ਸੰਘਣੀ ਧੁੰਦ ਤੇ ਸੀਤ ਲਹਿਰ ਕਾਰਨ ਠੰਡ ਦਾ ਕਹਿਰ ਜਾਰੀ
ਸੰਘਣੀ ਧੁੰਦ ਤੇ ਸੀਤ ਲਹਿਰ ਕਾਰਨ ਠੰਡ ਦਾ ਕਹਿਰ ਜਾਰੀ
Publish Date: Wed, 07 Jan 2026 07:52 PM (IST)
Updated Date: Thu, 08 Jan 2026 04:09 AM (IST)

ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ, ਸਿੱਧਵਾਂ ਦੋਨਾਂ : ਭਾਰੀ ਧੁੰਦ ਤੇ ਕੋਹਰੇ ਨੇ ਬੁੱਧਵਾਰ ਸਿੱਧਵਾਂ ਦੋਨਾਂ ਅਤੇ ਆਸ ਪਾਸ ਦੇ ਇਲਾਕਿਆਂ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ । ਦਿਨ ਭਰ ਪੂਰੀ ਤਰ੍ਹਾਂ ਧੁੰਦ ਛਾਈ ਰਹੀ ਅਤੇ ਸੀਤ ਲਹਿਰ ਚੱਲਣ ਕਾਰਨ ਠੰਡ ਦਾ ਜ਼ੋਰ ਪੂਰੀ ਤਰ੍ਹਾਂ ਜਾਰੀ ਰਿਹਾ। ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ ਬਜਾਰਾਂ ਅਤੇ ਸੜਕਾਂ ’ਤੇ ਥੋੜੀ ਜਿਹੀ ਹਲਚਲ ਦੇਖਣ ਨੂੰ ਮਿਲੀ ਪਰ ਚਾਰ ਵਜੇ ਤੋਂ ਬਾਅਦ ਫਿਰ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਅਤੇ ਸ਼ਾਮ 6 ਵਜੇ ਤੱਕ ਸੰਘਣੀ ਧੁੰਦ ਦੀ ਚਾਦਰ ਵਿਛ ਗਈ, ਜਿਸ ਕਾਰਨ ਜਨਜੀਵਨ ਠੱਪ ਹੋ ਕੇ ਰਹਿ ਗਿਆ, ਧੁੰਦ ਇੰਨੀ ਜ਼ਿਆਦਾ ਸੀ ਕਿ ਵਾਹਨ ਚਾਲਕਾਂ ਨੂੰ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਸੜਕਾਂ ’ਤੇ ਚੱਲਣ ਲਈ ਮਜ਼ਬੂਰ ਹੋਣਾ ਪਿਆ। ਇਸ ਪੈ ਰਹੀ ਸੰਘਣੀ ਧੁੰਦ ਅਤੇ ਸੀਤ ਲਹਿਰ ਚੱਲਣ ਕਾਰਨ ਸਵੇਰ ਸਮੇਂ ਘਰਾਂ ਤੋਂ ਬਾਹਰ ਨਿਕਲਣ ਵਾਲੇ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -ਗੱਡੀਆਂ ਲਾਈਟਾਂ ਨਾਲ ਘੁੰਮਦੀਆਂ ਦਿਖਾਈ ਦਿੱਤੀਆਂ ਸੂਰਜ ਨਾ ਚਮਕਣ ਕਾਰਨ ਤੇ ਪੈ ਰਹੀ ਠੰਡ ਕਾਰਨ ਲੋਕ ਠਰੂ ਠਰੂ ਕਰਦੇ ਦੇਖੇ ਗਏ। ਵਾਹਨ ਚਾਲਕਾਂ ਨੂੰ ਵਾਹਨ ਚਲਾਉਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ । ਸੜਕਾਂ ’ਤੇ ਭੀੜ ਵੀ ਘੱਟ ਸੀ । ਠੰਢੀ ਹਵਾ ਕਾਰਨ ਵਪਾਰੀ ਆਪਣੀਆਂ ਦੁਕਾਨਾਂ ਜਲਦੀ ਬੰਦ ਕਰਕੇ ਘਰਾਂ ਨੂੰ ਚਲੇ ਗਏ। ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ ਵਿਚ ਤਾਪਮਾਨ ਹੋਰ ਹੇਠਾਂ ਜਾਣ ਦੀ ਸੰਭਾਵਨਾ ਹੈ, ਅਜਿਹੇ ’ਚ ਲੋਕਾਂ ਨੇ ਆਪਣੇ ਘਰਾਂ ’ਚ ਰਹਿਣਾ ਹੀ ਬੇਹਤਰ ਸਮਝਿਆ। -ਠੰਡ ਤੋਂ ਬਚਣ ਦੀ ਕੋਸ਼ਿਸ਼ ਕਰੋ ਇਸ ਪੈ ਰਹੀ ਸੰਘਣੀ ਧੁੰਦ ਤੇ ਸੀਤ ਲਹਿਰ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਕਾਫੀ ਵੱਧ ਗਈਆਂ ਹਨ, ਲੋਕਾਂ ਨੂੰ ਠੰਡ ਤੋਂ ਬਚਣ ਲਈ ਅੱਗ ਦਾ ਸਹਾਰਾ ਲੈਣਾ ਪਿਆ । ਦੁਕਾਨਦਾਰ ਅਤੇ ਹੋਰ ਲੋਕ ਅੱਗ ਸੇਕਦੇ ਦੇਖੇ ਗਏ । ਸਥਾਨਕ ਦੁਕਾਨਦਾਰ ਅੱਗ ਬਾਲ ਕੇ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ । ਦੁਕਾਨਦਾਰਾਂ ਦਾ ਕਹਿਣਾ ਹੈ ਕਿ ਠੰਡ ਬਹੁਤ ਹੈ ਅਜਿਹੇ ’ਚ ਗ੍ਰਾਹਕ ਵੀ ਘਰ ਤੋਂ ਬਾਹਰ ਨਹੀਂ ਨਿਕਲਦੇ, ਜਿਸ ਕਾਰਨ ਬਜਾਰ ਦਾ ਕਾਰੋਬਾਰ ਵੀ ਕਾਫੀ ਠੰਡਾ ਹੈ। ਇਸ ਲਈ ਉਹ ਕੁਝ ਸਮੇਂ ਲਈ ਅੱਗ ਨਾਲ ਹੱਥ ਗਰਮ ਕਰਦੇ ਹਨ ਅਤੇ ਫਿਰ ਕੰਮ ਕਰਦੇ ਹਨ।