ਡੀਸੀ ਨੇ ਲਿਆ ਸ਼ਹੀਦੀ ਸ਼ਤਾਬਦੀ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ
ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ “ਸ਼ਹੀਦੀ ਸ਼ਤਾਬਦੀ ਯਾਤਰਾ “ ਦੀਆਂ ਤਿਆਰੀਆਂ ਦਾ ਜਾਇਜ਼ਾ
Publish Date: Tue, 18 Nov 2025 06:57 PM (IST)
Updated Date: Tue, 18 Nov 2025 06:58 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ, ਐੱਸਐੱਸਪੀ ਕਪੂਰਥਲ਼ਾ ਗੌਰਵ ਤੂਰਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਬੰਧੀ 21 ਨਵੰਬਰ ਨੂੰ ਕਪੂਰਥਲਾ ਵਿਖੇ ਪੁੱਜ ਰਹੀ ਸ਼ਹੀਦੀ ਸ਼ਤਾਬਦੀ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਕਮਿਸ਼ਨਰ ਨਗਰ ਨਿਗਮ ਫਗਵਾੜਾ ਡਾ. ਅਕਸ਼ਿਤਾ ਗੁਪਤਾ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਯਾਤਰਾ ਗੋਇੰਦਵਾਲ ਸਾਹਿਬ ਨੇੜੇ ਬਿਆਸ ਦਰਿਆ ਉੇਪਰ ਬਣੇ ਪੁਲ ਤੋਂ 21 ਨਵੰਬਰ ਨੂੰ ਜ਼ਿਲ੍ਹਾ ਕਪੂਰਥਲਾ ਵਿਚ ਦਾਖਲ ਹੋਵੇਗੀ ਤੇ ਯਾਤਰਾ ਦੇ ਸਵਾਗਤ ਲਈ ਜ਼ਿਲ੍ਹਾ ਪੁਲਿਸ ਦੀ ਟੁਕੜੀ ਵੱਲੋਂ ਯਾਤਰਾ ਦੇ ਸਨਮਾਨ ਵਿਚ ਗਾਰਡ ਆਫ ਆਨਰ ਪੇਸ਼ ਕੀਤਾ ਜਾਵੇਗਾ। ਯਾਤਰਾ 22 ਨਵੰਬਰ ਨੂੰ ਜਲੰਧਰ ਤੋਂ ਫਗਵਾੜਾ ਵਿਖੇ ਆਵੇਗੀ। ਉਨ੍ਹਾਂ ਕਿਹਾ ਕਿ ਯਾਤਰਾ ਦੀ ਮਰਿਆਦਾ ਤੇ ਧਾਰਮਿਕ ਮਹੱਤਤਾ ਨੂੰ ਮੁੱਖ ਰੱਖਦਿਆਂ ਹਰੇਕ ਅਧਿਕਾਰੀ/ਕਰਮਚਾਰੀ ਵੱਲੋਂ ਸੇਵਾ ਭਾਵਨਾ ਨਾਲ ਡਿਊਟੀ ਨਿਭਾਉਣ ਦੇ ਸਖਤ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਯਾਤਰਾ ਦੇ ਰੂਟ ’ਤੇ ਸਾਫ-ਸਫ਼ਾਈ ਤੇ ਹੋਰ ਲੋੜੀਂਦੇ ਪ੍ਰਬੰਧਾਂ ਨੂੰ ਪਹਿਲ ਦੇ ਆਧਾਰ ‘ਤੇ ਮੁਕੰਮਲ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਯਾਤਰਾ ਗੋਇੰਦਵਾਲ ਸਾਹਿਬ ਤੋਂ ਹੁੰਦੀ ਹੋਈ ਮੁੰਡੀ ਮੋੜ, ਉੱਚਾ, ਪਰਵੇਜ ਨਗਰ ਤੇ ਕਪੂਰਥਲਾ ਤੋਂ ਹੁੰਦੀ ਹੋਈ ਕਰਤਾਰਪੁਰ ਰਾਹੀਂ ਜਲੰਧਰ ਵਿਖੇ ਦਾਖਲ ਹੋਵੇਗੀ। 22 ਨਵੰਬਰ ਨੂੰ ਇਹ ਜਲੰਧਰ ਤੋਂ ਫਗਵਾੜਾ ਹੁੰਦੀ ਹੋਈ ਅੱਗੇ ਬੰਗਾ ਨੂੰ ਰਵਾਨਾ ਹੋਵੇਗੀ। ਯਾਤਰਾ ਦੌਰਾਨ ਸੰਗਤ ਲਈ ਮੁੰਡੀ ਮੋੜ, ਉੱਚਾ, ਪਰਵੇਜ ਨਗਰ ਤੇ ਕਪੂਰਥਲਾ ਬੱਸ ਸਟੈਂਡ ਵਿਖੇ ਲੰਗਰਾਂ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। ਸਿਹਤ ਵਿਭਾਗ ਨੂੰ ਮੈਡੀਕਲ ਟੀਮਾਂ ਤੇ ਐਂਬੂਲੈਂਸਾਂ ਵੀ ਤਾਇਨਾਤ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸੇ ਦੌਰਾਨ ਐੱਸਐੱਸਪੀ ਗੌਰਵ ਤੂਰਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸੁਚਾਰੂ ਆਵਾਜਾਈ, ਸੁਰੱਖਿਆ ਤੇ ਪਾਰਕਿੰਗ ਦੇ ਮੁਕੰਮਲ ਪ੍ਰਬੰਧ ਯਕੀਨੀ ਬਣਾਉਣ ਲਈ ਰੂਟ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਕਮਿਸ਼ਨਰ ਨਗਰ ਨਿਗਮ ਫਗਵਾੜਾ ਡਾ. ਅਕਸ਼ਿਤਾ ਗੁਪਤਾ ਨੇ ਕਿਹਾ ਕਿ ਫਗਵਾੜਾ ਵਿਖੇ ਦਾਖਲ ਹੋਣ ਉੱਪਰੰਤ ਯਾਤਰਾ ਦਾ ਪ੍ਰਸ਼ਾਸ਼ਨ, ਧਾਰਮਿਕ ਜਥੇਬੰਦੀਆਂ ਤੇ ਹੋਰਨਾਂ ਉੱਚ ਸ਼ਖਸ਼ੀਅਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ ਤੇ ਕਰਮਚਾਰੀਆਂ ਨੂੰ ਸਾਫ-ਸਫਾਈ ਦਾ ਪੂਰਾ ਧਿਆਨ ਰੱਖਣ ਲਈ ਵੀ ਸਖਤ ਹੁਕਮ ਕੀਤੇ ਗਏ ਹਨ। ਕੈਪਸ਼ਨ-18ਪੀਐਚਜੀ2