ਨਸ਼ਾ ਨਾ ਸਿਰਫ਼ ਸਿਹਤ ਨੂੰ ਸਗੋਂ ਸਮਾਜਿਕ ਤਾਣੇ-ਬਾਣੇ ਨੂੰ ਵੀ ਤਬਾਹ ਕਰਦਾ : ਥਾਪਰ
ਨਸ਼ਾ ਨਾ ਸਿਰਫ਼ ਸਿਹਤ ਨੂੰ ਤਬਾਹ ਕਰਦਾ ਹੈ ਸਗੋਂ ਸਮਾਜਿਕ ਤਾਣੇ-ਬਾਣੇ ਨੂੰ ਵੀ ਤਬਾਹ ਕਰਦਾ ਹੈ: ਥਾਪਰ
Publish Date: Thu, 29 Jan 2026 09:06 PM (IST)
Updated Date: Thu, 29 Jan 2026 09:07 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਨਸ਼ਾ ਇਕ ਕੋਹੜ ਹੈ, ਜਿਸ ਨੂੰ ਜਿੰਨਾ ਜਲਦੀ ਨੌਜਵਾਨ ਛੱਡ ਦੇਣਗੇ, ਉਨ੍ਹਾਂ ਹੀ ਉਨ੍ਹਾਂ ਲਈ ਚੰਗਾ ਹੈ। ਨਸ਼ੇ ਕਾਰਨ ਲੱਖਾਂ ਲੋਕਾਂ ਦੇ ਘਰ ਤਬਾਹ ਹੋ ਗਏ, ਪਰ ਨਸ਼ਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਜੋ ਇਕ ਚਿੰਤਾ ਦਾ ਵਿਸ਼ਾ ਹੈ। ਸਰਕਾਰ ਨਸ਼ਾ ਰੋਕਣ ਵਿਚ ਅਸਫਲ ਸਾਬਿਤ ਹੋ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਪੂਰਥਲਾ ਤੋਂ ਬਲਾਕ ਸੰਮਤੀ ਮੈਂਬਰ ਵਿਜੈ ਥਾਪਰ ਬੁੱਧੂ ਉੱਚਾ ਪਿੰਡ ਨੇ ਕੀਤਾ। ਥਾਪਰ ਨੇ ਕਿਹਾ ਕਿ ਨਸ਼ਾ ਇਕ ਸਮਾਜਿਕ ਬੁਰਾਈ ਹੈ, ਜੋ ਨੌਜਵਾਨਾਂ, ਪਰਿਵਾਰ ਤੇ ਸਮਾਜ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਰਹੀ ਹੈ। ਨਸ਼ੇ ਦੀ ਆੜ੍ਹ ਵਿਚ ਆ ਕੇ ਬਹੁਤ ਸਾਰੇ ਪਰਿਵਾਰ ਤਬਾਹ ਹੋ ਜਾਂਦੇ ਹਨ। ਨਸ਼ਾ ਤਬਾਹੀ ਦੀ ਜੜ੍ਹ ਹੈ, ਜੋ ਨਾ ਸਿਰਫ਼ ਸਿਹਤ ਨੂੰ ਤਬਾਹ ਕਰਦੀ ਹੈ ਬਲਕਿ ਸਮਾਜਿਕ ਤਾਣੇ-ਬਾਣੇ ਨੂੰ ਵੀ ਤਬਾਹ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਨੌਜਵਾਨਾਂ ਵਿਚ ਨਸ਼ੇ ਦੀ ਲਤ ਤੇਜ਼ੀ ਨਾਲ ਵੱਧ ਰਹੀ ਹੈ। ਨੌਜਵਾਨ ਦੇਸ਼ ਦਾ ਭਵਿੱਖ ਹਨ, ਜੋ ਪੰਜਾਬ ਵਿਚ ਰੋਜ਼ਾਨਾ ਨਸ਼ੇ ਕਰਕੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਰਹੇ ਹਨ। ਉਨ੍ਹਾਂ ਨੇ ਕਪੂਰਥਲਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡਾਂ ਵਿਚ ਨਸ਼ਾ ਰੋਕਣ ਲਈ ਠੋਸ ਕਦਮ ਚੁੱਕੇ ਜਾਣ, ਤਾਂ ਜੋ ਨੌਜਵਾਨਾਂ ਨੂੰ ਬਚਾਇਆ ਜਾ ਸਕੇ।