ਘਰੇਲੂ ਸੁਆਣੀਆਂ ਤੇ ਵਪਾਰੀਆਂ ਲਈ ਮੁਸ਼ਕਲ ਬਣੀ ਗੈਸ ਸਿਲੰਡਰਾਂ ਦੀ ਸਪਲਾਈ ’ਚ ਕਮੀ
ਸਿਆਲਾਂ ਦੀ ਰੁੱਤ ਵਿੱਚ ਗੈਸ ਸਿਲੰਡਰਾਂ ਦੀ ਕਮੀ ਕਾਰਨ ਉੱਠਿਆ ਸੰਕਟ – ਘਰਾਂ ਤੇ ਵਪਾਰੀਆਂ ਲਈ ਵੱਡੀ ਮੁਸ਼ਕਿਲ
Publish Date: Wed, 10 Dec 2025 08:13 PM (IST)
Updated Date: Thu, 11 Dec 2025 04:10 AM (IST)
ਗੈਸ ਸਿਲੰਡਰਾਂ ਦੀ ਸਪਲਾਈ ਦੀਆਂ ਵੱਖ ਵੱਖ ਤਸਵੀਰਾਂ।
ਪਰਮਜੀਤ ਸਿੰਘ, ਪੰਜਾਬੀ ਜਾਗਰਣ
ਡਡਵਿੰਡੀ : ਸਿਆਲਾਂ ਦੀ ਕੰਬਾ ਦੇਣ ਵਾਲੀ ਰੁੱਤ ਜਿਵੇਂ ਹੀ ਆਪਣਾ ਰੰਗ ਦਿਖਾਉਣ ਲੱਗੀ ਹੈ, ਵਿਆਹ-ਸ਼ਾਦੀਆਂ ਦਾ ਮੌਸਮ ਵੀ ਚੜ੍ਹਦੀ ਕਲਾ ’ਚ ਨਜ਼ਰ ਆ ਰਿਹਾ ਹੈ ਪਰ ਇਸ ਰੌਣਕ ਭਰੇ ਦੌਰ ’ਚ ਇਕ ਹੋਰ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ ਜੋ ਹੈ ਗੈਸ ਸਿਲੰਡਰਾਂ ਦੀ ਕਮੀ। ਵਿਆਹਾਂ-ਸ਼ਾਦੀਆਂ ਦੇ ਖਾਣੇ, ਖਾਣਾ ਬਣਾਉਣ ਵਾਲੀਆਂ ਕੰਪਨੀਆਂ ਤੇ ਘਰਾਂ ਦੇ ਰੋਜ਼ਮਰ੍ਹਾ ਦੇ ਕੰਮ ਕਰਨ ਵਾਲਿਆਂ ਨੂੰ ਸਭ ਨੂੰ ਗੈਸ ਦੀ ਵਧੇਰੇ ਲੋੜ ਹੈ। ਇਸੇ ਸਮੇਂ ਦੁਕਾਨਾਂਦਾਰਾਂ ਅਤੇ ਛੋਟੇ ਵਪਾਰੀਆਂ ਨੂੰ ਵੀ ਚਾਹ-ਪਕੌੜਿਆਂ, ਹੋਟਲ ਅਤੇ ਢਾਬਿਆਂ ਦੀ ਮੰਗ ਪੂਰੀ ਕਰਨੀ ਔਖੀ ਹੋ ਰਹੀ ਹੈ। ਪਰੰਤੂ ਸਪਲਾਈ ਵਿੱਚ ਰੁਕਾਵਟ ਅਤੇ ਮੰਗ ਦੇ ਵੱਧ ਜਾਣ ਕਾਰਨ ਘਰੇਲੂ ਸਿਲੰਡਰ ਮਿਲਣਾ ਮੁਸ਼ਕਲ ਹੋ ਰਿਹਾ ਹੈ। ਕਈ ਵਾਰ ਬੁਕਿੰਗ ਤੋਂ ਬਾਅਦ ਵੀ ਡਿਲਿਵਰੀ ਦੇਰੀ ਨਾਲ ਮਿਲ ਰਹੀ ਹੈ, ਜਿਸ ਨਾਲ ਲੋਕਾਂ ਦੀ ਨਿੱਤ ਨਵੇਂ ਦਿਨ ਦੀ ਰੋਜ਼ਮਰ੍ਹਾ ਜਿੰਦਗੀ ਪ੍ਰਭਾਵਿਤ ਹੋ ਰਹੀ ਹੈ। ਘਰਾਂ ਦੀਆਂ ਸਮੂਹ ਗ੍ਰਹਿਣੀਆਂ ਦਾ ਕਹਿਣਾ ਹੈ ਕਿ ਦਿਨਚਰਿਆ ਦੇ ਕੰਮ ਲਗਾਤਾਰ ਰੁਕ ਰਹੇ ਹਨ।
ਵਪਾਰੀ ਵਰਗ ਸਵੇਰੇ ਤੋਂ ਸ਼ਾਮ ਤੱਕ ਲਾਈਨ ਵਿੱਚ ਖੜ੍ਹ ਕੇ ਵੀ ਸਿਲੰਡਰ ਨਾ ਮਿਲਣ ‘ਤੇ ਨਾਰਾਜ਼ਗੀ ਜਤਾ ਰਹੇ ਹਨ। ਵਿਆਹ ਸ਼ਾਦੀਆਂ ਵਾਲੇ ਘਰਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇੱਕ-ਇੱਕ ਸਿਲੰਡਰ ਲੈਣ ਲਈ ਵੀ ਕਈ ਜਗ੍ਹਾ ਵਾਧੂ ਖ਼ਰਚਾ ਕਰਨਾ ਪੈ ਰਿਹਾ ਹੈ। ਜੇਕਰ ਸਪਲਾਈ ਚੈਨ ਨਾਰਮਲ ਨਾ ਹੋਈ ਤਾਂ ਸਿਲੰਡਰਾਂ ਦੀ ਇਹ ਕਮੀ ਹੋਰ ਵੀ ਗੰਭੀਰ ਰੂਪ ਧਾਰਨ ਕਰ ਸਕਦੀ ਹੈ। ਤਰੀਕੇ ਨਾਲ ਚੱਲ ਸਕੇ। ਇਸ ਮੌਕੇ ਗੀਤਾ ਸ਼ਰਮਾ, ਮਧੂ ਸ਼ਰਮਾ, ਮਨੀਸ਼ ਸ਼ਰਮਾ, ਗੋਲੂ ਕੁਮਾਰ (ਸਾਰੇ ਸੁਲਤਾਨਪੁਰ ਲੋਧੀ),ਪਰਮਜੀਤ ਸਿੰਘ,ਸਤਨਾਮ ਸਿੰਘ ਡਡਵਿੰਡੀ, ਕੰਵਲਜੀਤ ਕੌਰ,ਮਨਜੀਤ ਕੌਰ, ਅਮਰਜੀਤ ਕੌਰ, ਨਰਿੰਦਰਜੀਤ ਸਿੰਘ, ਭਜਨ ਕੌਰ, ਮਨਜੀਤ ਕੌਰ, ਜਸਕਰਨ ਸਿੰਘ ਡਡਵਿੰਡੀ ਆਦਿ ਲੋਕਾਂ ਨੇ ਸਰਕਾਰ ਅਤੇ ਗੈਸ ਏਜੰਸੀਆਂ ਤੋਂ ਜਲਦ ਕਾਰਵਾਈ ਦੀ ਅਪੀਲ ਕੀਤੀ ਹੈ ਤਾਂ ਜੋ ਸਿਆਲਾਂ ਵਿੱਚ ਆਮ ਜ਼ਿੰਦਗੀ ਸੁਚੱਜੇ ਢੰਗ ਨਾਲ ਚਲ ਸਕੇ।