ਠੰਢ ਤੇ ਧੁੰਦ ਦੀ ਮਾਰ ਨੇ ਮੱਠੀ ਕੀਤੀ ਜੀਵਨ ਦੀ ਰਫਤਾਰ
ਠੰਡ ਤੇ ਧੁੰਦ ਦੀ ਮਾਰ ਨੇ ਮੱਠੀ ਕੀਤੀ ਜਨਜੀਵਨ ਦੀ ਰਫਤਾਰ
Publish Date: Tue, 13 Jan 2026 09:50 PM (IST)
Updated Date: Tue, 13 Jan 2026 09:51 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜਿਵੇਂ-ਜਿਵੇਂ ਦਿਨ ਬੀਤ ਰਹੇ ਹਨ, ਉਵੇਂ-ਉਵੇਂ ਆਏ ਦਿਨ ਠੰਡ ’ਚ ਵਾਧਾ ਹੋ ਰਿਹਾ ਹੈ। ਸਵੇਰ ਤੇ ਸ਼ਾਮ ਨੂੰ ਪੈਣ ਵਾਲੀ ਕੜਾਕੇ ਦੀ ਠੰਢ ਤੇ ਧੁੰਦ ਨੇ ਜਨਜੀਵਨ ਦੀ ਰਫਤਾਰ ਨੂੰ ਮੱਠਾ ਕਰ ਦਿੱਤਾ ਹੈ। ਸਵੇਰ ਤੇ ਸ਼ਾਮ ਸਮੇਂ ਕਾਫੀ ਧੁੰਦ ਹੋਣ ਕਾਰਨ ਸੜਕਾਂ ’ਤੇ ਵਾਹਨ ਰੇਂਗਦੇ ਹੋਏ ਪੀਲੀਆਂ ਲਾਈਟਾਂ ਜਗਾ ਕੇ ਆਪਣੀ ਮੰਜ਼ਿਲ ਵੱਲ ਵਧਦੇ ਦੇਖੇ ਜਾ ਸਕਦੇ ਹਨ। ਧੁੰਦ ਦਾ ਕਹਿਰ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਪਰ ਕਈ ਵਾਰ ਪਿੰਡਾਂ, ਜੰਗਲੀ ਖੇਤਰਾਂ ਤੇ ਦਰਿਆਈ ਇਲਾਕਿਆਂ ’ਚ ਧੁੰਦ ਦਾ ਕਹਿਰ ਬਹੁਤ ਜ਼ਿਆਦਾ ਹੁੰਦਾ ਹੈ ਤੇ ਸ਼ਹਿਰ ’ਚ ਕੁਝ ਘੱਟ ਨਜ਼ਰ ਆਉਂਦਾ ਹੈ। ਮੰਗਲਵਾਰ ਨੂੰ ਕਈ ਪਿੰਡਾਂ ’ਚ ਇੰਨੀ ਧੁੰਦ ਸੀ ਕਿ ਵਿਜ਼ੀਬਿਲਟੀ ਜ਼ੀਰੋ ਦੇ ਬਰਾਬਰ ਮਾਪੀ ਗਈ ਜਦਕਿ ਸ਼ਹਿਰ ’ਚ ਵਿਜ਼ੀਬਿਲਟੀ 15 ਮੀਟਰ ਦੇ ਆਸ-ਪਾਸ ਰਹੀ। ਵਾਹਨ ਚਾਲਕਾਂ ਦੀ ਮੰਨੀਏ ਤਾਂ ਧੁੰਦ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਹਨ। ਧੁੰਦ ਦੇ ਨਾਲ-ਨਾਲ ਤ੍ਰੇਲ ਹਲਕੀ ਬੂੰਦਾਬਾਂਦੀ ਵਾਂਗ ਡਿੱਗ ਰਹੀ ਹੈ। ਗੱਡੀ ਦੇ ਵਾਈਪਰ ਚਲਾਉਣੇ ਪੈਂਦੇ ਹਨ ਤੇ ਸੜਕਾਂ ’ਤੇ ਇੰਨੀ ਸਲਾਬ ਹੋ ਜਾਂਦੀ ਹੈ ਕਿ ਹਲਕੀ ਬਾਰਿਸ਼ ਦਾ ਅਹਿਸਾਸ ਹੁੰਦਾ ਹੋਵੇ। ਮੌਸਮ ਵਿਭਾਗ ਅਨੁਸਾਰ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। --ਠੰਢ ਤੋਂ ਬਚਣ ਲਈ ਲੋਕ ਲੈ ਰਹੇ ਹਨ ਹੀਟਰ ਤੇ ਅੱਗ ਦਾ ਸਹਾਰਾ ਸਵੇਰੇ ਤੇ ਸ਼ਾਮ ਨੂੰ ਪੈਣ ਵਾਲੀ ਠੰਢ ਤੇ ਧੁੰਦ ਕਾਰਨ ਜਿਥੇ ਬਾਜ਼ਾਰ ’ਚ ਸਵੇਰੇ 11 ਵਜੇ ਤੋਂ ਪਹਿਲਾਂ ਗ੍ਰਾਹਕ ਨਹੀਂ ਪਹੁੰਚ ਪਾਉਂਦੇ, ਜਿਸ ਕਾਰਨ ਦੁਕਾਨਦਾਰ ਵੀ ਆਪਣੀਆਂ ਦੁਕਾਨਾਂ ਖੋਲ੍ਹ ਕੇ ਗ੍ਰਾਹਕਾਂ ਦੀ ਉਡੀਕ ’ਚ ਬੈਠੇ ਰਹਿੰਦੇ ਹਨ। ਠੰਢ ਦੇ ਮੌਸਮ ’ਚ ਸਵੇਰ ਸਮੇਂ ਦੁਕਾਨਦਾਰ ਹੀਟਰ ਲਗਾ ਕੇ ਤੇ ਅੱਗ ਬਾਲ ਕੇ ਹੱਥ ਸੇਕਦੇ ਨਜ਼ਰ ਆਉਂਦੇ ਹਨ। ਖਾਸਕਰ ਸੜਕਾਂ ਕਿਨਾਰੇ ਰਹਿਣ ਵਾਲੇ ਝੁੱਗੀ-ਝੌਂਪੜੀ ਵਾਲੇ ਲੋਕ, ਕਾਲੋਨੀਆਂ ਦੇ ਗੇਟ ’ਤੇ ਡਿਊਟੀ ਦਿੰਦੇ ਚੌਂਕੀਦਾਰ, ਸਵੇਰ ਵੇਲੇ ਕੰਸਟਰਕਸ਼ਨ ਦਾ ਕੰਮ ਕਰਨ ਵਾਲੇ ਮਜ਼ਦੂਰ ਅੱਗ ਬਾਲ ਕੇ ਠੰਡ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ’ਚ ਅੱਗ ਦੇ ਸਹਾਰੇ ਬੈਠੇ ਰਹਿੰਦੇ ਹਨ। --ਗਰਮ ਕੱਪੜਿਆਂ ਦੀਆਂ ਦੁਕਾਨਾਂ ’ਤੇ ਦਿਖਾਈ ਦੇਣ ਲੱਗੀ ਭੀੜ ਸਰਦੀ ਵਧਣ ਕਾਰਨ ਕੱਪੜਿਆ ਦਾ ਵਪਾਰ ਵੀ ਗਰਮ ਹੋ ਗਿਆ ਹੈ। ਠੰਢ ਤੋਂ ਬਚਣ ਲਈ ਲੋਕ ਗਰਮ ਕੱਪੜਿਆਂ ਦੀ ਖਰੀਦਦਾਰੀ ਕਰਨ ਲੱਗੇ ਹਨ। ਅਜਿਹੇ ’ਚ ਕੁਝ ਦਿਨਾਂ ਤੋਂ ਮੰਦੀ ਦੇ ਦੌਰ ’ਚੋਂ ਲੰਘ ਰਹੇ ਦੁਕਾਨਦਾਰਾਂ ਨੂੰ ਸਰਦੀ ਦਾ ਸੀਜ਼ਨ ਸ਼ੁਰੂ ਹੋਣ ਨਾਲ ਕੁਝ ਰਾਹਤ ਮਿਲੀ ਹੈ। ਉਥੇ ਮੱਧ ਵਰਗ ਦੇ ਲੋਕ ਹਫਤੇ ’ਚ ਇਕ ਦਿਨ ਐਤਵਾਰ ਨੂੰ ਲੱਗਣ ਵਾਲੀ ਗਰਮ ਕੱਪੜਿਆਂ ਦੀ ਸੇਲ ਦਾ ਵੀ ਕਾਫੀ ਲੁਤਫ ਉਠਾ ਰਹੇ ਹਨ। --ਇਲੈਕਟ੍ਰਾਨਿਕ ਸਾਮਾਨ ਵੇਚਣ ਵਾਲਿਆਂ ’ਚ ਖੁਸ਼ੀ ਇਸ ਵਾਰ ਸਰਦੀ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਪੈਣ ਕਾਰਨ ਲੋਕ ਹੀਟਰ, ਬਲੋਅਰ ਤੇ ਗੀਜ਼ਰ ਦੀ ਖਰੀਦਦਾਰੀ ਵੱਡੇ ਪੱਧਰ ’ਤੇ ਕਰ ਰਹੇ ਹਨ, ਜਿਸ ਨਾਲ ਇਲੈਕਟਰਾਨਿਕ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ’ਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਉਨ੍ਹਾਂ ਦੇ ਸਾਮਾਨ ਦੀ ਵਿਕਰੀ ਪਹਿਲਾਂ ਨਾਲੋਂ ਵੱਧ ਹੋ ਰਹੀ ਹੈ, ਜਿਸ ਨਾਲ ਉਹ ਚੰਗਾ ਮੁਨਾਫਾ ਕਮਾ ਰਹੇ ਹਨ। --ਧੁੰਦ ’ਚ ਵਾਹਨ ਚਾਲਕਾਂ ਲਈ ਸੁਝਾਅ ਟ੍ਰੈਫਿਕ ਪੁਲਿਸ ਕਪੂਰਥਲਾ ਵੱਲੋਂ ਟ੍ਰੈਫਿਕ ਇੰਚਾਰਜ ਇੰਸਪੈਕਟਰ ਦਰਸ਼ਨ ਸਿੰਘ ਨੇ ਧੁੰਦ ਦੇ ਮੌਸਮ ਵਿਚ ਵਾਹਨ ਚਾਲਕਾਂ ਨੂੰ ਸੁਝਾਅ ਦਿੱਤੇ ਹਨ। -ਆਪਣਾ ਵਾਹਨ ਘੱਟ ਗਤੀ ਵਿਚ ਚਲਾਓ -ਦੂਜੇ ਵਾਹਨਾਂ ਤੋਂ ਦੂਰੀ ਬਣਾ ਕੇ ਰੱਖੋ -ਲੋਅ ਬੀਮ ਹੈੱਡਲਾਈਟਸ ਦੀ ਵਰਤੋਂ ਕਰੋ -ਫੋਗ ਲਾਈਟ ਦੀ ਵਰਤੋਂ ਕਰੋ -ਵਿੰਡਸ਼ੀਲਡ ਵਾਈਪਰ ਤੇ ਡੀਫਰੇਸਟਰ ਦੀ ਵਰਤੋਂ ਕਰੋ -ਮਾਰਗਦਰਸ਼ਕ ਦੇ ਰੂਪ ’ਚ ਸੜਕ ਕਿਨਾਰੇ ਰਿਫਲੈਕਟਰ ਦੀ ਵਰਤੋਂ ਕਰੋ -ਆਪਣੀ ਵਿੰਡਸ਼ੀਲਡ ਤੇ ਖਿੜਕੀਆਂ ਨੂੰ ਸਾਫ ਰੱਖੋ -ਓਵਰਟੇਕ ਨਾ ਕਰੋ -ਕੋਹਰੇ ’ਚ ਗੱਡੀ ਪਾਰਕ ਨਾ ਕਰੋ