ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕਸਾਵਾ ਫ਼ਸਲ ਦਾ ਬੀਜ ਉਨ੍ਹਾਂ ਵੱਲੋਂ ਮੁਫ਼ਤ ਵਿਚ ਦਿੱਤਾ ਜਾਵੇਗਾ ਅਤੇ ਇਸ ਨੂੰ ਬੀਜਣ ਦੀ ਵਿਧੀ ਵੀ ਦੱਸੀ ਜਾਵੇਗੀ ਕਿ ਇਸਨੂੰ ਕਿਸ ਤਰ੍ਹਾਂ ਬੀਜਣਾ ਹੈ ਤੇ 1-2 ਦਿਨਾਂ ਤੱਕ ਮੋਬਾਇਲ ਨੰਬਰ ਫੇਸਬੁੱਕ ’ਤੇ ਦੱਸਿਆ ਜਾਵੇਗਾ ਜਿਸ ਉਪਰ ਕਿਸਾਨ ਆਪਣੇ ਆਪ ਨੂੰ ਫ਼ਸਲ ਵਾਸਤੇ ਰਜਿਸਟਰਡ ਕਰਵਾ ਸਕਦੇ ਹਨ।
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ, ਕਪੂਰਥਲਾ : ਪੰਜਾਬ ਵਿਚ ਲਗਾਤਾਰ ਡਿੱਗ ਰਹੇ ਪਾਣੀ ਦੇ ਪੱਧਰ ਅਤੇ ਕਿਸਾਨਾਂ ਨੂੰ ਰਵਾਇਤੀ ਫ਼ਸਲ ਚੱਕਰ (ਕਣਕ-ਝੋਨੇ) ਵਿਚੋਂ ਬਾਹਰ ਕੱਢਣ ਲਈ ‘ਕਸਾਵਾ’ ਦੀ ਸ਼ੁਰੂਆਤ ਸਿਰਫ਼ ਇਕ ਨਵੀਂ ਫ਼ਸਲ ਦੀ ਸ਼ੁਰੂਆਤ ਨਹੀਂ ਸਗੋਂ ਪੰਜਾਬ ਦੀ ਖੇਤੀ ਲਈ ਇਕ ਨਵੀਂ ਦਿਸ਼ਾ ਹੈ। ਝੋਨੇ ਵਰਗੀਆਂ ਵੱਧ ਪਾਣੀ ਖਪਾਉਂਣ ਵਾਲੀਆਂ ਫ਼ਸਲਾਂ ਦੀ ਥਾਂ ‘ਕਸਾਵਾ’ ਵਰਗੀਆਂ ਫ਼ਸਲਾਂ ਵੱਲ ਵੱਧਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ‘ਪੰਜਾਬੀ ਜਾਗਰਣ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ‘ਨਵੀਂ ਸੋਚ ਨਵਾਂ ਪੰਜਾਬ’ ਮੁਹਿੰਮ ਤਹਿਤ ‘ਕਸਾਵਾ’ ਫ਼ਸਲ ਦੀ ਖੇਤੀ ਦੀ ਸ਼ੁਰੂਆਤ ਕਰਕੇ ਰਵਾਇਤੀ ਫ਼ਸਲਾਂ ਦੀ ਥਾਂ ਇਕ ਬਦਲਵੀਂ ਫ਼ਸਲ ਵਜੋਂ ਕਸਾਵਾ ਨੂੰ ਪੇਸ਼ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਖੁੱਦ ਇਸ ਫ਼ਸਲ ਦਾ ਤਜ਼ਰਬਾ ਕੀਤਾ ਗਿਆ ਹੈ ਜੋ ਸਫ਼ਲ ਰਿਹਾ ਹੈ, ਤੇ ਇਸ ਵਾਰ ਵੱਡੀ ਗਿਣਤੀ ਵਿਚ ਕਿਸਾਨਾਂ ਵੱਲੋਂ ਕਸਾਵਾ ਫ਼ਸਲ ਬੀਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਕਰੀਬ ਇਸ ਵਾਰ ਸਾਰੇ ਪੰਜਾਬ ਵਿਚ 150 ਏਕੜ ਕਸਾਵਾ ਬੀਜਿਆ ਜਾਵੇਗਾ, ਜਿੱਥੇ-ਜਿੱਥੇ ਧਰਤੀ ਰੇਤਾਨੁਮਾ ਜਿਵੇਂ ਬਠਿੰਡਾ, ਮੁਕਤਸਰ ਅਤੇ ਦੋਆਬੇ ਆਦਿ ਵਿਚ ਕਸਾਵਾ ਜ਼ਿਆਦਾ ਬੀਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 28 ਡਿਗਰੀ ਤਾਪਮਾਨ ਵਿਚ ਇਸ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ ਤੇ ਤਕਰੀਬਨ ਕਸਾਵਾ ਦਾ 5 ਹਜ਼ਾਰ ਬੀਜ ਇਕ ਏਕੜ ਵਿਚ ਬੀਜਣਾ ਚਾਹੀਦਾ ਹੈ, ਇਕ ਮਹੀਨਾ ਇਸ ਦੀ ਪੂਰੀ ਦੇਖ-ਰੇਖ ਕਰਨੀ ਚਾਹੀਦੀ ਹੈ ਤੇ ਇਕ ਏਕੜ ਵਿਚੋਂ 250 ਕੁਇੰਟਲ ਕਸਾਵਾ ਨਿਕਲੇਗਾ।
ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕਸਾਵਾ ਫ਼ਸਲ ਦਾ ਬੀਜ ਉਨ੍ਹਾਂ ਵੱਲੋਂ ਮੁਫ਼ਤ ਵਿਚ ਦਿੱਤਾ ਜਾਵੇਗਾ ਅਤੇ ਇਸ ਨੂੰ ਬੀਜਣ ਦੀ ਵਿਧੀ ਵੀ ਦੱਸੀ ਜਾਵੇਗੀ ਕਿ ਇਸਨੂੰ ਕਿਸ ਤਰ੍ਹਾਂ ਬੀਜਣਾ ਹੈ ਤੇ 1-2 ਦਿਨਾਂ ਤੱਕ ਮੋਬਾਇਲ ਨੰਬਰ ਫੇਸਬੁੱਕ ’ਤੇ ਦੱਸਿਆ ਜਾਵੇਗਾ ਜਿਸ ਉਪਰ ਕਿਸਾਨ ਆਪਣੇ ਆਪ ਨੂੰ ਫ਼ਸਲ ਵਾਸਤੇ ਰਜਿਸਟਰਡ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਨੂੰ ਖੁੱਦ ਆਪਣੇ ਖੇਤਾਂ ਵਿਚ ਇਸਦੀ ਬਿਜਾਈ ਕਰਨੀ ਹੋਵੇਗੀ ਅਤੇ ਇਸਨੂੰ ਕਿਸ ਤਰ੍ਹਾਂ ਬੀਜਣਾ ਹੈ ਉਸ ਸਬੰਧੀ ਇਕ ਵੀਡੀਓ ਬਣਾ ਕੇ ਕਿਸਾਨ ਨੂੰ ਭੇਜ ਦਿੱਤੀ ਜਾਵੇਗੀ ਅਤੇ ਜਿਸਨੂੰ ਵੀ ਅਸੀਂ ਕਸਾਵਾ ਦਾ ਬੀਜ ਦੇਵਾਂਗੇ ਉਨ੍ਹਾਂ ਦੇ ਨਾਲ ਸੰਪਰਕ ਵਿਚ ਹੀ ਰਹਾਂਗੇ ਤੇ ਫੇਸਬੁੱਕ ਤੇ ਨੰਬਰ ਚਲਾ ਦੇਵਾਂਗਾ ਕਿ ਲੋਕ ਕਸਾਵਾ ਦੀ ਖੇਤੀ ਲਈ ਇਸ ਨੰਬਰ ਤੇ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਮੌਸਮ ਦੇ ਹਿਸਾਬ ਨਾਲ ਕਸਾਵਾ ਜਿੰਨੀ ਜਲਦੀ ਹੁਣ ਲੱਗੇਗਾ ਉਨਾਂ ਜ਼ਿਆਦਾ ਹੀ ਫਾਇਦੇਮੰਦ ਹੋਵੇਗਾ। ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਸ ਕਸਾਵਾ ਦੀ ਫ਼ਸਲ ਉੱਪਰ ਕਿਸਾਨਾਂ ਦੀ ਲਾਗਤ ਘੱਟ ਆਵੇਗੀ ਅਤੇ ਉਹ ਮੁਨਾਫ਼ਾ ਵੱਧ ਕਮਾਉਂਣਗੇ ਤੇ ਫ਼ਸਲ ਦੀ ਮਾਰਕੀਟਿੰਗ ਦੇ ਵੀ ਪੁਖਤਾ ਪ੍ਰਬੰਧ ਕੀਤੇ ਜਾਣਗੇ ਅਤੇ ਕਿਸਾਨਾਂ ਪਾਸੋਂ 15 ਰੁਪਏ ਕਿਲੋ ਦੇ ਹਿਸਾਬ ਨਾਲ ਫ਼ਸਲ ਨੂੰ ਖਰੀਦਿਆ ਜਾਵੇਗਾ ਅਤੇ ਮਸ਼ੀਨਰੀ ਮੁਹੱਈਆ ਕਰਵਾਉਂਣ ਵਿਚ ਵੀ ਕਿਸਾਨਾਂ ਦੀ ਪੂਰੀ ਸਹਾਇਤਾ ਕੀਤੀ ਜਾਵੇਗੀ। ਰਾਣਾ ਨੇ ਕਿਹਾ ਕਿ 30 ਤੋਂ 35 ਹਜ਼ਾਰ ਰੁਪਏ ਕਿੱਲੇ ਵਿਚ ਇਸਦਾ ਖਰਚਾ ਹੋਵੇਗਾ ਤੇ 2.40 ਲੱਖ ਰੁਪਏ ਕਿੱਲੇ ਵਿਚੋਂ ਮੁਨਾਫਾ ਹੋਵੇਗਾ।
ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਅਤੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਮੇਰੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਪੰਜਾਬ ਦੀ ਕਿਸਾਨੀ ਤੇ ਧਰਤੀ ਹੇਠਲਾ ਪਾਣੀ ਬਚਾਉਂਣ ਲਈ ਲਗਾਤਾਰ ਯਤਨਸ਼ੀਲ ਹਨ ਅਤੇ ਇਸ ਦੇ ਸਿੱਟੇ ਵੀ ਜਲਦੀ ਵਿਖਾਈ ਦੇਣਗੇ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਫ਼ਸਲ ਪੰਜਾਬ ਨੂੰ ਮਾਰੂਥਲ ਬਣਨ ਤੋਂ ਬਚਾਉਂਣ ਕਿਸਾਨ ਦੀ ਕਮਾਈ ਵਿਚ ਵੀ ਚੌਖਾ ਵਾਧਾ ਕਰੇਗੀ ਤੇ ਜਲਦ ਹੀ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿਚ ਰੇਤੇ ਵਾਲੇ ਅਤੇ ਨਰਮ ਜ਼ਮੀਨ ਰੇਤਾਨੁਮਾ ਜ਼ਮੀਨਾਂ ਵਾਲੇ ਇਲਾਕਿਆਂ ਵਿਚ ਕਸਾਵਾ ਫ਼ਸਲ ਦੀ ਬਿਜਾਈ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ।
‘ਨਵੀਂ ਸੋਚ ਨਵਾਂ ਪੰਜਾਬ’ ਦਾ ਮਤਲਬ ਆਪਾਂ ਧਰਤੀ ਹੇਠਲਾਂ ਪਾਣੀ ਬਚਾਉਂਣਾ : ਰਾਣਾ ਗੁਰਜੀਤ ਸਿੰਘ
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪਹਿਲਾਂ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਅਫਰੀਕਾ ਵਿਚ ਕਸਾਵਾ ਫ਼ਸਲ ਬਾਰੇ ਦੇਖਿਆ ਅਤੇ ਸਰਚ ਕਰਕੇ ਇਸਨੂੰ ਪੰਜਾਬ ਵਿਚ ਲਿਆਉਂਣ ਬਾਰੇ ਸੋਚਿਆ ਗਿਆ ਅਤੇ ਸਾਰੇ ਪੈਰਾਮੀਟਰ ਚੈੱਕ ਕੀਤੇ ਗਏ ਜਦਕਿ ਸਾਡੇ ਤਾਪਮਾਨ ਨਾਲ ਕੋਈ ਵਿਸ਼ੇਸ਼ ਅੰਤਰ ਨਹੀਂ ਸੀ, ਸਿਰਫ਼ ਦੋ ਮਹੀਨੇ ਜਦੋਂ ਜ਼ਿਆਦਾ ਠੰਡ ਪੈਂਦੀ ਜੋ ਕਸਾਵੇ ਨੂੰ ਬਰਦਾਸ਼ਤ ਨਹੀਂ ਪਰ ਉਸ ਸਮੇਂ ਤੱਕ ਕਸਾਵੇ ਨੇ ਪੱਕ ਜਾਣਾ। ਉਨ੍ਹਾਂ ਦੱਸਿਆ ਕਿ ਇਸ ਬਾਰੇ ਜਦੋਂ ਡਾ. ਚੇਰੀਅਨ ਜੋ ਆਈ.ਸੀ.ਏ.ਆਰ. ਦੇ ਡਾਇਰੈਕਟਰ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਉਹ ਖੁਸ਼ ਹੋਏ ਤੇ ਕਹਿਣ ਲੱਗੇ ਕਿ ਮੈਂ ਸੋਚ ਰਿਹਾ ਸੀ ਕਿ ਇਸਨੂੰ ਨੌਰਥ ਇੰਡੀਆ ਵਿਚ ਕਾਮਯਾਬ ਕਰੀਏ ਤੇ ਕਾਮਯਾਬ ਕਰਨ ਵਾਲੇ ਖੁੱਦ ਮੇਰੇ ਕੋਲ ਚੱਲ ਕੇ ਆਏ ਹਨ।
ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ‘ਨਵੀਂ ਸੋਚ ਨਵਾਂ ਪੰਜਾਬ’ ਦਾ ਮਤਲਬ ਆਪਾਂ ਧਰਤੀ ਹੇਠਲਾਂ ਪਾਣੀ ਬਚਾਉਂਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਇਕ ਕਿਲੋ ਚੋਲ ਬਨਾਉਂਣ ਲਈ 3000 ਤੋਂ 3500 ਲੀਟਰ ਪਾਣੀ ਲੱਗਦਾ ਉੱਥੇ ਕਸਾਵਾ ਨੂੰ 300-350 ਲੀਟਰ ਸਿਰਫ਼ 1 ਕਿਲੋ ਪਿੱਛੇ ਪਾਣੀ ਲੱਗਣਾ । ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਬੰਦੇ ਵਿਚ ਹਿੰਮਤ ਹੋਣੀ ਚਾਹੀਦੀ ਤੇ ਦਿਮਾਗ ਹੋਣਾ ਚਾਹੀਦਾ ਕਿ ਮੈਂ ਇਹ ਕੰਮ ਕਰਨਾ ਕਾਮਯਾਬੀ ਤਾ ਤੁਹਾਡੇ ਪੈਰਾ ਵਿਚ ਪਈ ਹੁੰਦੀ ਹੈ, ਹਿਲੋ ਜੋਲੋਗੇ ਤਾਂ ਕਾਮਯਾਬੀ ਆਵੇਗੀ ਘਰ ਬੈਠਿਆਂ ਕਾਮਯਾਬੀ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਮੈਂ ਵਾਅਦਾ ਕਰਦਾ ਕਿ ਕਸਾਵਾ ਦੀ ਖੇਤੀ ਕਰਨ ਨਾਲ ਕਿਸਾਨਾਂ ਨੂੰ ਦੁੱਗਣੇ ਪੈਸਿਆਂ ਦਾ ਮੁਨਾਫ਼ਾ ਹੋਵੇਗਾ।