ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
ਸੰਵਾਦ ਸਹਿਯੋਗੀ, ਜਾਗਰਣਕਪੂਰਥਲਾ :
Publish Date: Thu, 27 Nov 2025 09:05 PM (IST)
Updated Date: Thu, 27 Nov 2025 09:08 PM (IST)

ਸੰਵਾਦ ਸਹਿਯੋਗੀ, ਜਾਗਰਣ ਕਪੂਰਥਲਾ : ਥਾਣਾ ਸਦਰ ਦੇ ਤਹਿਤ ਆਉਂਦੇ ਪਿੰਡ ਲੱਖਣ ਕੇ ਡੇਰੇ ’ਚ ਵੀਰਵਾਰ ਨੂੰ ਲੱਗੇ ਮੇਲੇ ਤੋਂ ਕੁਝ ਹੀ ਦੂਰ ਰਾਹਗੀਰਾਂ ਦੀ ਸੂਚਨਾ ’ਤੇ ਥਾਣਾ ਸਦਰ ਪੁਲਿਸ ਨੇ ਇਕ 40 ਸਾਲਾ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ। ਲਾਸ਼ ਦੀ ਪਛਾਣ ਲਈ ਆਲੇ-ਦੁਆਲੇ ਦੇ ਪਿੰਡਾਂ ’ਚ ਸੂਚਨਾ ਭੇਜੀ ਗਈ। ਮੇਲਾ ਸਥਾਨ ਤੋਂ ਵੀ ਨੌਜਵਾਨ ਦੀ ਲਾਸ਼ ਸਬੰਧੀ ਅਨਾਉਂਸਮੈਂਟ ਕਰਵਾਈ ਗਈ ਪਰ ਕੋਈ ਵੀ ਵਾਰਿਸ ਸਾਹਮਣੇ ਨਹੀਂ ਆਇਆ, ਜਿਸ ਕਾਰਨ ਲਾਸ਼ ਨੂੰ ਅਗਲੇ 72 ਘੰਟਿਆਂ ਲਈ ਸਿਵਲ ਹਸਪਤਾਲ ਕਪੂਰਥਲਾ ਦੀ ਮੋਰਚਰੀ ’ਚ ਪਛਾਣ ਲਈ ਰਖਵਾਇਆ ਗਿਆ ਹੈ। ਥਾਣਾ ਸਦਰ ਦੇ ਏਐੱਸਆਈ ਆਲਮਜੀਤ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਪਿੰਡ ਲੱਖਣ ਕੇ ਡੇਰੇ ਦੋ ਰੁੱਖਾ ਵਾਲੀ ਜਗ੍ਹਾ ’ਤੇ ਮੇਲਾ ਲੱਗਿਆ ਹੋਇਆ ਸੀ। ਇਸ ਦੌਰਾਨ ਕੁਝ ਲੋਕਾਂ ਨੇ ਸੂਚਨਾ ਦਿੱਤੀ ਕਿ ਮੇਲਾ ਸਥਾਨ ਤੋਂ ਕੁਝ ਹੀ ਦੂਰੀ ’ਤੇ ਇਕ ਨੌਜਵਾਨ ਬੇਹੋਸ਼ੀ ਦੀ ਹਾਲਤ ’ਚ ਪਿਆ ਹੈ। ਉਹ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਕੋਲੋਂ ਕੋਈ ਵੀ ਪਛਾਣ ਸਬੰਧੀ ਦਸਤਾਵੇਜ਼ ਬਰਾਮਦ ਨਹੀਂ ਹੋਇਆ। ਮ੍ਰਿਤਕ ਦੇ ਸਰੀਰ ’ਤੇ ਕਿਸੇ ਵੀ ਤਰ੍ਹਾਂ ਦਾ ਸੱਟ ਦਾ ਨਿਸ਼ਾਨ ਨਹੀਂ ਮਿਲਿਆ। ਮੌਤ ਦੇ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਤੋਂ ਬਾਅਦ ਹੋਵੇਗਾ। ਮ੍ਰਿਤਕ ਦੇਖਣ ’ਚ ਚੰਗੇ ਘਰ ਦਾ ਲੱਗ ਰਿਹਾ ਹੈ। ਉਸ ਨੇ ਕਾਲੇ ਰੰਗ ਦਾ ਪਜਾਮਾ ਤੇ ਨੀਲੀ ਟੀ-ਸ਼ਰਟ ਤੇ ਸਪੋਰਟਸ ਸ਼ੂਜ਼ ਪਹਿਨੇ ਹੋਏ ਹਨ।