ਲੋਕ ਮੁੱਦਿਆਂ ਨੂੰ ਲੈ ਕੇ ਏਕਤਾ ਪਾਰਟੀ ਨੇ ਕੀਤਾ ਵਿਚਾਰ-ਵਟਾਂਦਰਾ
ਸ਼ਹਿਰ ਵਿੱਚ ਲੋਕ ਮੁੱਦਿਆਂ ਨੂੰ ਲੈ ਕੇ ਏਕਤਾ ਪਾਰਟੀ ਦੀ ਮੀਟਿੰਗ ਆਯੋਜਿਤ
Publish Date: Tue, 03 Feb 2026 10:19 PM (IST)
Updated Date: Tue, 03 Feb 2026 10:20 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਸ਼ਹਿਰ ਵਿਚ ਲੋਕ ਮੁੱਦਿਆਂ ਨੂੰ ਲੈ ਕੇ ਏਕਤਾ ਪਾਰਟੀ ਕਪੂਰਥਲਾ ਦੀ ਇਕ ਮਹੱਤਵਪੂਰਨ ਮੀਟਿੰਗ ਪਾਰਟੀ ਪ੍ਰਧਾਨ ਗੁਰਮੀਤ ਲਾਲ ਬਿੱਟੂ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਵਿਚ ਪਾਰਟੀ ਦੇ ਅਹੁਦੇਦਾਰਾਂ ਤੇ ਇਲਾਕਾ ਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕਰਦਿਆਂ ਆਪਣੇ ਇਲਾਕੇ ਨਾਲ ਸਬੰਧਤ ਗੰਭੀਰ ਸਮੱਸਿਆਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਸ਼ਹਿਰ ਦੀ ਮੁੱਖ ਸੱਮਸਿਆਂ ਬਾਰੇ ਵਿਚਾਰ-ਚਰਚਾ ਕਰਦੇ ਹੋਏ ਪਾਰਟੀ ਪ੍ਰਧਾਨ ਬਿੱਟੂ ਨੇ ਕਿਹਾ ਕਿ ਸੁੰਦਰ ਨਗਰ ਵਿਖੇ ਬੱਕਰਖਾਨਾ ਚੌਂਕ ‘ਚ ਧਾਰਮਿਕ ਸਥਾਨ ਦੇ ਨੇੜੇ ਸ਼ਰਾਬ ਦਾ ਠੇਕਾ ਹੋਣਾ ਨਾ ਸਿਰਫ਼ ਗਲਤ ਹੈ, ਸਗੋਂ ਇਸ ਨਾਲ ਇਲਾਕੇ ਦੇ ਸ਼ਾਂਤ ਮਾਹੌਲ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਠੇਕੇ ਨੂੰ ਤੁਰੰਤ ਕਿਸੇ ਹੋਰ ਉਚਿਤ ਜਗ੍ਹਾ ‘ਤੇ ਸ਼ਿਫਟ ਕੀਤਾ ਜਾਵੇ। ਮੀਟਿੰਗ ਵਿਚ ਦੂਜਾ ਮੁੱਦਾ ਇਲਾਕੇ ਵਿਚ ਪਏ ਕੂੜੇ ਦੇ ਢੇਰਾਂ ਦਾ ਸੀ। ਪ੍ਰਧਾਨ ਬਿੱਟੂ ਨੇ ਦੱਸਿਆ ਕਿ ਕੂੜੇ ਦੇ ਢੇਰ ਸਮੇਂ-ਸਿਰ ਨਾ ਚੁੱਕੇ ਜਾਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੰਦੇ ਢੇਰਾਂ ਕਾਰਨ ਬਦਬੂ, ਮੱਖੀਆਂ ਤੇ ਮੱਛਰ ਪੈਦਾ ਹੋ ਰਹੇ ਹਨ, ਜਿਸ ਨਾਲ ਇਲਾਕੇ ਦੇ ਲੋਕਾਂ ਵਿਚ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਤੁਰੰਤ ਸਫਾਈ ਪ੍ਰਬੰਧ ਸੁਧਾਰਨ ਦੀ ਮੰਗ ਕੀਤੀ। ਪ੍ਰਧਾਨ ਬਿੱਟੂ ਨੇ ਕਿਹਾ ਕਿ ਰਿਹਾਇਸ਼ੀ ਖੇਤਰ (ਸੁੰਦਰ ਨਗਰ) ਵਿਚ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਲੋਕ ਬਹੁਤ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਭਾਰੀ ਟਰੱਕਾਂ ਤੇ ਹੋਰ ਵੱਡੇ ਵਾਹਨਾਂ ਦੀ ਆਵਾਜਾਈ ਨਾਲ ਸੜਕ ਦੀ ਹਾਲਤ ਬਹੁਤ ਖਸਤਾ ਬਣ ਚੁੱਕੀ ਹੈ ਤੇ ਹਾਦਸਿਆਂ ਦਾ ਖਤਰਾ ਵੱਧ ਗਿਆ ਹੈ। ਖਾਸ ਕਰਕੇ ਬੱਚਿਆਂ ਤੇ ਬੁਜ਼ੁਰਗਾਂ ਦੀ ਸੁਰੱਖਿਆ ਨੂੰ ਲੈ ਕੇ ਲੋਕਾਂ ਵਿਚ ਡਰ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਭਾਰੀ ਵਾਹਨਾਂ ਕਾਰਨ ਇਲਾਕੇ ਦੇ 2 ਲੋਕ ਮੌਤ ਦਾ ਸ਼ਿਕਾਰ ਵੀ ਹੋ ਗਏ ਹਨ। ਇਸ ਲਈ ਰਿਹਾਇਸ਼ੀ ਇਲਾਕਿਆਂ ਵਿਚ ਭਾਰੀ ਵਾਹਨਾਂ ਦੀ ਆਵਾਜਾਈ ‘ਤੇ ਰੋਕ ਲਗਾਈ ਜਾਵੇ। ਮੀਟਿੰਗ ਦੇ ਅੰਤ ਵਿਚ ਪ੍ਰਧਾਨ ਗੁਰਮੀਤ ਲਾਲ ਬਿੱਟੂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਪੱਸ਼ਟ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 10 ਦਿਨਾਂ ਦੇ ਅੰਦਰ-ਅੰਦਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਸਮੂਹ ਇਲਾਕਾ ਨਿਵਾਸੀ ਮਜਬੂਰਨ ਧਰਨਾ ਦੇਣਗੇ। ਉਨ੍ਹਾਂ ਕਿਹਾ ਕਿ ਏਕਤਾ ਪਾਰਟੀ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਦੀ ਰਹੇਗੀ ਤੇ ਪ੍ਰਸ਼ਾਸਨ ਨੂੰ ਜਵਾਬਦੇਹ ਬਣਾਇਆ ਜਾਵੇਗਾ। ਇਸ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਜੀਐੱਸਟੀ ਵਿਭਾਗ ਕਪੂਰਥਲਾ ਦੇ ਚੇਅਰਮੈਨ ਕੰਵਰ ਇਕਬਾਲ ਸਿੰਘ ਤੇ ਮਾਇਨਿਓਰਟੀ ਵਿੰਗ ਪੰਜਾਬ ਦੇ ਵਾਈਸ ਪ੍ਰਧਾਨ ਬਲਵਿੰਦਰ ਸਿੰਘ ਨੇ ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ ਤੇ ਭਰੋਸਾ ਦਵਾਇਆ ਕਿ ਇਨ੍ਹਾਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਗੌਰਵ ਕੰਡਾ, ਅਮ੍ਰਿਤ ਖੁਰਾਣਾ, ਭੁਪਿੰਦਰ ਸਿੰਘ, ਮੰਗਤ ਰਾਮ, ਸੁਖਦੇਵ ਸਿੰਘ, ਮੇਜਰ ਸਿੰਘ, ਸਰਵਣ ਸਿੰਘ, ਅਸ਼ੋਕ ਗੋਗਨਾ, ਤਿਲਕ ਰਾਜ, ਹੇਮ ਰਾਜ, ਯਸ਼ ਗੁਪਤਾ, ਰਮੇਸ਼ ਵਧਵਾ ਤੇ ਹੋਰ ਹਾਜ਼ਰ ਸਨ।