ਦਸ਼ਮੇਸ਼ ਸਪੋਰਟਸ ਕਲੱਬ ਵੱਲੋਂ 43ਵਾਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ 3 ਤੋਂ
ਦਸ਼ਮੇਸ਼ ਸਪੋਰਟਸ ਕਲੱਬ ਵਲੋਂ ਪਿੰਡ ਅਕਾਲਗੜ੍ਹ ਵਿਖੇ 43ਵਾਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ 3,4,5 ਫਰਵਰੀ ਨੂੰ
Publish Date: Sun, 01 Feb 2026 09:13 PM (IST)
Updated Date: Sun, 01 Feb 2026 09:16 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਦਸ਼ਮੇਸ਼ ਸਪੋਰਟਸ ਕਲੱਬ ਪਿੰਡ ਅਕਾਲਗੜ੍ਹ ਵੱਲੋਂ 43ਵਾਂ ਸਲਾਨਾ 11 ਸਾਈਡ ਕਲੱਬ ਪਿੰਡ ਪੱਧਰ ਫੁੱਟਬਾਲ ਟੂਰਨਾਮੈਂਟ ਹਰ ਸਾਲ ਦੀ ਤਰ੍ਹਾਂ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ 3, 4, 5 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਜੇਤੂ ਟੀਮ ਨੂੰ ਪਹਿਲਾ ਨਗਦ ਇਨਾਮ 31 ਹਜ਼ਾਰ ਰੁਪਏ ਤੇ ਟਰਾਫੀ, ਦੂਸਰਾ ਇਨਾਮ 25 ਹਜ਼ਾਰ ਰੁਪਏ ਤੇ ਟਰਾਫੀ ਭੇਟ ਕੀਤੀ ਜਾਵੇਗੀ। ਇਸੇ ਤਰ੍ਹਾਂ 50 ਕਿਲੋ ਭਾਰ ਵਰਗ ਫੁੱਟਬਾਲ ਮੁਕਾਬਲੇ ਦੀ ਜੇਤੂ ਟੀਮ ਤੇ ਉਪ ਜੇਤੂ ਟੀਮਾਂ ਨੂੰ ਵੀ ਨਗਦ ਰਾਸ਼ੀ ਤੇ ਟਰਾਫੀ ਨਾਲ ਨਵਾਜਿਆ ਜਾਵੇਗਾ। ਉਨ੍ਹਾਂ ਟੂਰਨਾਮੈਂਟ ਦੀਆਂ ਸ਼ਰਤਾਂ ਬਾਰੇ ਦੱਸਿਆ ਕਿ ਹਰੇਕ ਟੀਮ ਦੇ ਸਾਰੇ ਖਿਡਾਰੀ ਇਕ ਪਿੰਡ ਦੇ ਹੋਣੇ ਚਾਹੀਦੇ ਹਨ। ਕਮੇਟੀ ਦੀ ਟੀਮ ਵਿਚ 2 ਖਿਡਾਰੀ ਬਾਹਰਲੇ ਖੇਡਣਗੇ। ਹਰੇਕ ਖਿਡਾਰੀ ਕੋਲ 6 ਸਾਲ ਪੁਰਾਣੇ 2 ਪਰੂਫ ਲਿਖਤੀ ਹੋਣੇ ਜ਼ਰੂਰੀ ਹਨ। ਐਂਟਰੀ ਫੀਸ 1 ਹਜ਼ਾਰ ਰੁਪਏ ਰੱਖੀ ਗਈ ਹੈ। ਜੇਕਰ ਕੋਈ ਟੀਮ 20 ਮਿੰਟ ਲੇਟ ਆਉਂਦੀ ਹੈ ਤਾਂ ਪੈਨਲਟੀ ’ਤੇ ਖੇਡੇਗੀ। ਲੜਾਈ-ਝਗੜਾ ਕਰਨ ਵਾਲੀ ਟੀਮ 3 ਸਾਲ ਲਈ ਟੂਰਨਾਮੈਂਟ ਵਿਚੋਂ ਬਾਹਰ ਕੀਤੀ ਜਾਵੇਗੀ। ਰੈਫਰੀ ਤੇ ਕਮੇਟੀ ਦਾ ਫੈਸਲਾ ਆਖਰੀ ਹੋਵੇਗਾ। 50 ਕਿਲੋ ਫੁੱਟਬਾਲ ਦੀਆਂ ਸਿਰਫ 4 ਟੀਮਾਂ ਹੀ ਐਂਟਰ ਕੀਤੀਆਂ ਜਾਣਗੀਆਂ। ਇਸ ਮੌਕੇ ਪ੍ਰਬੰਧਕਾਂ ਤੋਂ ਇਲਾਵਾ ਪਿੰਡ ਦੇ ਪਤਵੰਤੇ ਹਾਜ਼ਰ ਸਨ।