ਡਾ. ਕਿਰਨਦੀਪ ਕੌਰ ਤੇ ਕਸ਼ਮੀਰ ਸਿੰਘ ਭੁਲੱਥ ਦੇ ਕਹਾਣੀ ਸੰਗ੍ਰਹਿ ਰਿਲੀਜ਼
ਡਾ. ਕਿਰਨਦੀਪ ਕੌਰ ਤੇ ਕਸ਼ਮੀਰ ਸਿੰਘ ਭੁਲੱਥ ਦੇ ਕਹਾਣੀ ਸੰਗ੍ਰਹਿ ਰੀਲੀਜ਼
Publish Date: Mon, 12 Jan 2026 09:30 PM (IST)
Updated Date: Mon, 12 Jan 2026 09:33 PM (IST)
ਚੰਨਪ੍ਰੀਤ ਸਿੰਘ ਪੰਜਾਬੀ ਜਾਗਰਣ
ਨਡਾਲਾ : ਬੀਤੇ ਦਿਨੀਂ ਸਾਹਿਤਕ ਪਿੜ ਨਡਾਲਾ ਦੀ ਨਵੇਂ ਵਰ੍ਹੇ ਦੀ ਪਹਿਲੀ ਸਾਹਿਤਕ ਇਕੱਤਰਤਾ ਬੜੀ ਹੀ ਸਾਹਿਤਕ ਗਰਿਮਾ ਅਤੇ ਉਤਸ਼ਾਹ ਨਾਲ ਕਰਵਾਈ ਗਈ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. ਗੁਰਨਾਮ ਸਿੰਘ ਅਤੇ ਪ੍ਰਿੰਸੀਪਲ ਗੁਰਭਜਨ ਸਿੰਘ ਲਾਸਾਨੀ (ਡੀਈਓ) ਨੇ ਕੀਤੀ। ਇਸ ਮੌਕੇ ਡੀਏਵੀ ਕਾਲਜ ਜਲੰਧਰ ਦੇ ਪ੍ਰੋਫੈਸਰ ਡਾ. ਕਿਰਨਦੀਪ ਕੌਰ ਦੇ ਪਹਿਲੇ ਪਲੇਠੇ ਕਹਾਣੀ ਸੰਗ੍ਰਹਿ ‘ਆਪਣੇ ਅਧੂਰੇ’ ਅਤੇ ਪ੍ਰਸਿੱਧ ਕਹਾਣੀਕਾਰ ਕਸ਼ਮੀਰ ਸਿੰਘ ਭੁਲੱਥ ਦੇ ਕਹਾਣੀ ਸੰਗ੍ਰਹਿ ‘ਜੰਗਾਲ ਖਾਧੇ ਜੰਦਰੇ’ ਦੀ ਘੁੰਡ ਚੁਕਾਈ ਕੀਤੀ ਗਈ। ਪੁਸਤਕਾਂ ’ਤੇ ਵਿਸਤ੍ਰਿਤ ਵਿਚਾਰ ਰੱਖਦਿਆਂ ਪ੍ਰਸਿੱਧ ਕਹਾਣੀਕਾਰ ਡਾ. ਕਰਮਜੀਤ ਸਿੰਘ ਨਡਾਲਾ ਨੇ ਕਿਹਾ ਕਿ ਦੋਵੇਂ ਕਹਾਣੀਕਾਰਾਂ ਦੀਆਂ ਰਚਨਾਵਾਂ ਵਿਸ਼ਾ-ਵਸਤੂ, ਸ਼ੈਲੀ, ਨਿਭਾਅ ਅਤੇ ਕਹਾਣੀ ਦੀ ਗੂੰਦ ਪੱਖੋਂ ਬੜੀਆਂ ਹੀ ਸਸ਼ਕਤ ਹਨ। ਉਨ੍ਹਾਂ ਕਿਹਾ ਕਿ ਦੋਵੇਂ ਲੇਖਕ ਸਮਾਜ ਦੀਆਂ ਵਧੀਕੀਆਂ ਨੂੰ ਡੂੰਘਾਈ ਨਾਲ ਸਮਝਦੇ ਹਨ ਅਤੇ ਕਹਾਣੀ ਕਲਾ ’ਤੇ ਪੂਰੀ ਪਕੜ ਰੱਖਦੇ ਹਨ। ਇਸ ਮੌਕੇ ਪ੍ਰਸਿੱਧ ਗ਼ਜ਼ਲਗੋ ਜਨਕਪ੍ਰੀਤ ਬੇਗੋਵਾਲ, ਪ੍ਰਿੰਸੀਪਲ ਗੁਰਭਜਨ ਸਿੰਘ ਲਾਸਾਨੀ ਅਤੇ ਪ੍ਰੋ. ਗੁਰਨਾਮ ਸਿੰਘ ਨੇ ਕਹਾਣੀ ਕਲਾ ਬਾਰੇ ਡੂੰਘੇ ਅਤੇ ਵਿਚਾਰਸ਼ੀਲ ਵਿਚਾਰ ਸਾਂਝੇ ਕੀਤੇ ਅਤੇ ਨਵੇਂ ਕਹਾਣੀਕਾਰਾਂ ਦੀ ਖੁੱਲ੍ਹ ਕੇ ਹੌਸਲਾ ਅਫਜ਼ਾਈ ਕੀਤੀ। ਸਾਹਿਤਕ ਸਮਾਗਮ ਦੌਰਾਨ ਕਵਿਤਾਵਾਂ ਅਤੇ ਕਹਾਣੀਆਂ ਦੀ ਸੁਣਵਾਈ ਦਾ ਦੌਰ ਵੀ ਚੱਲਿਆ, ਜਿਸ ਵਿਚ ਸਵਰਨ ਸਿੰਘ ਰਾਵਾਂ, ਸੁਖਜਿੰਦਰ ਸਿੰਘ ਰਾਵਾਂ, ਜਸਵਿੰਦਰ ਕੌਰ, ਹਰਪ੍ਰੀਤ ਸਿੰਘ ਸਾਹੀ, ਅਮਰਜੀਤ ਸਿੰਘ, ਪ੍ਰਭਜੋਤ ਸਿੰਘ ਰਾਵਾਂ, ਹਰਜੋਤ ਸਿੰਘ ਰਾਵਾਂ, ਮਲਕੀਤ ਸਿੰਘ ਡਾਲਾ, ਨਾਨਕ ਚੰਦ ਵਿਰਲੀ ਸਮੇਤ ਹੋਰ ਸਾਹਿਤਕਾਰਾਂ ਨੇ ਭਾਗ ਲਿਆ। ਪ੍ਰਿੰਸੀਪਲ ਗੁਰਭਜਨ ਸਿੰਘ ਲਾਸਾਨੀ ਨੇ ਆਪਣੀ ਪ੍ਰਸਿੱਧ ਨਜ਼ਮ ‘ਦਾਇਰੇ’ ਸੁਣਾ ਕੇ ਦਰਸ਼ਕਾਂ ਤੋਂ ਖੂਬ ਦਾਦ ਲਈ। ਅੰਤ ਵਿਚ ਡਾ. ਕਿਰਨਦੀਪ ਕੌਰ ਅਤੇ ਕਸ਼ਮੀਰ ਸਿੰਘ ਭੁਲੱਥ ਨੂੰ ਉਨ੍ਹਾਂ ਦੀਆਂ ਰਚਨਾਵਾਂ ਦੇ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਸਮਾਗਮ ਦੇ ਅਖੀਰ ’ਚ ਕਹਾਣੀਕਾਰ ਡਾ. ਕਰਮਜੀਤ ਸਿੰਘ ਨਡਾਲਾ ਨੇ ਹਾਜ਼ਰ ਸਾਰੇ ਸਾਹਿਤਕ ਸਾਥੀਆਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ।