹਰੀ ਸੂਬਿਆਂ ਤੋਂ ਆਏ ਲੋਕਾਂ ਵੱਲੋਂ ਕਿਰਾਏ ਤੇ ਲੈ ਕੇ ਦੁਕਾਨਾਂ ਚਲਾਈਆਂ ਜਾ ਰਹੀਆਂ ਹਨ ਜਦਕਿ ਕਈ ਲੋਕਾਂ ਵੱਲੋਂ ਆਪਣੇ ਘਰਾਂ ਦੀ ਉੱਪਰਲੀ ਮੰਜ਼ਿਲ ਤੇ ਬਣੇ ਕਮਰੇ ਵੀ ਕਿਰਾਏ ’ਤੇ ਦਿੱਤੇ ਹੋਏ ਹਨ। ਇਸ ਦੇ ਇਲਾਵਾ ਦੁਕਾਨਦਾਰਾਂ ਵੱਲੋਂ ਬਾਹਰੀ ਰਾਜਾਂ ਤੋਂ ਆਏ ਨੌਜਵਾਨਾਂ ਨੂੰ ਆਪਣੀਆਂ ਦੁਕਾਨਾਂ ਤੇ ਰੱਖਿਆ ਹੋਇਆ ਹੈ ਪਰ ਇਨ੍ਹਾਂ ਦੁਕਾਨਦਾਰਾਂ, ਪਰਿਵਾਰਾਂ ਜਾਂ ਨੌਜਵਾਨਾਂ ਦੀ ਸੂਚਨਾ ਪੁਲਿਸ ਕੋਲ ਹੈ ਜਾਂ ਨਹੀਂ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਜਦਕਿ ਕਈ ਲੋਕ ਅਜਿਹੇ ਹਨ ਜੋ ਮਾਮੂਲੀ ਕਿਰਾਏ ਦੇ ਲਾਲਚ ਵਿਚ ਆ ਕੇ ਉਨ੍ਹਾਂ ਤੋਂ ਕੋਈ ਗਰੰਟੀ ਵਗੈਰਾ ਨਹੀਂ ਲੈਂਦੇ। --ਕਿਰਾਏਦਾਰ ਦੇ ਭੇਸ ਵਿਚ ਠੱਗ ਜਾਂ ਬਦਮਾਸ਼ ਦੇ ਸਕਦੇ ਹਨ ਘਟਨਾ ਨੂੰ ਅੰਜਾਮ ਭਾਵੇਂ ਕਿ ਇਹ ਲੋਕ ਰੋਜ਼ਗਾਰ ਜਾਂ ਆਪਣੇ ਪਰਿਵਾਰ ਦਾ ਪੇਟ ਪਾਲਣ ਦੇ ਲਈ ਇਥੇ ਆਉਂਦੇ ਹਨ ਪਰ ਕੁਝ ਠੱਗ ਜਾਂ ਬਦਮਾਸ਼ ਟਾਇਪ ਦੇ ਲੋਕ ਵੀ ਇਨ੍ਹਾਂ ਦੀ ਆੜ ਵਿਚ ਘਟਨਾਵਾਂ ਨੂੰ ਅੰਜਾਮ ਦੇ ਕੇ ਰਫੂਚੱਕਰ ਹੋ ਜਾਂਦੇ ਹਨ। ਇਸ ਲਈ ਸਾਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। --ਕਿਰਾਏਦਾਰ ਰੱਖਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਘਰ ਹੋਵੇ ਜਾਂ ਹੋਟਲ ਜਾਂ ਦੁਕਾਨ ਅਣਜਾਣ ਵਿਅਕਤੀ ਜਾਂ ਪਰਿਵਾਰ ਨੂੰ ਰੱਖਣ ਤੋਂ ਪਹਿਲਾਂ ਉਸ ਦੀ ਨਜ਼ਦੀਕੀ ਪੁਲਿਸ ਸਟੇਸ਼ਨ ਤੋਂ ਵੈਰੀਫਿਕੇਸ਼ਨ ਜ਼ਰੂਰ ਕਰਵਾਉਣੀ ਚਾਹੀਦੀ ਹੈ। ਇਸ ਦੇ ਇਲਾਵਾ ਸਾਰੇ ਪਰਿਵਾਰ ਦੇ ਆਧਾਰ ਕਾਰਡ, ਮੋਬਾਇਲ ਫੋਨ ਨੰਬਰ ਜ਼ਰੂਰ ਆਪਣੇ ਕੋਲ ਰੱਖਣੇ ਚਾਹੀਦੇ ਹਨ। ਇਸ ਦੇ ਇਲਾਵਾ ਆਪਣੇ ਵਾਰਡ ਦੇ ਕੌਂਸਲਰ ਜਾਂ ਸਰਪੰਚ ਨੂੰ ਜ਼ਰੂਰ ਇਸ ਦੀ ਸੂਚਨਾ ਦੇਣੀ ਚਾਹੀਦੀ ਹੈ, ਤਾਂ ਕਿ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਕੇਸ ਚ ਸ਼ਾਮਲ ਲੋਕਾਂ ਨੂੰ ਤੁਰੰਤ ਗਿਰਫਤਾਰ ਕੀਤਾ ਜਾ ਸਕੇ। --ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਇਸ ਸਬੰਧੀ ਜਦੋਂ ਡੀਐੱਸਪੀ ਸਬ ਡਿਵੀਜ਼ਨ ਕਪੂਰਥਲਾ ਡਾ. ਸ਼ੀਤਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਸਾਡੇ ਵੱਲੋਂ ਆਏ ਦਿਨ ਲੋਕਾਂ ਨੂੰ ਕਿਰਾਏ ’ਤੇ ਰੱਖਣ ਸਮੇਂ ਇਨ੍ਹਾਂ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ ਦੇ ਲਈ ਕਿਹਾ ਜਾਂਦਾ ਹੈ ਪਰ ਜ਼ਿਆਦਾਤਰ ਲੋਕ ਮਕਾਨ ਕਿਰਾਏ ’ਤੇ ਦੇਣ, ਦੁਕਾਨਾਂ ’ਚ ਰੱਖਣ ਵਾਲੇ ਲੋਕਾਂ ਦੀ ਸੂਚਨਾ ਪੁਲਿਸ ਨੂੰ ਨਹੀਂ ਦਿੰਦੇ, ਜਿਸ ਕਾਰਨ ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਨਾਲ ਜਿਥੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ, ਉਥੇ ਹੀ ਪੁਲਿਸ ਨੂੰ ਕੇਸ ਹੱਲ ਕਰਨ ਵਿਚ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦ ਕਿਰਾਏ ’ਤੇ ਕੋਈ ਮਕਾਨ ਲੈਣ ਜਾਂ ਦੁਕਾਨਾਂ ’ਤੇ ਕੰਮ ਕਰਨ ਲਈ ਬਾਹਰੀ ਸੂਬਿਆਂ ਤੋਂ ਵਿਅਕਤੀ ਆਉਂਦਾ ਹੈ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਜ਼ਰੂਰ ਦਿਓ। --ਸ਼ਹਿਰ ਚ ਇਸ ਸਮੇਂ ਚੋਰੀ, ਡਕੈਤੀ, ਚੇਨ ਸਨੈਚਿੰਗ ਤੋਂ ਲੋਕ ਪ੍ਰੇਸ਼ਾਨ ਜ਼ਿਲ੍ਹੇ ਵਿਚ ਜਦ ਵੀ ਕੋਈ ਵਾਰਦਾਤ ਜਿਵੇਂ ਚੋਰੀ, ਡਕੈਤੀ, ਚੈਨ ਸਨੈਚਿੰਗ ਜਾਂ ਹੋਰ ਕੋਈ ਵਾਰਦਾਤ ਹੁੰਦੀ ਹੈ ਤਾਂ ਲੋਕ ਸਭ ਤੋਂ ਪਹਿਲਾਂ ਪੁਲਿਸ ਪ੍ਰਸ਼ਾਸ਼ਨ ’ਤੇ ਲਾਪ੍ਰਵਾਹੀ ਦੇ ਦੋਸ਼ ਲਾਉਣ ਲੱਗਦੇ ਹਨ ਜਦਕਿ ਕਿਤੇ ਨਾ ਕਿਤੇ ਦੋਸ਼ੀ ਲੋਕ ਵੀ ਹੁੰਦੇ ਹਨ। ਜ਼ਿਲ੍ਹੇ ਚ ਬਾਹਰੀ ਸੂਬਿਆਂ ਤੋਂ ਬਹੁਤ ਸਾਰੇ ਲੋਕ ਕੰਮਕਾਜ ਜਾਂ ਹੋਰ ਕਾਰਨਾਂ ਕਰਕੇ ਪਿੰਡਾਂ ਸ਼ਹਿਰਾਂ, ਹੋਟਲਾਂ ਜਾਂ ਗੋਦਾਮ ਆਦਿ ਵਿਚ ਰਹਿੰਦੇ ਹਨ ਪਰ ਜ਼ਿਆਦਾਤਰ ਦੁਕਾਨਦਾਰ ਜਾਂ ਲੋਕ ਇਨ੍ਹਾਂ ਲੋਕਾਂ ਦਾ ਪਛਾਣ-ਪੱਤਰ ਆਪਣੇ ਕੋਲ ਨਹੀਂ ਰੱਖਦੇ ਅਤੇ ਨਾ ਹੀ ਇਸ ਦੀ ਸੂਚਨਾ ਪੁਲਿਸ ਸਟੇਸ਼ਨ ਨੂੰ ਦਿੰਦੇ ਹਨ ਤੇ ਨਾ ਹੀ ਪੁਲਿਸ ਵੈਰੀਫਿਕੇਸ਼ਨ ਕਰਵਾਉਂਦੇ ਹਨ, ਜਿਸ ਕਾਰਨ ਲੋਕਾਂ ਨੂੰ ਬਾਅਦ ਚ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। --ਵਾਰਡ ਦੇ ਕੌਂਸਲਰ ਅਤੇ ਪਿੰਡਾਂ ਦੇ ਸਰਪੰਚਾਂ ਨੂੰ ਵੀ ਨਹੀਂ ਹੁੰਦੀ ਜਾਣਕਾਰੀ ਪਿੰਡਾਂ ਤੇ ਸ਼ਹਿਰਾਂ ਵਿਚ ਰਹਿਣ ਵਾਲੇ ਬਾਹਰੀ ਸੂਬਿਆਂ ਦੇ ਵਿਅਕਤੀਆਂ ਦੀ ਜਾਣਕਾਰੀ ਸ਼ਹਿਰ ਵਿਚ ਵਾਰਡ ਦੇ ਕੌਂਸਲਰ ਅਤੇ ਪਿੰਡਾਂ ਦੇ ਸਰਪੰਚਾਂ ਨੂੰ ਵੀ ਨਹੀਂ ਹੁੰਦੀ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦੇ ਵਾਰਡ ਜਾਂ ਪਿੰਡ ਵਿਚ ਬਾਹਰੀ ਸੂਬੇ ਤੋਂ ਆਇਆ ਵਿਅਕਤੀ ਰਹਿ ਰਿਹਾ ਹੈ, ਉਹ ਕਿੱਥੋਂ ਦਾ ਰਹਿਣ ਵਾਲਾ ਹੈ ਤੇ ਉਸ ਦਾ ਪਿਛੋਕੜ ਕੀ ਹੈ। ਇਥੋਂ ਤੱਕ ਕਿ ਇਹ ਵੀ ਪਤਾ ਨਹੀਂ ਹੁੰਦਾ ਕਿ ਜੋ ਅਣਜਾਣ ਵਿਅਕਤੀ ਉਨ੍ਹਾਂ ਦੇ ਵਾਰਡ ਜਾਂ ਪਿੰਡ ਵਿਚ ਘੁੰਮ ਰਿਹਾ ਹੈ, ਉਹ ਕਿਸ ਦੇ ਘਰ ਰਹਿ ਰਿਹਾ ਹੈ। ਕੈਪਸ਼ਨ : 19ਕੇਪੀਟੀ6