ਜ਼ਿਲ੍ਹਾ ਪੁਲਿਸ ਨੇ ਖੰਗਾਲਿਆ ਚੱਪਾ-ਚੱਪਾ, ਤਿੰਨ ਹਿਰਾਸਤ ’ਚ
ਜ਼ਿਲ੍ਹਾ ਪੁਲਿਸ ਨੇ ਖੰਗਾਲਿਆ ਚੱਪਾ-ਚੱਪਾ, ਤਿੰਨ ਹਿਰਾਸਤ ਵਿੱਚ
Publish Date: Sat, 17 Jan 2026 10:13 PM (IST)
Updated Date: Sat, 17 Jan 2026 10:16 PM (IST)
--ਕਾਸੋ ਸਰਚ ਆਪ੍ਰੇਸ਼ਨ ਦੌਰਾਨ ਮਿਲਿਆ ਇਕ ਚੋਰੀਸ਼ੁਦਾ ਮੋਟਰਸਾਈਕਲ
--ਡੀਆਈਜੀ ਜਲੰਧਰ ਰੇਂਜ ਤੇ ਐੱਸਐੱਸਪੀ ਨੇ ਖੁੱਦ ਸੰਭਾਲਿਆ ਮੋਰਚਾ
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ
ਕਪੂਰਥਲਾ : ਜ਼ਿਲ੍ਹੇ ਵਿਚ ਵਧ ਰਹੀਆਂ ਅਪਰਾਧਿਕ ਘਟਨਾਵਾਂ ਤੇ ਨਸ਼ੇ ਦੀ ਰੋਕਥਾਮ ਲਈ ਜ਼ਿਲ੍ਹਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਜਗ੍ਹਾ-ਜਗ੍ਹਾ ਕਾਸੋ ਆਪ੍ਰੇਸ਼ਨ ਦੇ ਤਹਿਤ ਛਾਪੇਮਾਰੀ ਕੀਤੀ। ਕਸਬਾ ਭੁਲੱਥ ਏਰੀਆ ਵਿਚ ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ, ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਤੇ ਡੀਐੱਸਪੀ ਭੁਲੱਥ ਕਰਨੈਲ ਸਿੰਘ ਨੇ ਪੁਲਿਸ ਬਲ ਦੇ ਨਾਲ ਮੋਰਚਾ ਸੰਭਾਲਿਆ, ਉਥੇ ਹੀ ਕਪੂਰਥਲਾ ਸਬ-ਡਿਵੀਜ਼ਨ ਵਿਚ ਡੀਐੱਸਪੀ ਡਾ. ਸ਼ੀਤਲ ਸਿੰਘ ਨੇ ਥਾਣਾ ਸਿਟੀ ਦੇ ਐੱਸਐੱਚਓ ਇੰਸਪੈਕਟਰ ਅਮਨਦੀਪ ਨਾਹਰ, ਥਾਨਾ ਸਦਰ ਦੀ ਐੱਸਐੱਚਓ ਇੰਸਪੈਕਟਰ ਪ੍ਰਭਜੋਤ ਕੌਰ ਅਤੇ ਥਾਨਾ ਕੋਤਵਾਲੀ ਦੇ ਇੰਸਪੈਕਟਰ ਬਲਵਿੰਦਰ ਦੇ ਨਾਲ ਨਸ਼ੇ ਦੇ ਹਾਟਸਪਾਟ ਏਰੀਆ ਵਿਚ ਛਾਪੇਮਾਰੀ ਕੀਤੀ। ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ ਤੇ ਐੱਸਐੱਸਪੀ ਗੌਰਵ ਤੂਰਾ ਨੇ ਸੁਭਾਨਪੁਰ ਅਤੇ ਹਮੀਰਾ ਏਰੀਆ ਵਿਚ ਸਰਚ ਕੀਤੀ ਤੇ ਪੁਲਿਸ ਟੀਮਾਂ ਨੂੰ ਖਾਸ ਨਿਰਦੇਸ਼ ਦਿੱਤੇ। ਕਪੂਰਥਲਾ ਵਿਚ ਡੀਐੱਸਪੀ ਡਾ. ਸ਼ੀਤਲ ਸਿੰਘ ਨੇ 8 ਹਾਟਸਪਾਟ ਮੁਹੱਲਾ ਮਹਿਤਾਬਗੜ੍ਹ, ਜਲੌਖਾਨਾ, ਪੁਰਾਣੀ ਕਚਿਹਰੀ, ਸ਼ਮਸ਼ਾਨ ਘਾਟ ਲਖਨ ਕਲਾਂ, ਸ਼ਮਸ਼ਾਨ ਘਾਟ ਔਜਲਾ, ਪਿੰਡ ਨੂਰਪੁਰ ਦੋਨਾਂ ਤੇ ਪਾਵਨ ਗਰਿਡ ਡੈਣਵਿੰਡ ਵਿਚ ਚੱਪਾ-ਚੱਪਾ ਖੰਗਾਲਿਆ। ਡੀਐੱਸਪੀ ਅਨੁਸਾਰ ਇਸ ਦੌਰਾਨ ਉਨ੍ਹਾਂ ਨੇ ਤਿੰਨ ਸ਼ੱਕੀਆਂ ਨੂੰ ਦਬੋਚਿਆ ਤੇ ਇਕ ਚੋਰੀਸ਼ੁਦਾ ਮੋਟਰਸਾਈਕਲ ਵੀ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਜਲੌਖਾਨਾ ਏਰੀਆ ਦੇ ਸਥਾਨਕ ਲੋਕਾਂ ਨੇ ਪੁਲਿਸ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ, ਕਿਉਂਕਿ ਕੁੱਝ ਦਿਨ ਪਹਿਲਾਂ ਲੋਕਾਂ ਨੇ ਉਨ੍ਹਾਂ ਨੂੰ ਇਥੇ ਗਸ਼ਤ ਕਰਵਾਉਣ ਦੀ ਅਪੀਲ ਕੀਤੀ ਸੀ, ਜਿਸਨੂੰ ਅਮਲ ਵਿਚ ਲਿਆਇਆ ਗਿਆ ਤਾਂ ਲੋਕ ਕਾਫ਼ੀ ਸੰਤੁਸ਼ਟ ਵਿਖਾਈ ਦਿੱਤੇ।
ਇਸ ਦੌਰਾਨ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਜਵਾਨਾਂ ਨੇ ਸ਼ੱਕੀ ਸਥਾਨਾਂ ਉੱਤੇ ਜਾਂਚ ਕੀਤੀ ਤੇ ਲੋਕਾਂ ਤੋਂ ਪੁੱਛਗਿਛ ਵੀ ਕੀਤੀ। ਇਸ ਦੌਰਾਨ ਨਸ਼ੇ ਦੀਆਂ ਗੋਲੀਆਂ, ਮੋਟਰਸਾਈਕਲ ਚੋਰੀ ਤੇ ਲਾਟਰੀ ਟਿਕਟ ਚੋਰੀ ਵਰਗੇ ਮਾਮਲਿਆਂ ਵਿਚ ਸ਼ਾਮਲ ਕਈ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਡੀਆਈਜੀ ਸਿੰਗਲਾ ਤੇ ਐੱਸਐੱਸਪੀ ਤੂਰਾ ਨੇ ਸਪੱਸ਼ਟ ਕੀਤਾ ਕਿ ਕਾਸੋ ਆਪ੍ਰੇਸ਼ਨ ਅੱਗੇ ਵੀ ਲਗਾਤਾਰ ਜਾਰੀ ਰਹੇਗਾ। ਅਜਿਹੇ ਵਿਸ਼ੇਸ਼ ਅਭਿਆਨਾਂ ਨਾਲ ਅਪਰਾਧਿਕ ਗਤੀਵਿਧੀਆਂ ਉੱਤੇ ਰੋਕ ਲੱਗਦੀ ਹੈ ਅਤੇ ਆਮ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਉਨ੍ਹਾਂ ਨੇ ਲੋਕਾਂ ਵੱਲੋਂ ਵੀ ਸਹਿਯੋਗ ਦੀ ਅਪੀਲ ਕੀਤੀ।