ਪੰਚਾਇਤ ਘਰ ਟਿੱਬਾ ’ਚ ਸੀਐੱਮ ਯੋਗਸ਼ਾਲਾ ਦੇ ਰਹੀ ਬਿਹਤਰ ਸੇਵਾਵਾਂ
ਪੰਚਾਇਤ ਘਰ ਟਿੱਬਾ ਵਿਖੇ ਸੀਐਮ ਯੋਗਸ਼ਾਲਾ ਬਿਹਤਰ ਸੇਵਾਵਾਂ ਦੇ ਰਿਹਾ
Publish Date: Tue, 03 Feb 2026 10:40 PM (IST)
Updated Date: Tue, 03 Feb 2026 10:44 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵੱਲੋਂ ਯੋਗਾ ਨੂੰ ਪ੍ਰਫੁੱਲਿਤ ਕਰਨ ਲਈ ਚਲਾਈ ਜਾ ਰਹੀ ਸੀਐੱਮ ਦੀ ਯੋਗਸ਼ਾਲਾ ਤਹਿਤ ਪਿੰਡ ਟਿੱਬਾ ਦੇ ਪੰਚਾਇਤ ਘਰ ਵਿਖੇ ਚਲਾਈ ਜਾ ਰਹੀ ਯੋਗਸ਼ਾਲਾ ਦਾ ਨਿਰੀਖਣ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਕੀਤਾ। ਇਸ ਸਬੰਧੀ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਪਿੰਡ ਟਿੱਬਾ ਵਿਖੇ ਚਲਾਈ ਜਾ ਰਹੀ ਸੀਐੱਮ ਯੋਗਸ਼ਾਲਾ ਇਲਾਕੇ ਦੇ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਨ ਤੇ ਸਰੀਰ ਵਿਚ ਸਹੀ ਸੰਤੁਲਨ ਬਣਾਈ ਰੱਖਣ ਵਿਚ ਯੋਗ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਯੋਗ ਜਿਥੇ ਮਨ ਤੇ ਸਰੀਰ ਤੰਦਰੁਸਤ ਰੱਖਦਾ ਹੈ, ਉਥੇ ਹੀ ਜੀਵਨ ਵਿਚ ਅਨੁਸ਼ਾਸਨ ਵੀ ਬਣਾਈ ਰੱਖਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੋਗਾ ਨੂੰ ਪਿੰਡ-ਪਿੰਡ, ਸ਼ਹਿਰ-ਸ਼ਹਿਰ ਪ੍ਰਫੁੱਲਤ ਕਰਨ ਲਈ ਯੋਗਸ਼ਾਲਾ ਚਲਾਈਆਂ ਜਾ ਰਹੀਆਂ ਹਨ, ਜਿਸ ਦਾ ਲੋਕਾਂ ਵੱਲੋਂ ਵੱਡੀ ਪੱਧਰ ’ਤੇ ਫਾਇਦਾ ਲਿਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਯੋਗਾ ਟਰੇਨਰ ਹਰਪ੍ਰੀਤ ਕੌਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਸ ਵੱਲੋਂ ਬੜੀ ਮਿਹਨਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੋਗਸ਼ਾਲਾ ਸਬੰਧੀ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਯੋਗਾ ਟਰੇਨਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਯੋਗਸ਼ਾਲਾ ਵਿਚ ਲੋਕਾਂ ਨੂੰ ਤੰਦਰੁਸਤ ਤੇ ਅਨੁਸ਼ਾਸਿਤ ਰਹਿਣ ਦਾ ਸੰਦੇਸ਼ ਦਿੱਤਾ ਜਾਂਦਾ ਹੈ ਤੇ ਇਸੇ ਤਰ੍ਹਾਂ ਇਲਾਕੇ ਦੇ ਲੋਕਾਂ ਵੱਲੋਂ ਆਪਣੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਯੋਗਾ ਨੂੰ ਅਪਣਾਇਆ ਜਾ ਰਿਹਾ ਹੈ।