ਡੀਜੀਪੀ ਦਾ ਹਥਿਆਰਾਂ ਦੇ ਲਾਇਸੰਸ ਘਟਾਉਣ ਦਾ ਫ਼ੈਸਲੇ ਸ਼ਲਾਘਾਯੋਗ : ਸ਼ਰਮਾ
ਡੀਜੀਪੀ ਪੰਜਾਬ ਪੁਲਿਸ ਵੱਲੋਂ ਹਥਿਆਰਾਂ ਦੇ ਲਾਇਸੰਸ ਘਟਾਉਣ ਦੇ ਫ਼ੈਸਲੇ ਦੀ ਰਮਨ ਸ਼ਰਮਾ ਵੱਲੋਂ ਸ਼ਲਾਘਾ
Publish Date: Tue, 10 Feb 2026 07:47 PM (IST)
Updated Date: Tue, 10 Feb 2026 07:50 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਸ਼ਿਵ ਸੈਨਾ ਫਗਵਾੜਾ ਦੇ ਸਿਟੀ ਪ੍ਰਧਾਨ ਰਮਨ ਸ਼ਰਮਾ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਵੱਲੋਂ ਸਮਾਜ ਵਿਰੋਧੀ ਤੱਤਾਂ ਦੀ ਪਛਾਣ ਕਰਕੇ ਵੱਡੇ ਪੱਧਰ ‘ਤੇ ਹਥਿਆਰਾਂ ਦੇ ਲਾਇਸੰਸ ਰੱਦ ਕਰਨ ਦੇ ਫ਼ੈਸਲੇ ਦੀ ਭਰਪੂਰ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਵੱਲ ਇਕ ਬਹੁਤ ਹੀ ਸ਼ਲਾਘਾਯੋਗ ਤੇ ਦੂਰਦਰਸ਼ੀ ਫ਼ੈਸਲਾ ਹੈ। ਰਮਨ ਸ਼ਰਮਾ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਕਈ ਸਮਾਜ ਵਿਰੋਧੀ ਤੱਤ ਕਾਨੂੰਨੀ ਹਥਿਆਰਾਂ ਦਾ ਗਲਤ ਇਸਤੇਮਾਲ ਕਰਕੇ ਆਮ ਲੋਕਾਂ ਵਿਚ ਡਰ ਤੇ ਅਸ਼ਾਂਤੀ ਦਾ ਮਾਹੌਲ ਪੈਦਾ ਕਰ ਰਹੇ ਸਨ। ਡੀਜੀਪੀ ਪੰਜਾਬ ਪੁਲਿਸ ਵੱਲੋਂ ਅਜਿਹੇ ਤੱਤਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਹਥਿਆਰ ਲਾਇਸੰਸ ਰੱਦ ਕਰਨਾ ਲੋਕ-ਹਿੱਤ ਵਿਚ ਚੁੱਕਿਆ ਗਿਆ ਇਕ ਮਜ਼ਬੂਤ ਕਦਮ ਹੈ, ਜਿਸ ਨਾਲ ਅਪਰਾਧਿਕ ਗਤੀਵਿਧੀਆਂ ‘ਤੇ ਨਕੇਲ ਕੱਸੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਮੇਸ਼ਾ ਸਮਾਜ ਦੀ ਸੁਰੱਖਿਆ ਤੇ ਕਾਨੂੰਨ-ਵਿਵਸਥਾ ਦੇ ਹੱਕ ਵਿਚ ਖੜੀ ਰਹੀ ਹੈ ਤੇ ਪੰਜਾਬ ਪੁਲਿਸ ਵੱਲੋਂ ਕੀਤੇ ਜਾ ਰਹੇ ਹਰ ਸਕਾਰਾਤਮਕ ਉਪਰਾਲੇ ਦਾ ਸਮਰਥਨ ਕਰਦੀ ਰਹੇਗੀ। ਇਸ ਦੇ ਨਾਲ ਹੀ ਰਮਨ ਸ਼ਰਮਾ ਨੇ ਡੀਜੀਪੀ ਪੰਜਾਬ ਪੁਲਿਸ ਨੂੰ ਅਪੀਲ ਕੀਤੀ ਕਿ ਇਸ ਕਾਰਵਾਈ ਦੌਰਾਨ ਇਹ ਯਕੀਨੀ ਬਣਾਇਆ ਜਾਵੇ ਕਿ ਕਾਨੂੰਨ ਦੀ ਪਾਲਣਾ ਕਰਨ ਵਾਲੇ ਹਥਿਆਰ ਧਾਰਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ। ਖ਼ਾਸ ਕਰਕੇ ਉਹ ਲੋਕ ਜੋ ਸਮਾਜ ਵਿਰੋਧੀ ਤੱਤਾਂ ਵੱਲੋਂ ਧਮਕੀਆਂ ਦਾ ਸਾਹਮਣਾ ਕਰ ਰਹੇ ਹਨ ਜਾਂ ਜਿਨ੍ਹਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਹਥਿਆਰਾਂ ਦਾ ਲਾਇਸੰਸ ਲਾਜ਼ਮੀ ਹੈ, ਉਨ੍ਹਾਂ ਨੂੰ ਇਸ ਪ੍ਰਕਿਰਿਆ ਵਿਚ ਪ੍ਰਭਾਵਿਤ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਅਜਿਹੇ ਕਦਮ ਬਹੁਤ ਜ਼ਰੂਰੀ ਹਨ।