ਅਧਿਆਪਕ ਇਨਸਾਫ਼ ਕਮੇਟੀ ਵੱਲੋਂ 18 ਜਨਵਰੀ ਨੂੰ ਮੋਗਾ ਵਿਖੇ ਹੋਣ ਵਾਲੀ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰੇਗੀ ਡੀ ਟੀ ਐੱਫ

- ਪੰਜਾਬ ਸਰਕਾਰ ਵੱਲੋਂ ਐਲਾਨੀ ਨਿਗੂਣੀ ਸਹਾਇਤਾ ਰਾਸ਼ੀ ਮ੍ਰਿਤਕ ਅਧਿਆਪਕਾਂ ਨਾਲ ਕੋਝਾ ਮਜ਼ਾਕ : ਡੀਟੀਐੱਫ
ਕੈਪਸ਼ਨ: 14ਕੇਪੀਟੀ27
ਜ਼ਿਲ੍ਹਾ ਪ੍ਰਧਾਨ ਹਰਵਿੰਦਰ ਅੱਲੂਵਾਲ, ਸਕੱਤਰ ਤਜਿੰਦਰ ਸਿੰਘ ਅਤੇ ਹੋਰ ਆਗੂ ਗੱਲਬਾਤ ਕਰਦੇ ਹੋਏ।
ਅਮਰੀਕ ਮੱਲ੍ਹੀ/ਦੀਪਕ, ਪੰਜਾਬੀ ਜਾਗਰਣ
ਕਪੂਰਥਲਾ: 14 ਦਸੰਬਰ ਨੂੰ ਹੋਈਆਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੌਣਾਂ ਦੌਰਾਨ ਆਪਣੀ ਪਤਨੀ ਨੂੰ ਡਿਊਟੀ ਤੇ ਛੱਡਣ ਜਾ ਰਹੇ ਅਧਿਆਪਕ ਜਸਕਰਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਅਧਿਆਪਕਾ ਕਮਲਜੀਤ ਕੌਰ ਦੀ ਸੜਕ ਹਾਦਸੇ ਦੌਰਾਨ ਹੋਈ ਦਰਦਨਾਕ ਮੌਤ ਉਪਰੰਤ ਪੰਜਾਬ ਸਰਕਾਰ ਵੱਲੋਂ ਐਲਾਨੀ 10-10 ਲੱਖ ਰੁਪਏ ਦੀ ਮਾਮੂਲੀ ਸਹਾਇਤਾ ਰਾਸ਼ੀ ਨੂੰ ਨਕਾਰਦਿਆਂ ਪੰਜਾਬ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਨੇ ਇਸਨੂੰ ਅਧਿਆਪਕ ਵਰਗ ਨਾਲ ਕੋਝਾ ਮਜ਼ਾਕ ਕਰਾਰ ਦਿੰਦੇ ਹੋਏ, 18 ਜਨਵਰੀ ਨੂੰ ਮੋਗਾ ਵਿਖੇ ਵਿਸ਼ਾਲ ਸੂਬਾ ਪੱਧਰੀ 'ਇਨਸਾਫ ਰੈਲੀ' ਕੀਤੀ ਜਾ ਰਹੀ ਹੈ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਚੋਣ ਡਿਊਟੀਆਂ ਦੌਰਾਨ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਦੇ ਨਾਕਸ ਪ੍ਰਬੰਧਾਂ ਕਾਰਨ ਜਾਨ ਗੁਆਉਣ ਵਾਲੇ ਅਧਿਆਪਕ ਜੋੜੇ ਪ੍ਰਤੀ ਪੰਜਾਬ ਸਰਕਾਰ ਵੱਲੋਂ ਸੰਵੇਦਨਹੀਣ ਅਤੇ ਪੱਖਪਾਤੀ ਰੱਵਈਏ ਅਪਣਾਇਆ ਗਿਆ ਹੈ, ਇਸ ਰਵੱਈਏ ਪ੍ਰਤੀ ਅਧਿਆਪਕ ਵਰਗ ਨੇ ਰੋਸ ਦਾ ਪ੍ਰਗਟਾਵਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 'ਅਧਿਆਪਕ ਇਨਸਾਫ਼ ਕਮੇਟੀ' ਦੇ ਬੈਨਰ ਹੇਠ ਕੈਂਡਲ ਮਾਰਚ ਕਰਕੇ ਕੀਤਾ ਹੈ ਜਿਸਦਾ ਅਗਲਾ ਦੌਰ 18 ਜਨਵਰੀ ਨੂੰ ਮੋਗਾ ਦੀ ਦਾਣਾ ਮੰਡੀ ਵਿਖੇ ਵਿਸ਼ਾਲ ਸੂਬਾ ਪੱਧਰੀ ਰੈਲੀ ਹੋਵੇਗਾ । ਜ਼ਿਲ੍ਹਾ ਪ੍ਰਧਾਨ ਹਰਵਿੰਦਰ ਅੱਲੂਵਾਲ ਅਤੇ ਸਕੱਤਰ ਤਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਜਥੇਬੰਦੀਆਂ ਵੱਲੋਂ ਚੋਣ ਕਮਿਸ਼ਨ ਨੂੰ ਸਥਾਨਕ ਪੱਧਰ 'ਤੇ ਡਿਊਟੀਆਂ ਲਾਉਣ ਦੀ ਵਾਰ ਵਾਰ ਮੰਗ ਕਰਨ ਦੇ ਬਾਵਜੂਦ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਸ਼ਾਸ਼ਨ ਵੱਲੋਂ ਦੂਰ ਦੁਰੇਡੇ ਡਿਊਟੀਆਂ ਲਗਾਈਆਂ ਗਈਆਂ ਜਿਸ ਕਾਰਨ ਧੁੰਦ ਦੇ ਮੌਸਮ ਵਿੱਚ ਅਧਿਆਪਕ ਤੇ ਹੋਰ ਵਿਭਾਗਾਂ ਦੇ ਮੁਲਾਜ਼ਮ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਨ ਜੋਖ਼ਮ ਵਿਚ ਪਾ ਕੇ ਡਿਊਟੀ ਵਾਲੇ ਸਥਾਨ 'ਤੇ ਪੁੱਜੇ। ਇਸੇ ਦਿਨ ਜਿੱਥੇ ਮੋਗੇ ਜਿਲ੍ਹੇ ਦੇ ਇਹਨਾਂ ਦੋ ਅਧਿਆਪਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਉੱਥੇ ਚੋਣ ਡਿਊਟੀ 'ਤੇ ਜਾ ਰਹੀ ਸੰਗਰੂਰ ਜ਼ਿਲ੍ਹੇ ਦੀ ਅਧਿਆਪਕਾ ਰਾਜਵੀਰ ਕੌਰ ਦੇ ਵੀ ਇਸੇ ਤਰ੍ਹਾਂ ਦੀ ਹੋਈ ਦੁਰਘਟਨਾ ਕਾਰਨ ਗੰਭੀਰ ਸੱਟਾਂ ਲੱਗੀਆਂ ਜਿੰਨ੍ਹਾਂ ਨੂੰ ਕਈ ਦਿਨ ਹਸਪਤਾਲ ਵਿਖੇ ਦਾਖਲ ਰਹਿਣਾ ਪਿਆ।
ਹਰਵਿੰਦਰ ਅੱਲੂਵਾਲ ਨੇ ਕਿਹਾ ਕਿ ਅਧਿਆਪਕ ਜੋੜੇ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਦੋ-ਦੋ ਕਰੋੜ ਰੁਪਏ ਅਤੇ ਮੂਨਕ ਵਿਖੇ ਜ਼ਖ਼ਮੀ ਹੋਈ ਐਸੋਸੀਏਟ ਅਧਿਆਪਕਾ ਨੂੰ 20 ਲੱਖ ਰੁਪਏ ਦਾ ਮੁਆਵਜ਼ਾ ਜਾਰੀ ਕਰਵਾਉਣ, ਬੱਚਿਆਂ ਦੀ ਪੜ੍ਹਾਈ ਪੂਰੀ ਹੋਣ ਤੇ ਉਨਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਲਿਖਤੀ ਭਰੋਸਾ ਦੇਣ, ਬੱਚਿਆਂ ਦੀ ਸਮੁੱਚੀ ਪੜ੍ਹਾਈ ਦਾ ਖਰਚ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤੇ ਜਾਣ ਤੱਕ ਅਧਿਆਪਕ ਇਨਸਾਫ਼ ਕਮੇਟੀ' ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਜੈਮਲ ਸਿੰਘ, ਨਰਿੰਦਰ ਸਿੰਘ ਔਜਲਾ, ਬਲਵਿੰਦਰ ਭੰਡਾਲ, ਪਵਨ ਕੁਮਾਰ, ਗੁਰਦੀਪ ਸਿੰਘ ਧੰਮ, ਬਲਵੀਰ ਸਿੰਘ, ਐਸ ਪੀ ਸਿੰਘ, ਮਲਕੀਤ ਸਿੰਘ, ਰੋਹਿਤ ਸ਼ਰਮਾ, ਗੌਰਵ ਗਿੱਲ, ਜਸਵਿੰਦਰ ਸਿੰਘ, ਅਵਤਾਰ ਸਿੰਘ, ਹਰਵੇਲ ਸਿੰਘ ਆਦਿ ਹਾਜ਼ਰ ਸਨ।