ਧੁੰਦ ਤੇ ਸੀਤ ਲਹਿਰ ਕਾਰਨ ਠੰਢ ਦਾ ਕਹਿਰ ਜਾਰੀ
ਧੁੰਦ ਤੇ ਸੀਤ ਲਹਿਰ ਕਾਰਨ ਠੰਡ ਦਾ ਕਹਿਰ ਜਾਰੀ
Publish Date: Sat, 10 Jan 2026 09:05 PM (IST)
Updated Date: Sat, 10 Jan 2026 09:06 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਕਪੂਰਥਲਾ ਜ਼ਿਲ੍ਹੇ ਵਿਚ ਸੰਘਣੀ ਧੁੰਦ ਅਤੇ ਸੀਤ ਲਹਿਰ ਚੱਲਣ ਕਾਰਨ ਠੰਢ ਦਾ ਕਹਿਰ ਲਗਾਤਾਰ ਜਾਰੀ ਹੈ। ਕਪੂਰਥਲਾ ਵਿਚ ਸ਼ਨੀਵਾਰ ਨੂੰ ਸੂਰਜ ਦੇਵਤਾ ਦੇ ਦਰਸ਼ਨ ਕਰੀਬ 2 ਵਜੇ ਤੋਂ ਬਾਅਦ ਹੋਏ, ਉਸ ਤੋਂ ਪਹਿਲਾਂ ਪੂਰੇ ਸ਼ਹਿਰ ਵਿਚ ਧੁੰਦ ਦੀ ਚਿੱਟੀ ਚਾਦਰ ਲਿਪਟੀ ਰਹੀ। ਦਿਨ ਵੇਲੇ ਵਿਜ਼ੀਬਿਲਟੀ 15 ਤੋਂ 20 ਮੀਟਰ ਦੇ ਨੇੜੇ-ਤੇੜੇ ਸੀ, ਪਰ ਰਾਤ ਦੇ ਸਮੇਂ ਸੀਤ ਲਹਿਰ ਚੱਲਣੀ ਸ਼ੁਰੂ ਹੋ ਗਈ, ਜਿਸ ਨਾਲ ਠੰਢ ਵਿਚ ਹੋਰ ਵਾਧਾ ਹੋ ਗਿਆ। ਦੇਰ ਰਾਤ ਤੋਂ ਹੀ ਧੁੰਦ ਦਾ ਅਸਰ ਸ਼ੁਰੂ ਹੋ ਗਿਆ ਸੀ, ਪ੍ਰੰਤੂ ਸ਼ਨੀਵਾਰ ਸਵੇਰ ਤੱਕ ਇਹ ਇੰਨੀ ਸੰਘਣੀ ਹੋ ਗਈ ਕਿ ਚਾਲਕਾਂ ਨੂੰ ਵਾਹਨ ਚਲਾਉਣ ਵਿਚ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹਾਈ ਬੀਮ ਅਤੇ ਫੋਗ ਲਾਈਟਾਂ ਦੇ ਬਾਵਜੂਦ ਵੀ ਸੜਕ ਦਾ ਅੱਗੇ ਦਾ ਹਿੱਸਾ ਬੜੀ ਮੁਸ਼ਕਿਲ ਨਾਲ ਦਿਸ ਰਿਹਾ ਸੀ। ਦੋਪਹਿਆ ਵਾਹਨ ਚਾਲਕਾਂ ਲਈ ਹਾਲਾਤ ਹੋਰ ਵੀ ਮੁਸ਼ਕਿਲ ਸਨ ਕਿਉਂਕਿ ਸੰਘਣੀ ਧੁੰਦ ਕਾਰਨ ਡੂੰਘੇ ਟੋਏ ਅਤੇ ਮੋੜਾਂ ਦਾ ਅੰਦਾਜ਼ਾ ਲਗਾਉਂਣਾ ਵੀ ਲੱਗਭਗ ਅਸੰਭਵ ਹੋ ਗਿਆ ਸੀ। ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਸਵੇਰੇ ਕੰਮਾਂ ’ਤੇ ਜਾਣ ਵਾਲਿਆਂ ਨੂੰ ਆ ਰਹੀ ਹੈ ਕਿਉਂਕਿ ਸਵੇਰ ਸਮੇਂ ਸੜਕਾਂ ’ਤੇ ਚੱਲਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਕਿਉਂਕਿ ਹਰ ਪਾਸੇ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਅਗਲੇ 24 ਘੰਟਿਆਂ ਦੌਰਾਨ ਕਪੂਰਥਲਾ ਦੇ ਵੱਖ-ਵੱਖ ਥਾਵਾਂ ’ਤੇ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ। ਵਿਭਾਗ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ ਕਿ ਬਾਹਰੀ ਗਤੀਵਿਧੀਆ ਤੋਂ ਬਚਿਆ ਜਾਵੇ ਜਾਂ ਇਨ੍ਹਾਂ ਨੂੰ ਸੀਮਤ ਕੀਤਾ ਜਾਵੇ।
ਠੰਢ ਕਾਰਨ ਹੀਟਰਾਂ ਦੀ ਮੰਗ ਵਧੀ : ਜੇਕਰ ਹੀਟਰਾਂ ਦੀ ਗੱਲ ਕੀਤੀ ਜਾਵੇ ਤਾਂ ਬਾਜ਼ਾਰਾਂ ਵਿਚ ਇਨ੍ਹਾਂ ਦੀ ਮੰਗ ਇਸ ਪੈ ਰਹੀ ਕੜਾਕੇ ਦੀ ਠੰਢ ਕਾਰਨ ਵਧ ਗਈ ਹੈ। ਬਹੁਤ ਸਾਰੇ ਲੋਕ ਬਿਜਲੀ ਵਾਲੀਆਂ ਦੁਕਾਨਾਂ ’ਤੇ ਗਰਮ ਹੀਟਰਾਂ ਦੀ ਖਰੀਦਦਾਰੀ ਕਰਦੇ ਦੇਖੇ ਗਏ। ਲੋਕਾਂ ਦਾ ਕਹਿਣਾ ਹੈ ਕਿ ਠੰਢ ਤੋਂ ਬਚਣ ਲਈ ਹੀਟਰ ਕਾਫੀ ਹੱਦ ਤੱਕ ਰਾਹਤ ਦਿੰਦਾ ਹੈ।