ਕਹਾਣੀ ਸੰਗ੍ਰਹਿ ‘ਗਲੇਸ਼ੀਅਰ ਪਿਘਲ ਗਿਆ’ ’ਤੇ ਗੋਸ਼ਟੀ ਸਮਾਗਮ
ਕਹਾਣੀ ਸੰਗ੍ਰਹਿ ‘ਗਲੇਸੀਅਰ ਪਿਘਲ ਗਿਆ’ ’ਤੇ ਗੋਸ਼ਟੀ ਸਮਾਗਮ
Publish Date: Thu, 18 Dec 2025 08:45 PM (IST)
Updated Date: Thu, 18 Dec 2025 08:48 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਬੀਤੇ ਦਿਨੀਂ ਪ੍ਰਸਿੱਧ ਕਹਾਣੀਕਾਰ ਡਾ. ਕਰਮਜੀਤ ਸਿੰਘ ਨਡਾਲਾ ਦੇ ਕਹਾਣੀ ਸੰਗ੍ਰਹਿ ‘ਗਲੇਸ਼ੀਅਰ ਪਿਘਲ ਗਿਆ’ ’ਤੇ ਇਕ ਭਰਪੂਰ ਗੋਸ਼ਟੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਭਾਸ਼ਾ ਅਫ਼ਸਰ ਮੈਡਮ ਜਸਪ੍ਰੀਤ ਕੌਰ ਨੇ ਕੀਤੀ, ਜਦਕਿ ਮੰਚ ’ਤੇ ਕਹਾਣੀਕਾਰ ਰਤਨ ਸਿੰਘ ਕੰਵਲ (ਪਹਿਲਗਾਮੀ), ਪੋਪਿੰਦਰ ਸਿੰਘ ਪਾਰਸ (ਜੰਮੂ) ਅਤੇ ‘ਮੰਤਵ’ ਦੇ ਸੰਪਾਦਕ ਵਿਸ਼ਾਲ ਹਾਜ਼ਰ ਰਹੇ। ਇਸ ਮੌਕੇ ਡਾ. ਭੁਪਿੰਦਰ ਕੌਰ ਅਤੇ ਡਾ. ਸਰਦੂਲ ਸਿੰਘ ਔਜਲਾ ਨੇ ਪੁਸਤਕ ’ਤੇ ਖੋਜਪੂਰਕ ਪਰਚੇ ਪੜ੍ਹੇ। ਬਹਿਸ ਦੌਰਾਨ ਸ਼ਾਮਿਲ ਵਿਦਵਾਨਾਂ ਨੇ ਪੁਖ਼ਤਾ ਤਰਕਾਂ ਦੇ ਆਧਾਰ ’ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਕਹਾਣੀ ਸੰਗ੍ਰਹਿ ਸੁਖਾਂਤ ਅਤੇ ਦੁਖਾਂਤ ਦਾ ਸੁੰਦਰ ਮਿਸ਼ਰਣ ਹੈ। ਪ੍ਰਸਿੱਧ ਵਿਦਵਾਨ ਸਰਵਨ ਸਿੰਘ ਪ੍ਰਦੇਸੀ ਨੇ ਕਿਹਾ ਕਿ ਉਤਰ-ਆਧੁਨਿਕਤਾ ਕਾਲ ਵਿਚ ਨਾਰੀ ਦੀ ਸਥਿਤੀ, ਉਸ ਦੀਆਂ ਲਿੰਗਕ ਰੁਚੀਆਂ ਅਤੇ ਮਰਦ ਪਾਤਰਾਂ ਵੱਲੋਂ ਹੋ ਰਹੇ ਸ਼ੋਸਣ ਨੂੰ ਲੇਖਕ ਨੇ ਬੇਬਾਕੀ ਨਾਲ ਉਜਾਗਰ ਕੀਤਾ ਹੈ। ਡਾ. ਸੁਖਪਾਲ ਸਿੰਘ ਥਿੰਦ ਨੇ ਕਿਹਾ ਕਿ ਸੰਗ੍ਰਹਿ ਦੇ ਕਿਰਦਾਰ ਕਾਰਪੋਰੇਟ ਜਗਤ ਅਤੇ ਗਲੋਬਲ ਮੰਡੀ ਦੀ ਭੇਟ ਚੜ੍ਹੇ ਹੋਏ ਹਨ ਅਤੇ ਕਹਾਣੀਆਂ ਵਿਚ ਦਰਸਾਈਆਂ ਗਈਆਂ ਔਰਤਾਂ ਸਮਾਜਕ ਦਬਾਅ ਹੇਠ ਆਮ ਜੀਵਨ ਜਿਊਣ ਲਈ ਮਜਬੂਰ ਦਿਖਾਈ ਦਿੰਦੀਆਂ ਹਨ। ਡਾ. ਸੁਖਵਿੰਦਰ ਸਿੰਘ (ਪਠਾਨਕੋਟ) ਨੇ ਕਿਹਾ ਕਿ ਇਸ ਕਹਾਣੀ ਸੰਗ੍ਰਹਿ ਦੀ ਸ਼ਬਦਾਵਲੀ ਮਿਆਰੀ ਵਾਰਤਕ, ਨਾਟਕੀ ਅਤੇ ਨਾਟਕੀ-ਸ਼ੈਲੀ ਦੇ ਅਨੇਕ ਗੁਣ ਆਪਣੇ ਵਿਚ ਸਮੇਟੇ ਹੋਏ ਹੈ। ਇਸ ਤੋਂ ਇਲਾਵਾ ਡਾ. ਧਰਮਪਾਲ ਸਾਹਿਲ, ਡਾ. ਲੇਖ ਰਾਜ (ਪਠਾਨਕੋਟ), ਮਿੱਤਰ ਮਨਜੀਤ, ਰਾਜਿੰਦਰ ਸਿੰਘ ਢੱਡਾ, ਮੈਡਮ ਪ੍ਰੋਮਿਲਾ ਅਰੋੜਾ ਅਤੇ ਪ੍ਰੋ. ਗੁਰਨਾਮ ਸਿੰਘ ਨੇ ਵੀ ਆਪਣੇ ਡੂੰਘੇ ਅਤੇ ਵਿਸ਼ਲੇਸ਼ਣਾਤਮਕ ਵਿਚਾਰ ਸਾਂਝੇ ਕੀਤੇ। ਮੁੱਖ ਮਹਿਮਾਨ ਮੈਡਮ ਜਸਪ੍ਰੀਤ ਕੌਰ ਅਤੇ ‘ਮੰਤਵ’ ਦੇ ਸੰਪਾਦਕ ਵਿਸ਼ਾਲ ਨੇ ਡਾ. ਕਰਮਜੀਤ ਸਿੰਘ ਨਡਾਲਾ ਨੂੰ ਉੱਚ ਪੱਧਰੀ ਕਹਾਣੀ ਕਲਾ, ਸ਼ਾਨਦਾਰ ਸ਼ੈਲੀ ਅਤੇ ਪੰਜਾਬੀ ਸਾਹਿਤ ਨੂੰ ਮਹੱਤਵਪੂਰਨ ਯੋਗਦਾਨ ਦੇਣ ਲਈ ਵਧਾਈ ਦਿੱਤੀ। ਸਮਾਗਮ ਦਾ ਸੁਚੱਜਾ ਮੰਚ ਸੰਚਾਲਨ ਡਾ. ਮੱਖਣ ਸਿੰਘ ਭੁਲੱਥ ਨੇ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਵਿਦਵਾਨ, ਲੇਖਕ, ਕਵੀ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ। ਉਨ੍ਹਾਂ ਨੇ ਕਿਹਾ ਕਿ ‘ਗਲੇਸ਼ੀਅਰ ਪਿਘਲ ਗਿਆ’ ਰੋਚਕਤਾ ਭਰਪੂਰ, ਮੁਹਾਵਰੇਦਾਰ ਭਾਸ਼ਾ, ਪ੍ਰਸਥਿਤੀਆਂ ਦੀ ਸੰਘਣਤਾ ਅਤੇ ਵਿਸ਼ਿਆਂ ਦੇ ਨੋਕਦਾਰ ਨਿਭਾਅ ਕਰਕੇ ਇਕ ਮਹੱਤਵਪੂਰਨ ਕਹਾਣੀ ਸੰਗ੍ਰਹਿ ਹੈ। ਸਮਾਗਮ ਦੇ ਅੰਤ ਵਿਚ ਰਤਨ ਸਿੰਘ ਕੰਵਲ (ਪਹਿਲਗਾਮੀ) ਅਤੇ ਪੋਪਿੰਦਰ ਸਿੰਘ ਪਾਰਸ (ਜੰਮੂ) ਨੂੰ ਸਨਮਾਨ ਪੱਤਰ ਅਤੇ ਯਾਦਗਾਰੀ ਨਿਸ਼ਾਨ ਦੇ ਕੇ ਸਨਮਾਨਿਤ ਕੀਤਾ ਗਿਆ। ਸਾਹਿਤਕ ਪਿੜ ਨਡਾਲਾ ਦੇ ਪ੍ਰਧਾਨ ਨਿਰਮਲ ਸਿੰਘ ਖੱਖ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।