ਡੀਟੀਐੱਫ ਪੰਜਾਬ ਦਾ ਸੂਬਾਈ ਵਫ਼ਦ ਡੀਪੀਆਈ ਨੂੰ ਮਿਲਿਆ
ਡੀ.ਟੀ.ਐਫ.ਪੰਜਾਬ ਦਾ ਸੂਬਾਈ ਵਫ਼ਦ ਡੀ.ਪੀ.ਆਈ. ਸੈਕੰਡਰੀ ਪੰਜਾਬ ਮਿਲਿਆ
Publish Date: Thu, 29 Jan 2026 09:02 PM (IST)
Updated Date: Thu, 29 Jan 2026 09:04 PM (IST)
ਅਮਰੀਕ ਮੱਲ੍ਹੀ\ਦੀਪਕ, ਪੰਜਾਬੀ ਜਾਗਰਣ
ਕਪੂਰਥਲਾ : ਡੈਮੋਕਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਦਾ ਇਕ ਵਿਸ਼ੇਸ਼ ਸੂਬਾਈ ਵਫਦ ਵਿਕਰਮਦੇਵ ਸਿੰਘ ਸੂਬਾ ਪ੍ਰਧਾਨ ਤੇ ਹਰਵਿੰਦਰ ਸਿੰਘ ਅੱਲੂਵਾਲ ਜ਼ਿਲ੍ਹਾ ਪ੍ਰਧਾਨ ਡੀਟੀਐੱਫ ਕਪੂਰਥਲਾ ਦੀ ਅਗਵਾਈ ਹੇਠ ਅੱਜ ਡੀਪੀਆਈ ਸੈਕੰਡਰੀ ਪੰਜਾਬ ਨੂੰ ਉਨ੍ਹਾਂ ਦੇ ਦਫਤਰ ਵਿਚ ਮਿਲਿਆ। ਵਫਦ ਨੇ ਮਿਲ ਕੇ ਸਰਕਾਰੀ ਹਾਈ ਸਕੂਲ ਅੰਮ੍ਰਿਤਪੁਰ ਰਾਜੇਵਾਲ ਜ਼ਿਲ੍ਹਾ ਕਪੂਰਥਲਾ ਦੇ ਸਕੂਲ ਮੁਖੀ ਵੱਲੋਂ ਗਣਿਤ ਅਧਿਆਪਕ ਸੁਰਿੰਦਰ ਸਿੰਘ ਦਾ ਕਥਿਤ ਤੌਰ 'ਤੇ ਗੈਰ-ਹਾਜ਼ਰੀ ਸਬੰਧੀ ਭੇਜੇ ਗਏ ਕੇਸ ਬਾਰੇ ਵਿਸਥਾਰ ਸਹਿਤ ਗੱਲਬਾਤ ਕੀਤੀ। ਆਗੂਆਂ ਨੇ ਹੀ ਗਣਿਤ ਅਧਿਆਪਕ ਸੁਰਿੰਦਰ ਸਿੰਘ ਦੀ ਸਕੂਲ ਵਿਚ ਹਾਜ਼ਰੀ ਸਬੰਧੀ ਡਾਕੂਮੈਂਟਸ ਡੀਪੀਆਈ (ਸੈਕੰਡਰੀ) ਅੱਗੇ ਪੇਸ਼ ਕੀਤੇ। ਅਧਿਆਪਕ ਹਰ ਰੋਜ਼ ਸਕੂਲ ਵਿਚ ਜਾ ਰਿਹਾ ਹੈ ਤੇ ਬੱਚਿਆਂ ਨੂੰ ਪੜ੍ਹਾ ਰਿਹਾ ਹੈ, ਇਸ ਸਬੰਧੀ ਤਿੰਨੋਂ ਪਿੰਡਾਂ ਦੀਆਂ ਪੰਚਾਇਤਾਂ ਦੇ ਲਿਖਤੀ ਮਤੇ, ਸਕੂਲ ਮੈਨੇਜਮੈਂਟ ਕਮੇਟੀ ਦੇ ਮਤੇ, ਮਿਡ ਡੇ ਮੀਲ ਕੁੱਕ ਭੈਣਾਂ ਦੇ ਬਿਆਨ, ਸਾਬਕਾ ਸਰਪੰਚ ਅੰਮ੍ਰਿਤਪੁਰ ਦੇ ਬਿਆਨ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਦਾ ਲਿਖਤੀ ਬਿਆਨ ਡੀਪੀਆਈ ਸੈਕੰਡਰੀ ਦੇ ਸਾਹਮਣੇ ਪੇਸ਼ ਕੀਤੇ ਗਏ। ਮਾਨਯੋਗ ਡੀਪੀਆਈ ਵੱਲੋਂ ਸਾਰੇ ਤੱਥਾਂ ਨੂੰ ਵਿਚਾਰਨ ਤੋਂ ਬਾਅਦ, ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਅਧਿਆਪਕ ਨੂੰ ਪੈਂਡਿੰਗ ਇਨਕੁਆਰੀ ਤੇ ਤੁਰੰਤ ਸਕੂਲ ਹਾਜ਼ਰ ਹੋਣ ਦੇ ਆਰਡਰ ਜਾਰੀ ਕੀਤੇ ਗਏ। ਜਥੇਬੰਦੀ ਦੇ ਆਗੂਆਂ ਵੱਲੋਂ ਡੀਪੀਆਈ ਸੈਕੰਡਰੀ ਪਾਸੋਂ ਮੰਗ ਕੀਤੀ ਗਈ ਕਿ ਅਧਿਆਪਕ ਸੁਰਿੰਦਰ ਸਿੰਘ ਨੂੰ ਜਾਣ-ਬੁੱਝ ਕੇ ਗੈਰ-ਹਾਜ਼ਰ ਕਰਾਰ ਦੇ ਕੇ ਕੇਸ ਉੱਚ ਅਧਿਕਾਰੀਆਂ ਨੂੰ ਚੰਡੀਗੜ੍ਹ ਵਿਖੇ ਭੇਜਣਾ, ਅਧਿਆਪਕ ਦੀ ਤਨਖਾਹ ਘੱਟ ਕਢਵਾਉਣਾ, ਅਧਿਆਪਕ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਤੇ ਸਕੂਲ ਵਿਚ ਸਾਰਿਆਂ ਸਾਹਮਣੇ ਕਥਿਤ ਤੌਰ ’ਤੇ ਜ਼ਲੀਲ ਕਰਨਾ ਇਸ ਸਾਰੇ ਮਸਲੇ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਜਥੇਬੰਦੀ ਦੇ ਆਗੂਆਂ ਕਿਹਾ ਕਿ ਅਧਿਆਪਕ ਸੁਰਿੰਦਰ ਸਿੰਘ ਦੇ ਹਾਜ਼ਰੀ ਦੇ ਆਰਡਰ ਜਾਰੀ ਹੋਣੇ ਡੈਮੋਕਰੇਟਿਕ ਟੀਚਰ ਫਰੰਟ ਕਪੂਰਥਲਾ, ਕਿਸਾਨ, ਮਜ਼ਦੂਰ ਤੇ ਭਰਾਤਰੀ ਜਥੇਬੰਦੀਆਂ ਦੀ ਵੱਡੀ ਜਿੱਤ ਹੈ। ਇਹ ਸਭ ਏਕਤਾ ਤੇ ਇਕੱਠੇ ਹੋ ਕੇ ਕੀਤੇ ਹੋਏ ਸੰਘਰਸ਼ ਦਾ ਸਿੱਟਾ ਹੈ। ਇਸ ਮੌਕੇ ਵਫ਼ਦ ਵਿਚ ਹਰਵਿੰਦਰ ਸਿੰਘ ਅੱਲੂਵਾਲ, ਨਰਿੰਦਰ ਭੰਡਾਰੀ, ਸੁਰਿੰਦਰ ਸਿੰਘ, ਗੁਰਪਿਆਰ ਕੋਟਲੀ, ਰੁਪਿੰਦਰ ਗਿੱਲ ਜੰਡਿਆਲੀ, ਬਲਵਿੰਦਰ ਸਿੰਘ ਆਦਿ ਅਧਿਆਪਕ ਆਗੂ ਸ਼ਾਮਲ ਸਨ।