ਮਸੂਰੀ 'ਚ ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ ਨੂੰ ਤੋੜਨ ਦੀ ਕੀਤੀ ਨਿਖੇਧੀ
ਮਸੂਰੀ 'ਚ ਬਾਬਾ ਬੁੱਲ੍ਹੇ ਸ਼ਾਹ ਦੀ 100 ਸਾਲ ਪੁਰਾਣੀ ਮਜ਼ਾਰ ਨੂੰ ਤੋੜਨ ਦੀ ਕੀਤੀ ਨਿਖੇਧੀ
Publish Date: Sat, 31 Jan 2026 09:55 PM (IST)
Updated Date: Sat, 31 Jan 2026 09:58 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪ੍ਰਸਿੱਧ ਸੂਫ਼ੀ ਕਵੀ ਬਾਬਾ ਬੁੱਲ੍ਹੇ ਸ਼ਾਹ ਦੀ 100 ਸਾਲ ਪੁਰਾਣੀ ਮਜ਼ਾਰ, ਜੋ ਉੱਤਰਾਖੰਡ ਦੇ ਸ਼ਹਿਰ ਮਸੂਰੀ ਦੇ ਬਾਲਾ ਹਿਸਾਰ ਖੇਤਰ ਵਿਚ ਸਥਿਤ ਸੀ ਤੇ ਜਿਸਦੀ ਪੂਰੇ ਖੇਤਰ ਵਿਚ ਮਾਨਤਾ ਸੀ, ਨੂੰ ਫ਼ਿਕਰਾਪ੍ਰਸਤ ਤਾਕਤਾਂ ਵੱਲੋਂ ਤੋੜ ਦਿੱਤਾ ਗਿਆ, ਜਿਸਦਾ ਸਥਾਨਕ ਭਾਈਚਾਰੇ ‘ਚ ਵੱਡਾ ਰੋਸ ਫ਼ੈਲ ਗਿਆ। ਪੰਜਾਬ ਚੇਤਨਾ ਮੰਚ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ, ਜਨਰਲ ਸਕੱਤਰ ਸਤਨਾਮ ਸਿੰਘ ਮਾਣਕ, ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੇ ਪ੍ਰਧਾਨ ਪ੍ਰਿੰ. ਗੁਰਮੀਤ ਸਿੰਘ ਪਲਾਹੀ, ਸਕੇਪ ਸਾਹਿਤਕ ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ, ਪ੍ਰਸਿੱਧ ਕਾਲਮਨਵੀਸ ਡਾ. ਚਰਨਜੀਤ ਸਿੰਘ ਗੁਮਟਾਲਾ, ਗਿਆਨ ਸਿੰਘ ਸਾਬਕਾ ਡੀਪੀਆਰਓ, ਦੀਦਾਰ ਸ਼ੇਤਰਾ, ਗੁਰਚਰਨ ਸਿੰਘ ਨੁਰਪੂਰ, ਗੁਰਬਿੰਦਰ ਮਾਣਕ ਨੇ ਇਸ ਕਾਰਵਾਈ ਦੀ ਕਰੜੇ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਕਿ ਗੰਗਾ-ਜਮੁਨੀ ਤਹਿਜ਼ੀਬ ਨੂੰ ਖੋਦ ਕੇ ਉਸ ਦੇ ਥੱਲਿਓਂ ਮਜ਼ਹਬੀ ਤੁਅਸਬਾਂ ਦੇ ਖੰਡਰਾਤ ਲੱਭੇ ਜਾ ਰਹੇ ਹਨ ਤੇ ਫਤਵੇ ਦਿੱਤੇ ਜਾ ਰਹੇ ਹਨ ਅ ਤੇ ਮਿੱਥ ਕੇ ਸਾਂਝ ਦੇ ਚਿੰਨ੍ਹਾਂ ਨੂੰ ਮਿਟਾਇਆ ਜਾ ਰਿਹਾ ਹੈ। ਇਸ ਤਰ੍ਹਾਂ ਧਾਰਮਿਕ ਅਸਹਿਣਸ਼ੀਲਤਾ ਦਾ ਮਾਹੌਲ ਦੇਸ਼ ਵਿਚ ਸਿਰਜਨ ਦਾ ਯਤਨ ਹੋ ਰਿਹਾ ਹੈ। ਇਨ੍ਹਾਂ ਬੁੱਧੀਜੀਵੀਆਂ, ਲੇਖਕਾਂ, ਕਾਲਮਨਵੀਸਾਂ ਨੇ ਇਹ ਵੀ ਕਿਹਾ ਕਿ ਇਹੋ ਜਿਹੀਆਂ ਘਟਨਾਵਾਂ ਘੱਟ ਗਿਣਤੀਆਂ ਦੇ ਖ਼ਿਲਾਫ਼ ਸਾਜ਼ਿਸ਼ ਹਨ ਤੇ ਦੇਸ਼ ਦੇ ਧਰਮ ਨਿਰਪੱਖ ਸਰੂਪ ਨੂੰ ਢਾਹ ਲਗਾਉਣ ਦੇ ਯਤਨ ਹਨ, ਜਿਸ ਨਾਲ ਧਰਮ ਦੇ ਨਾਂ ‘ਤੇ ਲੋਕਾਂ ਵਿਚ ਨਫ਼ਰਤ ਫੈਲਦੀ ਹੈ। ਇਨ੍ਹਾਂ ਸਖ਼ਸ਼ੀਅਤਾਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।